
ਇਹ ਸੱਚ ਹੈ ਕਿ ਸਿੱਖ ਅਪਣੀਆਂ ਚੰਗੀਆਂ ਸੰਸਥਾਵਾਂ ਨੂੰ ਪੈਸੇ ਦੀ ਕਮੀ ਖ਼ਾਤਰ ਤੜਪਦਿਆਂ ਵੇਖ ਕੇ ਹਰਕਤ ਵਿਚ ਨਹੀਂ ਆਉਂਦੇ।
ਲਿਖਾਰੀ, ਵਿਦਵਾਨ ਜਾਂ ਬੁਧੀਜੀਵੀ ਕੌਮ ਦਾ ਬਹੁਤ ਵੱਡਾ ਥੰਮ੍ਹ ਹੁੰਦੇ ਹਨ। ਇਨ੍ਹਾਂ ਨੂੰ ਹੀ ਅੰਗਰੇਜ਼ੀ ਵਿਚ ਥਿੰਕ ਟੈਂਕ ਆਖਿਆ ਜਾਂਦਾ ਹੈ। ਅਸੀ ਸਾਰੇ ਹੀ ਜਾਣਦੇ ਹਾਂ ਕਿ ਜੰਗ ਦੇ ਮੈਦਾਨ ਵਿਚ ਟੈਂਕ ਸੱਭ ਤੋਂ ਸ਼ਕਤੀਸ਼ਾਲੀ ਹਥਿਆਰ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਦੂਰ ਤਕ ਮਾਰ ਕਰਨ ਲਈ ਅਤੇ ਵੱਡੇ-ਵੱਡੇ ਕਿਲ੍ਹੇ ਤੇ ਦੀਵਾਰਾਂ ਢਹਿ ਢੇਰੀ ਕਰਨ ਲਈ ਕੀਤੀ ਜਾਦੀ ਹੈ ਜਿਸ ਤਰ੍ਹਾਂ 84 ਦੇ ਦੌਰ ਵਿਚ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਨੂੰ ਢਾਹੁਣ ਲਈ ਟੈਂਕਾਂ ਦੀ ਵਰਤੋਂ ਕੀਤੀ ਸੀ।
Darbar Sahib
ਇਸੇ ਤਰ੍ਹਾਂ ਤੁਹਾਡੇ ਮਨ ਜਾਂ ਸੋਚ ਅੰਦਰ ਬਣੇ ਕਈ ਤਰ੍ਹਾਂ ਤੇ ਅਨੇਕਾਂ ਹੀ ਕਿਸਮ ਦੇ ਕਿਲ੍ਹਿਆਂ ਨੂੰ ਤੋੜਨ ਲਈ ਵਿਦਵਾਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਮਨੁੱਖ ਆਦਿ ਕਾਲ ਤੋਂ ਹੀ ਲਿਖਦਾ ਆਇਆ ਹੈ। ਲਿਖਣ ਦੀ ਇਸੇ ਕਲਾ ਕਾਰਨ ਸਾਡੇ ਧਾਰਮਕ ਗ੍ਰੰਥ ਹੋਂਦ ਵਿਚ ਆਏ। ਇਸੇ ਤਰ੍ਹਾਂ ਸਾਡਾ ਸਿੱਖ ਇਤਿਹਾਸ ਲਿਖਤੀ ਰੂਪ ਵਿਚ ਸਾਡੇ ਕੋਲ ਮੌਜੁਦ ਹੈ।
ਇਕ ਬਹੁਤ ਹੀ ਅਹਿਮ ਗੱਲ ਆਪ ਜੀ ਨਾਲ ਇਸ ਲੇਖ ਦੇ ਸ਼ੁਰੂ ਵਿਚ ਹੀ ਕਰ ਲੈਣੀ ਮੈਂ ਜ਼ਰੂਰੀ ਸਮਝਦਾ ਹਾਂ, ਉਹ ਇਹ ਹੈ ਕਿ ਸਮਾਂ ਬੀਤਣ ਦੇ ਨਾਲ-ਨਾਲ ਇਤਿਹਾਸ ਤੇ ਗ੍ਰੰਥ ਬਦਲ ਜਾਂਦੇ ਹਨ। ਇਨ੍ਹਾਂ ਵਿਚਲੀ ਸ਼ਬਦਾਵਲੀ ਵੀ ਬਦਲ ਜਾਂਦੀ ਹੈ ਜਾਂ ਬਦਲ ਦਿਤੀ ਜਾਂਦੀ ਹੈ। ਧਰਮ ਇਕ ਦੂਜੇ ਦਾ ਪ੍ਰਭਾਵ ਕਬੂਲ ਲੈਂਦੇ ਹਨ। ਇਹ ਭਾਣਾ ਹਰ ਕੌਮ ਨਾਲ ਹੀ ਵਾਪਰਦਾ ਹੈ ਤੇ ਵਾਪਰਦਾ ਕਿਵੇਂ ਹੈ, ਇਸ ਦੀ ਪੂਰੀ ਜਾਣਕਾਰੀ ਕੁਲਬੀਰ ਸਿੰਘ ਕੌੜਾ ਨੇ ਅਪਣੀ ਪੁਸਤਕ 'ਤੇ ਸਿੱਖ ਵੀ ਨਿਗਲਿਆ ਗਿਆ' ਵਿਚ ਵਿਸਥਾਰ ਪੂਰਵਕ ਦਿਤੀ ਹੈ।
Book
