
ਸਜ਼ਾ ਪੂਰੀ ਹੋਣ ਉਪਰੰਤ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਅਰਦਾਸ
ਅਕਾਲੀ ਦਲ ਦੇ ਬਾਗ਼ੀ ਧੜੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਗਈ ਸਜ਼ਾ ਅੱਜ ਪੂਰੀ ਹੋ ਗਈ। ਜਿਸ ਤੋਂ ਬਾਅਦ ਸਮੁੱਚਾ ਬਾਗ਼ੀ ਧੜਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਇਆ। ਇਸ ਤੋਂ ਬਾਅਦ ਉਨ੍ਹਾਂ ਵੱਲੋਂ 11000 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਵੀ ਕਰਵਾਈ ਗਈ। ਜਦੋਂ ਕਿ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਦਮਦਮਾ ਸਾਹਿਬ ਵਿਖੇ ਆਪਣੇ ਗੁਨਾਹਾਂ ਦੀ ਸਜ਼ਾ ਭੁਗਤ ਰਹੇ ਹਨ।
ਅੱਜ ਸੁਖਬੀਰ ਬਾਦਲ ਹੱਥ ਵਿੱਚ ਬਰਛਾ ਅਤੇ ਗਲ ਵਿੱਚ ਤਖ਼ਤੀ ਪਾ ਕੇ ਸੇਵਾਦਾਰ ਦੇ ਰੂਪ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਆਪਣੀ ਸਜ਼ਾ ਭੁਗਤ ਰਹੇ ਹਨ। ਅੱਜ ਉਨ੍ਹਾਂ ਦੀ ਸਜ਼ਾ ਦਾ ਸੱਤਵਾਂ ਦਿਨ ਹੈ। ਸੁਖਬੀਰ ਬਾਦਲ 10 ਦਸੰਬਰ ਤੱਕ ਦਮਦਮਾ ਸਾਹਿਬ ਵਿਖੇ ਸੇਵਾ ਕਰਨਗੇ। ਇਸ ਤੋਂ ਬਾਅਦ ਉਹ ਸ੍ਰੀ ਮੁਕਤਸਰ ਸਾਹਿਬ ਜਾ ਕੇ 12 ਦਸੰਬਰ ਤੱਕ ਉੱਥੇ ਆਪਣੀ ਸਜ਼ਾ ਪੂਰੀ ਕਰਨਗੇ।
ਪ੍ਰੇਮ ਸਿੰਘ ਚੰਦੂਮਾਜਰਾ ਅਤੇ ਦਾਗ਼ੀ ਧੜੇ ਦੇ ਹੋਰ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਪੁੱਜੇ। ਜਿੱਥੇ ਉਨ੍ਹਾਂ ਨੇ ਆਪਣੀ ਸਜ਼ਾ ਪੂਰੀ ਹੋਣ ਦੀ ਜਾਣਕਾਰੀ ਦਿੱਤੀ। ਬਾਹਰ ਆਉਂਦਿਆਂ ਚੰਦੂਮਾਜਰਾ ਨੇ ਕਿਹਾ ਕਿ ਸਜ਼ਾ ਦੇਣ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਈ ਹੁਕਮ ਦਿੱਤੇ ਸਨ, ਜਿਨ੍ਹਾਂ ਦੀ ਹੁਣ ਪਾਲਣਾ ਹੋਣੀ ਚਾਹੀਦੀ ਹੈ।