Panthak News: ਸ਼੍ਰੋਮਣੀ ਕਮੇਟੀ ਮੈਂਬਰ ਬੋਲੇ, ਧਾਮੀ ਨੇ ਭੂੰਦੜ ਦੀ ਮੁਲਾਕਾਤ ਗਿਆਨੀ ਹਰਪ੍ਰੀਤ ਸਿੰਘ ਨਾਲ ਕਰਵਾਈ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਭਾਈ ਮਨਜੀਤ ਸਿੰਘ, ਬੀਬੀ ਪਰਮਜੀਤ ਕੌਰ ਲਾਡਰਾਂ, ਮਹਿੰਦਰ ਸਿੰਘ ਹੁਸੈਨਪੁੱਰ, ਮਾਸਟਰ ਮਿੱਠੂ ਸਿੰਘ ਕਾਹਨੇਕੇ ਅਤੇ ਮਲਕੀਤ ਸਿੰਘ ਚੰਗਾਲ ਨੇ ਸਾਂਝੇ ਰੂਪ ਵਿਚ ਮੀਡੀਆ ਨੂੰ ਜਾਰੀ ਬਿਆਨ ਵਿਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਤੁਰਤ ਪ੍ਰਭਾਵ ਨਾਲ ਲਾਂਭੇ ਕਰਨ ਦੀ ਮੰਗ ਚੁੱਕੀ ਹੈ।
ਇਥੇ ਜਾਰੀ ਬਿਆਨ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਮੀਡੀਆ ਨਸ਼ਰ ਹੋਈ ਜਾਣਕਾਰੀ ਮੁਤਾਬਕ, ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਹੁਰਾਂ ਦੀ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਨਾਲ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਮੁਲਾਕਾਤ ਹੋਈ ਹੈ। ਇਸ ਮੁਲਾਕਾਤ ਨੂੰ ਕਰਵਾਉਣ ਲਈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵਿਚੋਲਗੀ ਦੀ ਭੂਮਿਕਾ ਨਿਭਾਈ ਤੇ ਖ਼ਾਸ ਤੌਰ ਤੇ ਜਥੇਦਾਰ ਸਾਹਿਬ ਨੂੰ ਪਟਿਆਲਾ ਤੋਂ ਸ੍ਰੀ ਫ਼ਤਿਹਗੜ ਸਾਹਿਬ ਗੈਸਟ ਹਾਊਸ ਲਿਆਂਦਾ ਗਏ ਸਨ। ਜਥੇਦਾਰ ਸਾਹਿਬ ਨੂੰ ਇਸ ਤਰ੍ਹਾਂ ਬੁਲਾਉਣ ਨੂੰ ਵੀ ਮੁੱਖ ਮੰਤਰੀ ਦੀ ਕੋਠੀ ਦੀ ਤਰ੍ਹਾਂ ਤਲਬ ਕਰਨਾ ਹੀ ਕਿਹਾ ਜਾ ਸਕਦਾ ਹੈ। ਫਿਰ ਦੁਬਾਰਾ ਐਡਵੋਕੇਟ ਧਾਮੀ ਨੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬਲਵਿੰਦਰ ਸਿੰਘ ਭੂੰਦੜ ਦੀ ਮੁਲਾਕਾਤ ਕਰਵਾਈ।
