
2020 ਰੈਫ਼ਰੈਂਡਮ ਨੂੰ ਲੈ ਕੇ ਪੰਥ ਵਿਚ ਇਕ ਨਵੀਂ ਵੰਡ ਪੈ ਗਈ ਹੈ..............
ਤਰਨਤਾਰਨ : 2020 ਰੈਫ਼ਰੈਂਡਮ ਨੂੰ ਲੈ ਕੇ ਪੰਥ ਵਿਚ ਇਕ ਨਵੀਂ ਵੰਡ ਪੈ ਗਈ ਹੈ। ਇਸ ਬਾਰੇ ਸਿਧਾਂਤਕ ਤੌਰ 'ਤੇ ਸਵਾਲ ਚੁਕਣ ਵਾਲੀਆਂ ਧਿਰਾਂ ਨੂੰ ਹੀ 2020 ਵਾਲੀ ਧਿਰ ਨੇ ਨਿਸ਼ਾਨੇ 'ਤੇ ਲਿਆਂਦਾ ਹੈ ਜਿਸ ਤੋਂ ਬਾਅਦ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਖ਼ਾਲਿਸਤਾਨੀ ਆਪਸ ਵਿਚ ਭਿੜ ਰਹੇ ਹੋਣ। ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ 2020 ਧਿਰ ਨੂੰ ਪੁਛਿਆ ਸੀ ਕਿ ਕੀ ਤੁਸੀਂ ਸਪੱਸ਼ਟ ਕਰ ਸਕਦੇ ਹੋ ਕਿ ਪੰਜਾਬ ਵਿਚ ਰੈਫ਼ਰੈਂਡਮ ਕਿਸ ਤਰ੍ਹਾਂ ਹੋਵੇਗਾ ਅਤੇ ਇਹ ਕੌਣ ਕਰਵਾਏਗਾ?
ਰੈਫ਼ਰੈਂਡਮ ਸੰਯੁਕਤ ਰਾਸ਼ਟਰ ਦੇ ਆਦੇਸ਼ ਜਾਂ ਨਿਗਰਾਨੀ ਅਧੀਨ ਹੁੰਦੇ ਹਨ ਜਾਂ ਕਾਬਜ਼ ਦੇਸ਼ ਕਰਵਾਉਂਦਾ ਹੈ, ਪਰ ਤੁਹਾਡੇ ਪ੍ਰਸਤਾਵ ਵਿਚ ਅਜਿਹਾ ਨਹੀਂ ਹੈ। ਕੀ ਇਸ ਕਿਸਮ ਦੀ ਧਾਰਨਾ ਕਿ 2020 ਵਿਚ ਰੈਫ਼ਰੈਂਡਮ ਦੇ ਬਾਅਦ ਇਕ ਵਖਰਾ ਸਿੱਖ ਰਾਜ ਹੋਂਦ ਵਿਚ ਆ ਜਾਵੇਗਾ, ਨੂੰ ਫੈਲਾਉਣਾ ਅਪਣੇ ਲੋਕਾਂ ਨੂੰ ਧੋਖੇ ਵਿਚ ਰਖਣਾ ਹੋਵੇਗਾ? 2020 ਧਿਰ ਨੂੰ ਪੁਛਿਆ ਕਿ ਜਦੋਂ ਵੀ ਰੈਫ਼ਰੈਂਡਮ ਹੋਵੇਗਾ, ਕੀ ਉਹ ਸੰਸਾਰ ਭਰ ਵਿਚ ਫੈਲੇ ਸਿੱਖਾਂ ਲਈ ਸੀਮਤ ਹੋਵੇਗਾ ਜਾਂ ਉਸ ਵਿਚ ਸਾਰੇ ਪੰਜਾਬੀ ਹਿੱਸਾ ਲੈ ਸਕਣਗੇ? ਇਹ ਕਿਵੇਂ ਨਿਸ਼ਚਤ ਕੀਤਾ ਜਾਵੇਗਾ ਕਿ ਕੌਣ ਪ੍ਰਮਾਣਕ ਵੋਟਰ ਹੈ। ਇਹ ਫ਼ੈਸਲਾ ਕਰਨ ਦਾ ਅਧਿਕਾਰ ਕਿਸ ਕੋਲ ਹੋਵੇਗਾ ਕਿ ਕੌਣ ਸਹੀ ਵੋਟਰ ਹੈ?