ਉਦਾਹਰਣ ਦੇ ਤੌਰ ਉਤੇ 18ਵੀਂ ਸਦੀ ਵਿਚ ਇਕ ਕਿਤਾਬਚਾ ਲਿਖਿਆ ਗਿਆ ਤੇ ਉਸ ਦਾ ਨਾਮ 'ਬਚਿਤਰ ਨਾਟਕ' ਰੱਖ ਦਿਤਾ ਗਿਆ। ਕਿਸ ਨੇ ਲਿਖਿਆ ਕੋਈ ਅਤਾ ਪਤਾ ਨਹੀਂ ਲੱਗਾ ਕੁੱਝ ਸਮਾਂ ਲੰਘਣ ਤੋਂ ਬਾਅਦ (ਤਕਰੀਬਨ 150 ਸਾਲ) ਇਸ ਨੂੰ ਦਸਮ ਗ੍ਰੰਥ, ਕੁੱਝ ਸਮਾਂ ਹੋਰ ਲੰਘਣ ਤੋਂ ਬਾਅਦ ਸ੍ਰੀ ਦਸਮ ਗ੍ਰੰਥ ਸਾਹਿਬ ਅਤੇ ਕੁੱਝ ਸਮਾਂ ਹੋਰ ਲੰਘਣ ਤੋਂ ਬਾਅਦ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿਣਾ ਸ਼ੁਰੂ ਕਰ ਦਿਤਾ ਗਿਆ ਸੀ। ਤਕਰੀਬਨ ਦੋ ਸੌ ਸਾਲਾਂ ਵਿਚ ਇਹ ਬਚਿਤਰ ਨਾਟਕ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਬਣ ਗਿਆ, ਜੇ ਸਿੱਖ ਇਸੇ ਤਰ੍ਹਾਂ (ਸਾਰੇ ਨਹੀਂ) ਘੁਗੂ ਬਣੇ ਸੁੱਤੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਦਸਮ ਕੱਟ ਕੇ ਇਸ ਬਚਿਤਰ ਨਾਟਕ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਬਣਾ ਦਿਤਾ ਜਾਵੇਗਾ।
Guru Granth Sahib Ji
ਗੁਰੂ ਫ਼ੁਰਮਾਨ ਹੈ, ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ (ਪੰਨਾ-34)। ਜਦੋਂ ਕਿ ਸਿੱਖ ਪੰਥ ਦਾ ਇਕੋ ਹੀ ਗ੍ਰੰਥ ਹੈ। ਇਕੋ ਹੀ ਗੁਰੁ ਹੈ ਕੇਵਲ ਤੇ ਕੇਵਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ। ਇਕ ਪੰਥ ਦਾ ਇਕੋ ਗ੍ਰੰਥ ਹੈ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਦੋ ਸੋ ਸਾਲਾਂ ਦੇ ਅੰਦਰ ਇਸ ਵਿਚਲੀਆਂ ਰਚਨਾਵਾਂ ਵਿਚ ਵੀ ਕਾਫ਼ੀ ਬਦਲਾਅ ਆਇਆ। ਇਸ ਖ਼ਤਰੇ ਨੂੰ ਮਹਿਸੂਸ ਕਰਦੇ ਹੋਏ ਕਈ ਸਿੱਖ ਵਿਦਵਾਨਾਂ ਨੇ ਸੰਗਤਾਂ ਨੂੰ ਸੁਚੇਤ ਕੀਤਾ।
ਜਸਬੀਰ ਸਿੰਘ ਦੁਬਈ ਵਾਲਿਆਂ ਨੇ ਤਾਂ ਪੰਜ ਲੱਖ ਦਾ ਇਨਾਮ ਉਸ ਪੁਰਖ ਲਈ ਰੱਖ ਦਿਤਾ ਜੋ ਸਿੱਧ ਕਰ ਦੇਵੇ ਕਿ ਇਹ ਗ੍ਰੰਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਹੈ। ਉਨ੍ਹਾਂ ਨੇ ਅਪਣੀ ਬਾਕਮਾਲ ਕਲਮ ਰਾਹੀਂ ਚਾਰ ਪੁਸਤਕਾਂ ਲਿਖੀਆਂ 'ਦਸਮ ਗ੍ਰੰਥ ਦਾ ਲਿਖਾਰੀ ਕੌਣ?' ਜਿਸ ਦਾ ਅੱਜ ਤਕ ਕੋਈ ਜਵਾਬ ਨਹੀਂ ਦੇ ਸਕਿਆ। ਇਹ ਸਿੱਖ ਵਿਦਵਾਨ ਸ਼ਾਇਦ ਅੱਜ ਵੀ ਮੋਹਾਲੀ ਵਿਖੇ ਰਹਿੰਦੇ ਹਨ।
SIKH
