
ਮੌਜੂਦਾ ਹਾਲਾਤ ਤੇ ਦੁੱਖ ਦੀ ਘੜੀ 'ਚ ਅਸੀ ਕਸ਼ਮੀਰੀਆਂ ਨਾਲ ਖੜੇ ਹਾਂ
ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਸ਼ਮੀਰੀ ਲੜਕੀਆਂ/ਬੀਬੀਆਂ ਬਾਰੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਲੋਂ ਦਿਤੇ ਗਏ ਵਿਵਾਦਤ ਬਿਆਨ ਅਤੇ ਭੱਦੀ ਸ਼ਬਦਾਵਲੀ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਉਸ ਨੂੰ ਜਨਤਕ ਮਾਫ਼ੀ ਮੰਗਣ ਲਈ ਕਿਹਾ ਹੈ। ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਕਸ਼ਮੀਰ ਸਬੰਧੀ ਧਾਰਾ 370 ਦੇ ਰੱਦ ਕੀਤੇ ਜਾਣ ਤੋਂ ਬਾਅਦ ਮੌਜੂਦਾ ਸੰਵੇਦਨਸ਼ੀਲ ਹਾਲਾਤ ਦੇ ਸਨਮੁਖ ਕਸ਼ਮੀਰੀ ਲੜਕੀਆਂ/ਬਹੂ ਬੇਟੀਆਂ ਸਬੰਧੀ ਕਿਸੇ ਵੀ ਸੰਸਥਾ ਦੇ ਜ਼ਿੰਮੇਵਾਰ ਅਹੁਦੇ 'ਤੇ ਬੈਠੇ ਵਿਅਕਤੀ ਦੀ ਗ਼ੈਰ ਸੰਜੀਦਗੀ, ਅਪਮਾਨਜਨਕ ਟਿਪਣੀ ਅਤੇ ਕਸ਼ਮੀਰੀਆਂ ਨਾਲ ਕਿਸੇ ਪ੍ਰਕਾਰ ਦਾ ਵੀ ਬੁਰਾ ਸਲੂਕ ਉਨ੍ਹਾਂ 'ਚ ਕੁੜਤਣ ਵਿਚ ਵਾਧਾ ਕਰੇਗਾ।
Harnam Singh Khalsa
ਅਵਾਮ ਦੇ ਸਵੈਮਾਣ ਅਤੇ ਸਮਾਜੀ ਰੁਤਬਾ ਦਾ ਆਦਰ ਕਰਨਾ ਸੱਭ ਦਾ ਫ਼ਰਜ਼ ਹੈ। ਖੱਟੜ ਦਾ ਕਸ਼ਮੀਰੀ ਲੜਕੀਆਂ ਪ੍ਰਤੀ ਗ਼ੈਰ ਜ਼ਿੰਮੇਵਾਰਾਨਾ ਰਵਈਆ ਅਤਿ ਨਿੰਦਣਯੋਗ ਹੈ ਅਤੇ ਬੀਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ ਜਿਸ ਪ੍ਰਤੀ ਆਮ ਲੋਕਾਂ ਨੇ ਵੀ ਬੁਰਾ ਮਨਾਇਆ ਹੈ। ਉਨ੍ਹਾਂ ਕਸ਼ਮੀਰ ਅਤੇ ਕਸ਼ਮੀਰੀਆਂ ਲਈ ਆਦਰਯੋਗ ਸਿਆਸੀ ਹੱਲ ਦੀ ਕਾਮਨਾ ਕੀਤੀ ਅਤੇ ਉਥੇ ਵਾਪਰ ਰਹੀਆਂ ਹਿਰਦੇਵੇਦਕ ਘਟਨਾਵਾਂ 'ਤੇ ਦੁੱਖ ਦਾ ਪ੍ਰਗਟ ਕਰਦਿਆਂ ਕਿਹਾ ਕਿ ਹਰ ਦੁੱਖ ਤੇ ਔਖੀ ਘੜੀ 'ਚ ਅਸੀਂ ਕਸ਼ਮੀਰੀਆਂ ਨਾਲ ਖੜੇ ਹਾਂ।
Kashmir
ਇਸੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਨੇ ਦਿੱਲੀ ਦੇ ਤੁਗਲਕਾਬਾਦ 'ਚ ਭਗਤ ਰਵੀਦਾਸ ਮੰਦਰ ਨੂੰ ਜਬਰੀ ਢਾਹੇ ਜਾਣ 'ਤੇ ਨਾਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਉਕਤ ਧਾਰਮਕ ਅਸਥਾਨ ਨੂੰ ਡੇਗਿਆ ਗਿਆ ਉਸ ਨਾਲ ਸਬੰਧਤ ਲੋਕਾਂ ਦੇ ਧਾਰਮਕ ਆਸਥਾ ਨੂੰ ਗਹਿਰੀ ਸੱਟ ਵੱਜੀ ਹੈ।