
'ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਮਸਲੇ ਦੀ ਪੜਤਾਲ ਲਈ ਨਿਰਪੱਖ ਸਿੱਖ ਵਿਦਵਾਨਾਂ ਦੀ ਕਮੇਟੀ ਹੋਵੇ ਕਾਇਮ'
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਦੋਸ਼ ਲਾਇਆ ਹੈ ਕਿ ਕਰੋੜਾਂ ਦੀ ਗੁਰਦਵਾਰਾ ਗੋਲਕ ਦੀ ਦੁਰਵਰਤੋਂ ਦੇ ਮਾਮਲੇ ਵਿਚ ਇਕੱਲੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਹੀ ਦੋਸ਼ੀ ਨਹੀਂ, ਬਲਕਿ ਇਸ ਵਿਚ ਬਾਦਲ ਪਰਵਾਰ ਸਿੱਧੇ ਤੌਰ 'ਤੇ ਸ਼ਾਮਲ ਹੈ। ਇਨ੍ਹਾਂ ਗੋਲਕਾਂ ਦੇ ਪੈਸੇ ਨੂੰ ਪੰਜਾਬ ਵਿਚ ਹੋਈਆਂ ਵਿਚ ਚੋਣਾਂ ਵਿਚ ਵੀ ਖ਼ਰਚਿਆ ਹੈ। ਹੁਣ ਇਹ ਸਾਰੇ ਸੰਗਤ ਸਾਹਮਣੇ ਬੇਪਰਦ ਹੋ ਚੁਕੇ ਹਨ।
Paramjeet Singh Sarna
ਪੱਤਰਕਾਰ ਮਿਲਣੀ ਵਿਚ ਸਰਨਾ ਭਰਾਵਾਂ ਨੇ ਕਿਹਾ,“ਗੋਲਕ ਦੀ ਦੁਰਵਰਤੋਂ ਦੇ ਦੋਸ਼ ਵਿਚ ਸਿਰਫ਼ ਮਨਜੀਤ ਸਿੰਘ ਜੀ ਕੇ ਵਿਰੁਧ ਹੀ ਮੁਕੱਦਮਾ ਨਹੀਂ ਚਲਣਾ ਚਾਹੀਦਾ, ਸਗੋਂ ਉਦੋਂ ਦੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਤੇ ਹੋਰਨਾਂ ਮੁੱਖ ਪ੍ਰਬੰਧਕਾਂ ਵਿਰੁਧ ਵੀ ਚਲਣਾ ਚਾਹੀਦਾ ਹੈ। ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਬਰੀ ਨਹੀਂ ਕੀਤਾ ਜਾ ਸਕਦਾ। ਇਹ ਸੰਗਤ ਨਾਲ ਧੋਖਾ ਹੋਇਆ ਹੈ।
Harwinder Singh Sarna
ਅਸੀਂ ਪਿਛਲੇ 6 ਸਾਲ ਤੋਂ ਵਾਰ ਵਾਰ ਦੁਹਰਾਉਂਦੇ ਆ ਰਹੇ ਸੀ ਕਿ ਕਰੋੜਾਂ ਦੀ ਗੋਲਕ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਹੁਣ ਜੀ ਕੇ, ਸਿਰਸਾ ਤੇ ਸ.ਅਵਤਾਰ ਸਿੰਘ ਹਿਤ ਦੇ ਬਿਆਨਾਂ ਨਾਲ ਇਹ ਸਾਰੀ ਸਚਾਈ ਬੇਪਰਦ ਹੋ ਗਈ ਹੈ ਕਿ ਗੋਲਕ ਦੀ ਵੱਡੇ ਪੱਧਰ 'ਤੇ ਲੁੱਟ ਖੱਸੁਟ ਹੋਈ ਹੈ। ਪ੍ਰਬੰਧਕਾਂ ਨੂੰ ਸੰਗਤ ਦੀ ਕਚਹਿਰੀ ਵਿਚ ਪੂਰਾ ਹਿਸਾਬ ਦੇਣਾ ਪਵੇਗਾ।''
Sikh Reference Library
ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਮੁੱਦੇ 'ਤੇ ਸ.ਪਰਮਜੀਤ ਸਿੰਘ ਸਰਨਾ ਨੇ ਮੰਗ ਕੀਤੀ ਕਿ ਜੇ ਸ਼੍ਰੋਮਣੀ ਕਮੇਟੀ ਨੇ ਖ਼ੁਰਦ ਬੁਰਦ ਹੋਏ ਸਿੱਖ ਵਿਰਾਸਤੀ ਚੀਜ਼ਾਂ ਦੀ ਪੜਤਾਲ ਕਰਨੀ ਹੈ ਤਾਂ ਇਸ ਵਿਚ ਨਿਰਪੱਖ ਸਿੱਖ ਵਿਦਵਾਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਅਤੇ ਇਹ ਦਸਿਆ ਜਾਵੇ ਕਿ ਹੁਣ ਤਕ ਕੌਮ ਨੂੰ ਸ਼੍ਰੋਮਣੀ ਕਮੇਟੀ ਤੇ ਬਾਦਲ ਦਲ ਕਿਉਂ ਗੁਮਰਾਹ ਕਰਦਾ ਰਿਹਾ।? ਇਸ ਮੌਕੇ ਭਾਈ ਤਰਸੇਮ ਸਿੰਘ, ਦਿੱਲੀ ਕਮੇਟੀ ਮੈਂਬਰ ਸ.ਕਰਤਾਰ ਸਿੰਘ ਚਾਵਲਾ, ਸ.ਗੁਰਚਰਨ ਸਿੰਘ ਗੱਤਕਾ ਮਾਸਟਰ ਤੇ ਹੋਰ ਹਾਜ਼ਰ ਸਨ।