ਲਿਖਣ ਦੀ ਜੇ ਗੱਲ ਕਰੀਏ ਤਾਂ ਬਹੁਤ ਕੁੱਝ ਲਿਖਿਆ ਜਾ ਚੁੱਕਾ ਹੈ। ਤੁਹਾਡੀ ਦਿਮਾਗ਼ੀ ਤੇ ਸ੍ਰੀਰਕ ਸ਼ਕਤੀ ਨੂੰ ਖ਼ਤਮ ਕਰਨ ਲਈ ਹਜ਼ਾਰਾਂ ਨਹੀਂ ਲੱਖਾਂ ਹੀ ਕਿਤਾਬਾਂ ਲਿਖ ਦਿਤੀਆਂ ਗਈਆਂ ਹਨ। ਹਿਟਲਰ ਭਾਵੇਂ ਕਿ ਅਪਣੇ ਸਮੇਂ ਦਾ ਜ਼ਾਲਮ ਹਾਕਮ ਸੀ ਪਰ ਉਸ ਦੀ ਇਕ ਗੱੱਲ ਮੈਨੂੰ ਹਮੇਸ਼ਾ ਹੀ ਯਾਦ ਰਹਿੰਦੀ ਹੈ। ਉਹ ਸ਼ਰਧਾਵਾਨ ਲਿਖਾਰੀ, ਵਿਕਾਉ ਲਿਖਾਰੀ, ਅਧੂਰੇ ਗਿਆਨ ਵਾਲੇ ਲਿਖਾਰੀ ਨੂੰ ਸਮਾਜ ਦਾ ਕਬਾੜ ਆਖ ਕੇ ਬਲਾਉਂਦਾ ਸੀ। ਜਿਹੜੀ ਕੌਮ ਅਪਣੇ ਇਤਿਹਾਸ ਪ੍ਰਤੀ ਅਵੇਸਲੀ ਹੁੰਦੀ ਹੈ, ਉਹ ਆਉਣ ਵਾਲੇ ਸਮੇਂ ਵਿਚ ਬਹੁਤ ਹੀ ਜ਼ਿਆਦਾ ਨੁਕਸਾਨ ਝਲਦੀ ਹੈ।
ਉਸ ਕੌਮ ਦੇ ਵਾਰਸ ਹਮੇਸ਼ਾ ਹੀ ਭੰਬਲਭੂਸੇ ਵਿਚ ਰਹਿੰਦੇ ਹਨ, ਜੋ ਇਤਿਹਾਸ ਦੀ ਖੋਜ ਨਹੀਂ ਕਰਦੇ। ਗੁਰਬਾਣੀ ਆਖਦੀ ਹੈ ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ (ਪੰਨਾ-727) ਪਰ ਸਾਡਾ ਖੋਜ ਕਰਨ ਵਲ ਕਦੇ ਵੀ ਧਿਆਨ ਨਹੀਂ ਜਾਂਦਾ ਤੇ ਨਾ ਹੀ ਖੋਜ ਕਰਨ ਵਾਲੇ ਸਾਨੂੰ ਪਸੰਦ ਹਨ। ਸਗੋਂ ਖੋਜ ਕਰਨ ਵਾਲਿਆਂ ਤੇ ਤਾਂ ਧਾਰਾ 295-ਏ ਲਗਾ ਦਿਤੀ ਜਾਂਦੀ ਹੈ। ਉਨ੍ਹਾਂ ਦੇ ਮੂੰਹ ਬੰਦ ਕਰਵਾ ਦਿਤੇ ਜਾਂਦੇ ਹਨ। ਕਿਸੇ ਕਿਤਾਬ ਅਖ਼ਬਾਰ ਜਾਂ ਰਸਾਲੇ ਵਿਚ ਛਪੀ ਕੋਈ ਰਚਨਾ, ਲੇਖ ਪੜ੍ਹ ਕੇ ਜਾਂ ਕਿਸੇ ਸਾਧ, ਬਾਬੇ (ਅਜੋਕੇ) ਜਾਂ ਕਥਾਵਾਚਕ ਕੋਲੋਂ ਸੁਣ ਕੇ ਉਸ ਨੂੰ ਸਹੀ ਮੰਨ ਲੈਣ ਨਾਲ ਬੜਾ ਹੀ ਨੁਕਸਾਨ ਉਠਾਉਣਾ ਪੈਂਦਾ ਹੈ।
ਇਸ ਦਾ ਖ਼ਮਿਆਜ਼ਾ ਤੁਸੀ ਇਕੱਲੇ ਨਹੀਂ ਸਗੋਂ ਤੁਹਾਡਾ ਪ੍ਰਵਾਰ ਤੁਹਾਡੇ ਮਿੱਤਰ ਰਿਸ਼ਤੇਦਾਰ ਵੀ ਭੁਗਤਦੇ ਹਨ। ਉਦਾਹਰਣ ਦੇ ਤੌਰ ਤੇ ਤੁਸੀ ਆਮ ਹੀ ਪੜ੍ਹਿਆ ਤੇ ਸੁਣਿਆ ਵੀ ਹੋਵੇਗਾ ਕਿ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ “ਮੈਂ ਅਪਣੇ ਟੋਪੀ ਵਾਲੇ ਸਿੱਖਾਂ ਨੂੰ ਵੇਖ ਰਿਹਾ ਹਾਂ, ਜੋ ਪੱਛਮ ਤੋਂ ਆਉਣਗੇ ਤੇ ਮੁਗ਼ਲ ਰਾਜ ਦਾ ਖ਼ਾਤਮਾ ਕਰਨਗੇ।'' ਹੁਣ ਇਹ ਗੱਲ ਥੋੜਾ ਜਿਹਾ ਦਿਮਾਗ਼ ਰੱਖਣ ਵਾਲਾ ਵੀ ਸਮਝ ਸਕਦਾ ਹੈ ਕਿ ਅਜਿਹੀ ਝੂਠੀ ਗੱਲ ਸਿੱਖ ਇਤਿਹਾਸ ਵਿਚ ਕਿਸ ਨੇ ਲਿਖਵਾਈ ਹੋਵੇਗੀ। ਜ਼ਰਾ ਸੋਚੋ ਪੱਛਮ ਤੋਂ ਟੋਪੀ ਪਾ ਕੇ ਕੌਣ ਆਇਆ ਸੀ?