ਇਨ੍ਹਾਂ ਮੁਲਾਕਾਤਾਂ ਪਿੱਛੇ ਮੁਫ਼ਾਦ ਕੀ ਹਨ? ਇਹ ਸੱਭ ਨੂੰ ਪਤਾ ਹੈ ਜਿਸ ਕਰ ਕੇ ਸਿੱਖ ਸੰਗਤ ਵਿਚ ਠੀਕ ਉਸੇ ਤਰ੍ਹਾਂ ਦਾ ਰੋਸ ਅਤੇ ਗੁੱਸਾ ਵੱਧ ਰਿਹਾ ਹੈ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਸੱਤਾ ਵਿਚ ਹੁੰਦਿਆਂ ਸਿੰਘ ਸਾਹਿਬਾਨਾਂ ਨੂੰ ਮੁੱਖ ਮੰਤਰੀ ਰਿਹਾਇਸ਼ ’ਤੇ ਤਲਬ ਕਰ ਕੇ ਬਲਾਤਕਾਰੀ ਸਾਧ ਨੂੰ ਮੁਆਫ਼ੀ ਦੇਣ ਦਾ ਦਬਾਅ ਬਣਾਇਆ ਗਿਆ ਸੀ।
ਮੈਂਬਰਾਂ ਨੇ ਅੰਤ੍ਰਿੰਗ ਕਮੇਟੀ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸਿੱਖ ਭਾਵਨਾ ਨਾਲ ਖੇਡਣ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਅਗਲੇ 72 ਘੰਟੇ ਵਿਚ ਤਤਕਾਲ ਮੀਟਿੰਗ ਬੁਲਾ ਕੇ ਲਾਂਭੇ ਕੀਤਾ ਜਾਵੇ। ਇਸ ਨਾਲ ਐਸਜੀਪੀਸੀ ਮੈਂਬਰਾਂ ਨੇ ਐਸਜੀਪੀਸੀ ਪ੍ਰਧਾਨ ਦੀ ਭੂਮਿਕਾ ਨੂੰ ਕੌਮ ਅਤੇ ਪੰਥ ਵਿਚ ਨਾ ਮੁਆਫ਼ੀਯੋਗ ਕਰਾਰ ਦਿੰਦਿਆਂ ਕਿਹਾ ਕਿ ਧਾਮੀ ਸਾਹਿਬ ਅਪਣੇ ਪ੍ਰਧਾਨ ਬਣਾਉਣ ਵਿਚ ਸੁਖਬੀਰ ਸਿੰਘ ਬਾਦਲ ਦੇ ਮਾਇਆਧਾਰੀ ਅਹਿਸਾਨ ਦਾ ਮੁੱਲ ਚੁਕਾ ਰਹੇ ਹਨ। ਇਸ ਨਾਲ ਹੀ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਵੀ ਬੇਨਤੀ ਕੀਤੀ ਕਿ ਉਹ ਠੀਕ ਉਸੇ ਤਰ੍ਹਾਂ ਦੀ ਭੂਮਿਕਾ ਨਿਭਾਉਣ ਤੋਂ ਗੁਰੇਜ਼ ਕਰਨ ਜਿਹੜੀ ਭੂਮਿਕਾ ਕਿਸੇ ਸਮੇਂ ਬਲਾਤਕਾਰੀ ਸਾਧ ਨੂੰ ਮੁਆਫ਼ੀ ਦਿਵਾਉਣ ਵਿਚ ਡਾਕਟਰ ਦਲਜੀਤ ਚੀਮਾ ਨੇ ਨਿਭਾਅ ਚੁੱਕੇ ਹਨ।
ਇਸ ਨਾਲ ਹੀ ਸ਼੍ਰੋਮਣੀ ਮੈਂਬਰਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਕੌਮ ਦੀ ਸਿਰਮੌਰ ਜਥੇਬੰਦੀ ਦੇ ਪ੍ਰਧਾਨ ਦੇ ਮਾੜੀ ਅਤੇ ਅਤਿ ਨਿੰਦਣਯੋਗ ਭੂਮਿਕਾ ਵਿਰੁਧ ਇੱਕਠੇ ਹੋਣ ਅਤੇ ਜੇਕਰ ਅੰਤ੍ਰਿੰਗ ਕਮੇਟੀ ਅਗਲੇ 72 ਘੰਟਿਆਂ ਵਿਚ ਤਤਕਾਲ ਮੀਟਿੰਗ ਬੁਲਾ ਕੇ ਐਕਸ਼ਨ ਨਹੀਂ ਲੈਂਦੀ ਤਾਂ ਪੰਜਾਬ ਦੇ ਸਮੁੱਚੇ ਪਿੰਡਾਂ ਤੇ ਸ਼ਹਿਰਾਂ ਦੇ ਗੁਰੂ ਘਰਾਂ ਦੇ ਪ੍ਰਧਾਨ ਸਾਹਿਬਾਨ ਅਤੇ ਮੈਂਬਰ ਸਾਹਿਬਾਨ ਰਾਹੀਂ ਨਿੰਦਾ ਪ੍ਰਸਤਾਵ ਪਾਸ ਕਰਦੇ ਹੋਏ ਤਨਖ਼ਾਹੀਆ ਪ੍ਰਧਾਨ ਨੂੰ ਬਚਾਉਣ ਵਾਲੇ ਸ਼੍ਰੋਮਣੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਪੁਰਜ਼ੋਰ ਵਿਰੋਧ ਕਰਨ ਅਤੇ ਸਮੂਹ ਅੰਤ੍ਰਿੰਗ ਕਮੇਟੀ ਸਮੇਤ ਉਨ੍ਹਾਂ ਨੂੰ ਪੰਥ ਵਿਚੋਂ ਛੇਕਣ ਦੀ ਮੰਗ ਉਠਾਉਣ।
ਐਡਵੋਕੇਟ ਧਾਮੀ ਸੁਖਬੀਰ ਦਾ ਬਚਾਅ ਕਰਨ ਦੀ ਥਾਂ ਜਥੇਦਾਰ ਸਾਹਿਬਾਨ ਲਈ ਢਾਲ ਬਣਨ: ਵਡਾਲਾ
ਬਾਗ਼ੀ ਅਕਾਲੀ ਧੜੇ ਨਾਲ ਸਬੰਧਤ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਫ਼ਤਿਹਗੜ੍ਹ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਬਲਵਿੰਦਰ ਸਿੰਘ ਭੂੰਦੜ ਦੀ ਮੀਟਿੰਗ ਕਰਵਾ ਕਿ ਇਕ ਪਾਸੇ ਪ੍ਰਧਾਨ ਐਸਜੀਪੀਸੀ ਅਪਣੇ ਰੁਤਬੇ ਦੀ ਦੁਰਵਰਤੋਂ ਕਰ ਕੇ ਜਥੇਦਾਰ ’ਤੇ ਦਬਾਅ ਪਾ ਰਹੇ ਹਨ ਤੇ ਦੂਸਰੇ ਪਾਸੇ ਕੁੱਝ ਅਕਾਲੀ ਦਲ ਦੇ ਲੀਡਰ ਜਥੇਦਾਰ ਦੀ ਕਿਰਦਾਰਕੁਸ਼ੀ ਕਰ ਕੇ ਮਾਨਸਕ ਤੌਰ ’ਤੇ ਕਮਜ਼ੋਰ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚਾਹੀਦਾ ਹੈ ਕਿ ਅਪਣੀ ਜ਼ਿੰਮੇਵਾਰੀ ਸਮਝਦੇ ਹੋਏ ਸੁਖਬੀਰ ਨੂੰ ਬਚਾਉਣ ਦੀ ਥਾਂ ਜਥੇਦਾਰ ਸਾਹਿਬਾਨ ਦੀ ਢਾਲ ਬਣਨ। ਵਡਾਲਾ ਨੇ ਕਿਹਾ ਕਿ ਆਸ ਹੈ ਕਿ ਜਥੇਦਾਰ ਸਾਹਿਬਾਨ ਸਾਰਿਆਂ ਦੀ ਸਲਾਹ ਲੈ ਕੇ ਜੋ ਕੌਮ ਦੇ ਹਿਤ ਵਿਚ ਹੋਵੇਗਾ ਉਹੀ ਫ਼ੈਸਲਾ ਲੈਣਗੇ ਕਿਸੇ ਨੂੰ ਕਿੰਤੂ ਪ੍ਰੰਤੂ ਕਰਨ ਦਾ ਅਖ਼ਤਿਆਰ ਨਹੀਂ ਹੈ।