ਕਿਸ ਆਧਾਰ 'ਤੇ ਫ਼ੈਸਲਾ ਕੀਤਾ ਜਾਵੇਗਾ? ਉਸ ਵਿਅਕਤੀ ਜਾਂ ਸੰਸਥਾ ਦੀ ਕੀ ਪ੍ਰਮਾਣਿਕਤਾ ਹੋਵੇਗੀ ਜੋ ਇਸ ਦਾ ਫ਼ੈਸਲਾ ਕਰੇਗਾ/ਕਰੇਗੀ? 2020 ਧਿਰ ਨੂੰ ਪੁਛਿਆ ਕਿ ਅਜਿਹੀ ਕਾਰਵਾਈ ਪੰਜਾਬ ਅਤੇ ਭਾਰਤ ਵਿਚ ਸਰਕਾਰੀ ਤਸ਼ੱਦਦ ਨੂੰ ਸੱਦਾ ਦੇਵੇਗੀ। ਕੰਵਰਪਾਲ ਸਿੰਘ ਨੇ ਕੁੱਝ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਸੀ ਕਿ 2020 ਸਹੀ ਮਾਇਨੇ ਵਿਚ ਰੈਫ਼ਰੈਂਡਮ ਨਾ ਹੋ ਕੇ ਇਕ ਸਰਵੇਖਣ ਹੈ ਜਿਸ ਰਾਹੀਂ 2020 ਧਿਰ ਜਾਣਨਾ ਚਾਹੁੰਦੀ ਹੈ ਕਿ ਕਿੰਨੇ ਸਿੱਖ ਖ਼ਾਲਿਸਤਾਨ ਦੇ ਹਮਾਇਤੀ ਹਨ। ਇਸ ਤੋਂ ਛਿੱਥੇ ਪੈ ਕੇ 2020 ਧਿਰ ਨੇ ਦੋਸ਼ ਲਗਾਇਆ ਕਿ ਕੰਵਰਪਾਲ ਸਿੰਘ ਉਹ ਬੋਲੀ ਬੋਲ ਰਿਹਾ ਹੈ ਜੋ ਭਾਰਤ ਸਰਕਾਰ ਦੇ ਹੱਕ ਵਿਚ ਜਾਂਦੀ ਹੈ
ਕਿਉਂਕਿ ਭਾਰਤ ਸਰਕਾਰ ਵੀ 2020 ਦਾ ਵਿਰੋਧ ਕਰ ਰਹੀ ਹੈ। ਕੰਵਰਪਾਲ ਸਿੰਘ ਨੇ ਕਿਹਾ ਕਿ 2020 ਧਿਰ ਦੀ ਬੁਖਲਾਹਟ ਦਸਦੀ ਹੈ ਕਿ ਇਨ੍ਹਾਂ ਦੇ ਗੁਬਾਰੇ ਦੀ ਹਵਾ ਨਿਕਲ ਚੁਕੀ ਹੈ। ਲੋਕ 2020 ਧਿਰ ਦੇ ਪ੍ਰਸਤਾਵ ਨੂੰ ਸਮਝ ਚੁਕੇ ਹਨ ਤੇ ਇਨ੍ਹਾਂ ਕੋਲੋਂ ਸਵਾਲ ਪੁੱਛਦੇ ਹਨ ਜਿਸ ਦਾ ਇਨ੍ਹਾਂ ਕੋਲ ਕੋਈ ਜਵਾਬ ਨਹੀਂ ਹੈ। ਇਸ ਤੋਂ ਚਿੰਤਤ ਹੋ ਕੇ ਜਲਾਵਤਨ ਸਿੱਖ ਆਗੂ ਤੇ ਦਲ ਖ਼ਾਲਸਾ ਦੇ ਮੋਢੀ ਆਗੂ ਗਜਿੰਦਰ ਸਿੰਘ ਨੇ ਵੀ ਅਪਣਾ ਪ੍ਰਤੀਕਰਮ ਜਾਰੀ ਕੀਤਾ।
ਗਜਿੰਦਰ ਸਿੰਘ ਨੇ ਕਿਹਾ ਕਿ ਦਲ ਖ਼ਾਲਸਾ ਮੇਰਾ ਪਰਵਾਰ ਹੈ, ਮੈਂ ਇਹ ਗੱਲ ਪਹਿਲਾਂ ਵੀ ਕਈ ਵਾਰੀ ਲਿਖੀ ਹੈ ਤੇ ਅੱਜ ਫਿਰ ਦੁਹਰਾ ਰਿਹਾ ਹਾਂ । ਕੰਵਰਪਾਲ ਸਿੰਘ ਜਾਂ ਦਲ ਖ਼ਾਲਸਾ ਦੇ ਕਿਸੇ ਵੀ ਸਾਥੀ ਉਤੇ ਇਸ ਤਰ੍ਹਾਂ ਦੇ ਦੋਸ਼ ਲਾਉਣੇ ਤੇ ਧਮਕੀਆਂ ਦੇਣੀਆਂ ਮੈਨੂੰ ਤੇ ਸਾਰੇ ਦਲ ਖ਼ਾਲਸਾ ਨੂੰ ਦੇਣ ਵਾਲੀ ਗੱਲ ਹੈ।