ਹਾਂ ਮੇਰੇ ਵੀਰੋ, ਭੈਣੋਂ ਅੰਗਰੇਜ਼ ਹੀ ਤਾਂ ਆਏ ਸੀ ਸਿੱਧੀ ਜਹੀ ਗੱਲ ਹੈ ਇਸ ਗੱਪ ਗਪੋੜ ਨੂੰ ਅੰਗਰੇਜ਼ਾਂ ਨੇ ਹੀ ਸਿੱਖਾਂ ਦੇ ਗੁਰੂ ਇਤਿਹਾਸ ਵਿਚ ਲਿਖਵਾਇਆ ਅਤੇ ਪ੍ਰਚਾਰਿਆ ਹੋਵੇਗਾ ਕਿਉਂਕਿ ਇਸ ਝੂਠ ਦਾ ਵੱਧ ਤੋਂ ਵੱਧ ਲਾਭ ਅੰਗਰੇਜ਼ਾਂ ਨੂੰ ਹੀ ਹੋਣਾ ਸੀ ਪਰ ਸਰਦਾਰ ਸਰਦੂਲ ਸਿੰਘ ਕਵੀਸ਼ਰ ਨੇ ਉਸ ਸਮੇਂ ਛਪਣ ਵਾਲੇ ਮਾਸਿਕ ਪੱਤਰ “ਸਿੱਖ ਰਾਵੀਉਂ” ਵਿਚ ਇਕ ਲੇਖ ਪ੍ਰਕਾਸ਼ਤ ਕਰਵਾਇਆ ਜਿਸ ਵਿਚ ਲੇਖਕ ਨੇ ਸਿੱਧ ਕਰ ਦਿਤਾ ਕਿ ਇਹ ਗੱਲ ਬਿਲਕੁਲ ਮਨਘੜਤ ਹੈ ਤੇ ਸਿੱਖਾਂ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਕਬੂਲ ਕਰਨ ਲਈ ਘੜ ਕੇ ਪ੍ਰਚਾਰੀ ਗਈ ਹੈ।
Baba Bakala
ਇਸੇ ਤਰ੍ਹਾਂ ਦੀ ਇਕ ਹੋਰ ਸਾਖੀ ਜੋ ਸਾਧੜਿਆਂ ਨੇ ਗੁਰੂ ਤੇਗ ਬਹਾਦਰ ਪਿਤਾ ਜੀ ਦੇ ਨਾਮ ਨਾਲ ਜੋੜੀ ਉਹ ਸੀ ਗੁਰੂ ਸਾਹਿਬ ਜੀ ਨੂੰ ਭੋਰੇ ਵਿਚ ਤਪ ਕਰਦਾ ਵਿਖਾਉਣਾ। ਬਾਬਾ ਬਕਾਲਾ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਸਾਖੀਕਾਰਾਂ ਨੇ ਤਪ ਕਰਦੇ ਵਿਖਾ ਦਿਤਾ, ਹੁਣ ਇਸ ਗੱਲ ਦਾ ਫ਼ਾਇਦਾ ਕਿਸ ਨੂੰ ਹੋਣਾ ਸੀ। ਦੱਸੋ ਸੰਗਤ ਜੀ ਦੱਸੋ? ਜੀ ਹਾਂ ਵਿਹਲੜ ਸਾਧਾਂ ਨੂੰ। ਇਨ੍ਹਾਂ ਵਿਹਲੜ ਸਾਧਾਂ ਨੇ ਅਪਣੀਆਂ ਸਟੇਜਾਂ ਤੋਂ ਉੱਚੀ-ਉੱਚੀ ਕੂਕ ਕੇ ਪ੍ਰਚਾਰ ਕੀਤਾ ਕਿ ਗੁਰੂ ਤੇਗ ਬਹਾਦਰ ਜੀ ਭੋਰੇ ਵਿਚ ਤਪ ਕਰਦੇ ਹੁੰਦੇ ਸੀ ਤੇ ਅਸੀ ਵੀ ਭੋਰੇ ਵਿਚ ਅੱਠ-ਅੱਠ ਘੱਟੇ ਤਪ ਕਰਦੇ ਹਾਂ।
Gurbani
ਸਾਡੇ ਵੱਡੇ ਬਾਬਾ ਜੀ ਤੇ ਉਨ੍ਹਾਂ ਦੇ ਵੱਡੇ ਬਾਬਾ ਜੀ ਵੀ ਭੋਰੇ ਵਿਚ ਤਪ ਕਰਿਆ ਕਰਦੇ ਸੀ। ਵੇਖੋ ਅਸੀ ਕਿੰਨੇ ਮਹਾਨ ਹਾਂ ਵਗੈਰਾ-ਵਗੈਰਾ। ਪਰ ਗੁਰਬਾਣੀ ਤਪ ਨੂੰ ਮਾਨਤਾ ਹੀ ਨਹੀਂ ਦਿੰਦੀ ਅਸੀ ਰੋਜ਼ ਹੀ ਪੜ੍ਹਦੇ ਹਾਂ “ਤੀਰਥੁ ਤਪੁ ਦਇਆ ਦਤੁ ਦਾਨੁ ਜੇ ਕੋ ਪਾਵੈ ਤਿਲ ਕਾ ਮਾਨੁ£” ਕੀ ਰੋਜ਼ ਹੀ ਇਹ ਸ਼ਬਦ ਪੜ੍ਹਨ ਵਾਲੇ ਗੁਰੂ ਤੇਗ ਬਹਾਦਰ ਜੀ ਭੋਰੇ ਵਿਚ ਤਪ ਕਰ ਸਕਦੇ ਹਨ?
ਹੁਣ ਬਿਲਕੁਲ ਇਸੇ ਤਰ੍ਹਾਂ ਜਿਹੜੇ ਸਾਕਤਮਤੀਏ, ਨਸ਼ੇ ਕਰਨ ਵਾਲੇ, ਵਿਭਚਾਰੀ ਸਿੱਖੀ ਦਾ ਖ਼ਾਤਮਾ ਕਰਨਾਂ ਚਾਹੁੰਦੇ ਸਨ ਜਿਹੜੇ ਇਕ ਪੰਥ ਤੇ ਇਕੋ ਗ੍ਰੰਥ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇਕ ਹੋਰ ਗ੍ਰੰਥ ਖੜਾ ਕਰ ਦਿਤਾ। ਹੁਣ ਸਿੱਖ ਸੰਗਤਾਂ ਆਪ ਹੀ ਸਮਝ ਲੈਣ ਕਿ ਇਹ ਕਿਸ ਨੇ ਕੀਤਾ ਤੇ ਕਿਸ ਨੇ ਕਰਵਾਇਆ। ਇਤਿਹਾਸ ਦੀ ਮਹਾਨਤਾ ਦੇ ਸਹੀ ਅਰਥ ਜਦੋਂ ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਨੂੰ ਪਤਾ ਲੱਗੇ ਤਾਂ ਉਹ ਤੁਰਤ ਹੀ ਇਤਿਹਾਸ ਇਕੱਠਾ ਕਰਨ ਤੁਰ ਪਏ। ਉਨ੍ਹਾਂ ਦੀਆਂ ਲਿਖੀਆਂ ਹੋਈਆਂ ਤਿੰਨ ਪੁਸਤਕਾਂ ਇਤਿਹਾਸਕ ਖੋਜ ਭਾਗ ਪਹਿਲਾ ਦੂਜਾ ਅਤੇ ਤੀਜਾ ਪੜ੍ਹਨ ਯੋਗ ਹਨ।
ਉਨ੍ਹਾਂ ਦੀ ਇਸ ਕਿਤਾਬ ਦਾ ਮੁੱਖਬੰਦ ਲਿਖਦੇ ਹੋਏ ਹੀਰਾ ਸਿੰਘ ਦਰਦ ਆਖਦੇ ਹਨ ਕਿ ਧਨ ਦੋਲਤ ਖੋਹੀ ਜਾਏ ਤਾਂ ਉਹ ਮਿਹਨਤ ਕੀਤਿਆਂ ਮੁੜ ਪ੍ਰਾਪਤ ਕੀਤੀ ਜਾ ਸਕਦੀ ਹੈ। ਪਰ ਕਿਸੇ ਦੀ ਇਤਿਹਾਸਕ ਜਾਂ ਵਿਗਿਆਨਕ ਖੋਜ ਜੋ ਕੌਮੀ ਦੌਲਤ ਹੁੰਦੀ ਹੈ, ਜੇ ਅਲੋਪ ਹੋ ਜਾਵੇ ਤਾਂ ਉਸ ਤੋਂ ਕੌਮ ਸਦਾ ਲਈ ਮਹਿਰੂਮ ਹੋ ਜਾਂਦੀ ਹੈ। ਇਹ ਇਕ ਮੰਨੀ ਪ੍ਰਮੰਨੀ ਸਚਾਈ ਹੈ ਕਿ ਕੌਮ ਦਾ ਸਹੀ ਵਿਗਿਆਨਕ ਸਹੀ ਵਿਗਿਆਨਕ ਇਤਿਹਾਸ ਉਨ੍ਹਾਂ ਲਈ ਚਾਨਣ ਮੁਨਾਰਾ ਹੁੰਦਾ ਹੈ ਜਿਸ ਦੀ ਰੋਸ਼ਨੀ ਵਿਚ ਉਹ ਮੁਸੀਬਤਾਂ ਤੇ ਖ਼ਤਰਿਆਂ ਦਾ ਟਾਕਰਾ ਕਰ ਕੇ ਜਾਂ ਉਨ੍ਹਾਂ ਤੋਂ ਬੱਚ ਕੇ ਅੱਗੇ ਵਧਦੀਆਂ ਤੇ ਉਨਤੀ ਕਰਦੀਆਂ ਹਨ ਪਰ ਜਿਨ੍ਹਾਂ ਕੌਮਾਂ ਦੇ ਇਤਿਹਾਸ ਅਲੋਪ ਹੋ ਜਾਂਦੇ ਹਨ ਜਾਂ ਉਨ੍ਹਾਂ ਵਿਚ ਮਿਲਾਵਟ ਕਰ ਕੇ ਵਿਗਾੜ ਦਿਤੇ ਜਾਂਦੇ ਜਾਂ ਨਿਰੀ ਸ਼ਰਧਾ ਭਗਤੀ ਨਾਲ ਲਿਖੇ ਜਾਂਦੇ ਹਨ, ਉਹ ਕੌਮਾਂ ਦੁਬਿਧਾ ਦੇ ਡੂੰਘੇ ਸਾਗਰ ਵਿਚ ਹੀ ਗੋਤੇ ਖਾਂਦੀਆਂ ਰਹਿੰਦੀਆਂ ਹਨ।
Writing
ਸਹੀ ਵਿਗਿਆਨਕ ਇਤਿਹਾਸ ਦੋ ਗੱਲਾਂ ਨੂੰ ਬਿਲਕੁਲ ਸਪੱਸ਼ਟ ਕਰ ਕੇ ਸਾਹਮਣੇ ਰੱਖ ਦਿੰਦਾ ਹੈ। ਪਹਿਲੀ ਇਹ ਕਿ ਕਿਸੇ ਕੌਮ ਨੇ ਜਿਨ੍ਹਾਂ ਗੁਣਾਂ ਕਰ ਕੇ ਵਿਰੋਧੀ ਸ਼ਕਤੀਆਂ ਦਾ ਟਾਕਰਾ ਕਰ ਕੇ ਜਿੱਤਾਂ ਪ੍ਰਾਪਤ ਕੀਤੀਆਂ ਹੋਣ, ਉਹ ਗੁਣ ਸਹੀ ਇਤਿਹਾਸ ਅੱਖਾਂ ਮੂਹਰੇ ਲਿਆ ਕੇ ਖੜੇ ਕਰ ਦਿੰਦਾ ਹੈ। ਦੂਜੇ ਜਿਨ੍ਹਾਂ ਗ਼ਲਤੀਆਂ ਜਾਂ ਕਮਜ਼ੋਰੀਆਂ ਕਰ ਕੇ ਹਾਰਾਂ ਹੋਈਆਂ ਹੋਣ, ਉਹ ਵੀ ਸਾਹਮਣੇ ਰਹਿੰਦੀਆਂ ਹਨ ਤੇ ਇਨ੍ਹਾਂ ਕਮਜ਼ੋਰੀਆਂ ਤੇ ਘਾਟਿਆਂ ਨੂੰ ਦੂਰ ਕਰ ਕੇ ਅੱਗੇ ਵਧਣ ਦੀ ਸਿਖਿਆ ਮਿਲਦੀ ਰਹਿੰਦੀ ਹੈ।
ਜਦੋਂ ਕੋਈ ਵੀ ਕੌਮ ਕਿਸੇ ਬਲਵਾਨ ਕੌਮ ਦੀ ਗ਼ੁਲਾਮ ਬਣ ਜਾਂਦੀ ਹੈ ਤਾਂ ਹਾਕਮ ਕੌਮ ਗ਼ੁਲਾਮ ਕੌਮ ਦੇ ਇਤਿਹਾਸ ਵਿਚ ਜਾਣ ਬੁੱਝ ਕੇ ਮਿਲਾਵਟ ਕਰਦੀ ਹੈ। ਗ਼ੁਲਾਮ ਕੌਮ ਨੂੰ ਬਦਨਾਮ ਕਰਨ ਲਈ ਉਸ ਦੀਆਂ ਕਮਜ਼ੋਰੀਆਂ ਤੇ ਔਗੁਣਾ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦੀ ਹੈ ਤੇ ਉਸ ਦੇ ਗੁਣਾਂ ਤੇ ਜਿੱਤਾਂ ਤੇ ਪਰਦੇ ਪਾ ਦਿਤੇ ਜਾਂਦੇ ਹਨ ਤਾਕਿ ਗ਼ੁਲਾਮ ਕੌਮ ਢਹਿੰਦੀ ਕਲਾਂ ਵਿਚ ਰਹਿ ਕੇ ਸਦਾ ਲਈ ਗ਼ੁਲਾਮ ਬਣੀ ਰਹੇ। ਸਰਦਾਰ ਕਰਮ ਸਿੰਘ ਜੀ ਨੇ ਅਪਣੇ ਲੇਖਾਂ ਵਿਚ ਇਸ ਗੱਲ ਨੂੰ ਚੰਗੀ ਤਰ੍ਹਾਂ ਉਜਾਗਰ ਕਰ ਕੇ ਦਸਿਆ ਹੈ ਕਿ ਸਿੱਖ ਪੰਥ ਨੇ ਬੇਸ਼ੱਕ ਅਦੁਤੀ ਇਤਿਹਾਸਕ ਕਾਰਨਾਮੇ ਕੀਤੇ ਤੇ ਹੈਰਾਨ ਕਰਨ ਵਾਲੀਆਂ ਜਿੱਤਾਂ ਪ੍ਰਾਪਤ ਕੀਤੀਆਂ ਪਰ ਅਪਣੇ ਇਤਿਹਾਸ ਵਲੋਂ ਜਿੰਨੀ ਖ਼ੌਫ਼ਨਾਕ ਬੇਪ੍ਰਵਾਹੀ ਕੀਤੀ ਏਨੀ ਸ਼ਾਇਦ ਕਿਸੇ ਹੋਰ ਕੌਮ ਨੇ ਨਹੀਂ ਕੀਤੀ ਹੋਣੀ।
Guru Granth Sahib Ji
ਇਸ ਦੇ ਕਾਰਨ ਹੀ ਜਿੰਨਾ ਅਗਿਣਤ ਅਤੇ ਅਮਿਣਤ ਨੁਕਸਾਨ ਉਠਾਇਆ ਸ਼ਾਇਦ ਹੀ ਕਿਸੇ ਹੋਰ ਕੌਮ ਨੇ ਉਠਾਇਆ ਹੋਵੇ ਜਿਸ ਨਾਲ ਸਿੱਖਾਂ ਦੀਆਂ ਕਈ ਜਿੱਤਾਂ ਹਾਰਾਂ ਵਿਚ ਬਦਲ ਗਈਆਂ। ਇਸ ਦਾ ਇਕ ਕਾਰਨ ਮੇਰੇ ਖ਼ਿਆਲ ਵਿਚ ਅਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਨਾਂ ਸੰਭਾਲਣਾ ਤੇ ਉਸ ਤੋਂ ਸਿਖਿਆ ਨਾ ਲੈਣਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਇਨਕਲਾਬੀ ਜੀਵਨ ਤੇ ਉਨ੍ਹਾਂ ਤੋਂ ਮਗਰੋਂ ਬੰਦਾ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਉਤੇ ਕਬਜ਼ਾ ਕਰਨ ਤਕ ਸਿੱਖਾਂ ਦੀਆਂ ਸ਼ਹੀਦੀਆਂ, ਅਦੁਤੀ ਬਹਾਦਰੀਆਂ, ਉੱਚੇ ਤੇ ਸੁੱਚੇ ਆਚਰਨ ਤੇ ਮੁਗ਼ਲਾਂ ਤੇ ਦੁਰਾਨੀਆਂ ਨੂੰ ਜੰਗਾਂ ਵਿਚ ਹਾਰਾਂ ਦੇ ਕੇ ਜਿੱਤਾਂ ਪ੍ਰਾਪਤ ਕਰਨ ਦਾ ਇਤਿਹਾਸ ਉਹ ਅਦੁਤੀ ਤੇ ਸੁਨਿਹਰੀ ਇਤਿਹਾਸ ਹੈ ਜਿਸ ਤੇ ਜਿੰਨਾ ਵੀ ਮਾਣ ਕੀਤਾ ਜਾਵੇ ਥੋੜਾ ਹੈ।
ਇਸ ਇਤਿਹਾਸਕ ਕਾਲ ਨੂੰ ਪੜ੍ਹ ਕੇ ਗ਼ੈਰ ਸਿੱਖ ਕੌਮਾਂ ਵੀ ਅੱਸ਼-ਅੱਸ਼ ਕਰ ਉਠਦੀਆਂ ਹਨ। ਪਰ ਅਜੋਕੇ ਸਿੱਖਾਂ (ਸਾਰੇ ਨਹੀਂ) ਨੂੰ ਅਪਣੇ ਇਤਿਹਾਸ ਜਾਂ ਇਤਿਹਾਸਕ ਗ੍ਰੰਥਾਂ ਵਿਚ ਕੀਤੀ ਗਈ ਰਲਾਵਟ ਤੋਂ ਕੁੱਝ ਵੀ ਲੈਣਾ ਦੇਣਾ ਨਹੀਂ ਹੈ, ਉਨ੍ਹਾਂ ਲਈ ਗੁਰਦਵਾਰੇ ਦੀ ਗੋਲਕ ਵਿਚ ਪੈਸੇ ਪਾ ਦੇਣਾ ਹੀ ਸਿੱਖੀ ਹੈ। ਇਥੇ ਮੈਂ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਜੀ ਦੀ 20/09/2020 ਦੀ ਸੰਪਾਦਕੀ ਦਾ ਵੀ ਜ਼ਿਕਰ ਜ਼ਰੂਰ ਕਰਾਗਾਂ ਜੋ ਕਿ ਬਹੁਤ ਹੀ ਸੇਧ ਦੇਣ ਵਾਲੀ ਹੈ।
Joginder Singh
ਸ. ਜੋਗਿੰਦਰ ਸਿੰਘ ਜੀ ਲਿਖਦੇ ਹਨ ਕਿ ਬਾਬੇ ਨਾਨਕ ਦੀ 5ਵੀਂ ਜਨਮ ਸ਼ਤਾਬਦੀ ਵੀ ਵੇਖੀ ਤੇ 550ਵਾਂ ਜਨਮ ਪੁਰਬ ਵੀ ਵੇਖਿਆ। ਪੈਸਾ ਪਾਣੀ ਵਾਂਗ ਵਹਾਇਆ ਗਿਆ ਜਾਂ ਵਹਾਇਆ ਜਾਂਦਾ ਵਿਖਾਇਆ ਗਿਆ। ਜਦ ਸੰਗਤ ਦੇ ਬੈਠਣ ਲਈ ਹੀ 12-12 ਕਰੋੜ ਕੇਵਲ ਪੰਡਾਲਾਂ ਤੇ ਹੀ ਖ਼ਰਚਿਆ ਵਿਖਾ ਦਿਤਾ ਗਿਆ ਤਾਂ ਬਾਕੀ ਦੇ ਖ਼ਰਚਿਆਂ ਦਾ ਕੀ ਹਿਸਾਬ ਲਗਾਇਆ ਜਾ ਸਕਦਾ ਹੈ। ਵਿਦੇਸ਼ਾਂ ਤੋਂ ਫੁੱਲ ਮੰਗਵਾ ਕੇ ਵੀ ਕਰੋੜਾਂ ਰੁਪਏ ਖ਼ਰਚਣ ਦੇ ਐਲਾਨ ਕੀਤੇ ਗਏ ਪਰ ਬਾਬੇ ਨਾਨਕ ਦੀ ਬਾਣੀ ਲੋਕਾਂ ਦੇ ਘਰ-ਘਰ ਵਿਚ ਪਹੁੰਚਾਉਣ ਦਾ ਵੀ ਕੋਈ ਯਤਨ ਕੀਤਾ ਗਿਆ?
ਦੁਨੀਆਂ ਜਾਂ ਭਾਰਤ ਦੇ ਵੱਡੇ ਵਿਦਵਾਨਾਂ ਜਾਂ ਲੇਖਕਾਂ ਦੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਕੋਈ ਕਿਤਾਬਾਂ ਜ਼ਹੂਰ ਵਿਚ ਆ ਸਕੀਆਂ? ਕੀ ਨੌਜੁਆਨਾਂ ਨੂੰ ਪਤਿਤਪੁਣੇ ਤੋਂ ਹਟਾ ਕੇ ਬਾਬੇ ਨਾਨਕ ਦੇ ਸੰਦੇਸ਼ ਨਾਲ ਜੋੜਿਆ ਜਾ ਸਕਿਆ? ਗ਼ਰੀਬ ਖ਼ੁਦਕੁਸ਼ੀਆਂ ਕਰਨ ਵਾਲਿਆਂ ਤੇ ਵਿਦਵਾਨਾਂ ਦੀ ਕੀ ਤੇ ਕਿੰਨੀ ਮਦਦ ਕੀਤੀ ਗਈ? ਸਿੱਖੀ ਢਹਿੰਦੀ ਕਲਾ ਵਲੋਂ ਹੱਟ ਕੇ ਚੜ੍ਹਦੀ ਕਲਾ ਵਲ ਵਿਖਾਈ ਦਿਤੀ? ਏਨੇ ਵੱਡੇ ਸਮਾਗਮ ਨੇ ਕੋਈ ਸਿੱਖ ਲੇਖਕ, ਇਤਿਹਾਸਕਾਰ, ਬਾਣੀ ਦੇ ਨਵੇਂ ਵਿਦਵਾਨ ਪੈਦਾ ਕੀਤੇ ਜਿਨ੍ਹਾਂ ਦੀਆਂ ਲਿਖਤਾਂ ਵਲ ਸਿੱਖ ਹੀ ਨਹੀਂ ਦੁਨੀਆਂ ਦੇ ਲੋਕ ਸਤਿਕਾਰ ਭਰੀਆਂ ਨਜ਼ਰਾਂ ਨਾਲ ਵੇਖਣ ਲੱਗ ਜਾਣ?
Sikh
ਇਹ ਸੱਚ ਹੈ ਕਿ ਸਿੱਖ ਅਪਣੀਆਂ ਚੰਗੀਆਂ ਸੰਸਥਾਵਾਂ ਨੂੰ ਪੈਸੇ ਦੀ ਕਮੀ ਖ਼ਾਤਰ ਤੜਪਦਿਆਂ ਵੇਖ ਕੇ ਹਰਕਤ ਵਿਚ ਨਹੀਂ ਆਉਂਦੇ। ਉਹ ਸਿਰਫ਼ ਗੁਰਦਵਾਰਿਆਂ ਤੇ ਡੇਰਿਆਂ ਨੂੰ ਹੀ ਪੈਸੇ ਦਿੰਦੇ ਹਨ ਪਰ ਚੰਗੀ ਜਗ੍ਹਾ ਪੈਸੇ ਦੇਣ ਤੋਂ ਕੰਨੀ ਕਤਰਾ ਜਾਂਦੇ ਹਨ। ਸਾਡੇ ਖ਼ਾਲਸਾ ਸਕੂਲ ਤੇ ਕਾਲਜ ਇਸੇ ਕਰ ਕੇ ਡੀ.ਏ.ਵੀ. ਸਕੂਲਾਂ/ਕਾਲਜਾਂ ਦੇ ਸਾਹਮਣੇ ਦਮ ਤੋੜ ਗਏ। ਸਿੱਖਾਂ ਨੇ ਕਦੇ ਮਿਲ ਬੈਠ ਕੇ ਉਨ੍ਹਾਂ ਨੂੰ ਬਚਾਅ ਲੈਣ ਦੀ ਗੱਲ ਨਹੀਂ ਕੀਤੀ।
ਸੋ ਕਹਿਣ ਤੋਂ ਭਾਵ ਅਸੀ ਅਪਣੀ ਚੰਗੀ ਅਕਲ, ਉੱਚੀ ਮੱਤ, ਬੁਧੀ ਦੀ ਕਦੇ ਵੀ ਵਰਤੋਂ ਨਹੀਂ ਕੀਤੀ। ਚੰਗੇ ਜਾਂ ਮਾੜੇ ਦਾ ਅਸੀ ਫ਼ਰਕ ਹੀ ਨਹੀਂ ਸਮਝ ਰਹੇ। ਸਾਨੂੰ ਸ਼ਰੇਆਮ ਮੂਰਖ ਬਣਾਇਆ ਜਾ ਰਿਹਾ ਹੈ। ਮੈਂ ਧਨਾਢ ਅਤੇ ਅਮੀਰ ਸਿੱਖਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾਂ ਕਿ ਉਹ ਪੈਸਾ ਖ਼ਰਚਣ ਲੱਗੇ ਅਕਲ ਦਾ ਇਸਤੇਮਾਲ ਜ਼ਰੂਰ ਕਰ ਲਿਆ ਕਰਨ ਕਿਸੇ ਵਿਦਵਾਨ ਬੁਧੀਜੀਵੀ ਦੀ ਸਲਾਹ ਜ਼ਰੂਰ ਲੈ ਲਿਆ ਕਰਨ। ਚੰਗੇ ਲਿਖਾਰੀਆਂ ਜਾਂ ਵਿਦਵਾਨਾਂ ਪਾਸੋਂ ਇਤਿਹਾਸ ਦੀ ਸੁਧਾਈ ਕਰਵਾਈ ਜਾਵੇ ਤਾਕਿ ਸਹੀ ਸਿੱਖ ਇਤਿਹਾਸ ਸੰਗਤਾਂ ਦੇ ਸਾਹਮਣੇ ਆ ਜਾਵੇ। ਮੈਂ ਬਸ ਇਹੀ ਆਖਣਾ ਚਾਹਾਂਗਾ।
ਹਰਪ੍ਰੀਤ ਸਿੰਘ
ਸੰਪਰਕ : 99475-46903