
ਇਨਸਾਫ਼ ਮੋਰਚਾ ਬਰਗਾੜੀ ਦੇ 192ਵੇਂ ਦਿਨਾਂ 'ਚ ਕੀ ਖੱਟਿਆ ਤੇ ਕੀ ਗੁਆਇਆ ਬਾਰੇ ਜਿਥੇ ਚਰਚਾ ਸ਼ੁਰੂ ਹੋ ਗਈ ਹੈ, ਉਥੇ ਹਾਂਪੱਖੀ ਤੇ ....
ਕੋਟਕਪੂਰਾ, 11 ਦਸੰਬਰ (ਗੁਰਿੰਦਰ ਸਿੰਘ) : ਇਨਸਾਫ਼ ਮੋਰਚਾ ਬਰਗਾੜੀ ਦੇ 192ਵੇਂ ਦਿਨਾਂ 'ਚ ਕੀ ਖੱਟਿਆ ਤੇ ਕੀ ਗੁਆਇਆ ਬਾਰੇ ਜਿਥੇ ਚਰਚਾ ਸ਼ੁਰੂ ਹੋ ਗਈ ਹੈ, ਉਥੇ ਹਾਂਪੱਖੀ ਤੇ ਨਾਂਹਪੱਖੀ ਨਜ਼ਰੀਏ ਵਾਲੀਆਂ ਨਰਮ-ਗਰਮ ਟਿਪਣੀਆਂ ਵੀ ਪੜ੍ਹਨ-ਸੁਣਨ ਨੂੰ ਮਿਲ ਰਹੀਆਂ ਹਨ। ਜੇਕਰ ਇਸ ਮੋਰਚੇ ਦੇ ਸਾਰਥਕ ਪਹਿਲੂ ਦੀ ਪੜਚੋਲ ਕਰਨੀ ਹੋਵੇ ਤਾਂ ਦਾਅਵੇ ਨਾਲ ਆਖਿਆ ਜਾ ਸਕਦਾ ਹੈ ਕਿ ਹਰ ਮੋਰਚੇ 'ਚ ਨਿਰਦੋਸ਼ ਸਿੱਖਾਂ ਦੇ ਸ਼ਹੀਦ ਹੋਣ, ਜ਼ਖ਼ਮੀ ਹੋਣ, ਜਾਨੀ ਮਾਲੀ ਨੁਕਸਾਨ ਦੇ ਨਾਲ-ਨਾਲ ਜੋ ਨਫ਼ਰਤ ਦੇ ਬੀਜ ਪੈਦਾ ਹੁੰਦੇ ਰਹੇ ਹਨ, ਉਨ੍ਹਾਂ ਤੋਂ ਬਚਾਅ ਰਿਹਾ।
ਲਗਾਤਾਰ 192ਵੇਂ ਦਿਨ ਸ਼ਾਂਤਮਈ ਰਹਿ ਕੇ ਗੁਰਬਾਣੀ ਦਾ ਪ੍ਰਵਾਹ, ਅਕਾਲੀ-ਭਾਜਪਾ ਆਗੂਆਂ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਤੇ ਗ਼ੈਰ ਸਿਆਸੀ ਸੰਸਥਾਵਾਂ, ਜਥੇਬੰਦੀਆਂ ਦੀ ਭਰਵੀਂ ਸ਼ਮੂਲੀਅਤ, ਮੋਰਚੇ ਨੂੰ ਗ਼ੈਰ ਸਿਆਸੀ ਹੀ ਰੱਖਣਾ, ਕਿਸੇ ਨੂੰ ਸਿਆਸੀ ਲਾਹਾ ਨਾ ਲੈਣ-ਦੇਣ ਵਰਗੇ ਕਈ ਅਜਿਹੇ ਮੁੱਦੇ ਹਨ, ਜਿਨ੍ਹਾਂ ਦੀ ਪ੍ਰਸ਼ੰਸਾ ਹੀ ਹੋ ਰਹੀ ਹੈ ਪਰ ਇਸ ਮੋਰਚੇ ਦੀਆਂ ਤਿੰਨ ਪ੍ਰਮੁੱਖ ਮੰਗਾਂ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਦੀਆਂ ਸਜ਼ਾਵਾਂ ਦੀ ਪੂਰਤੀ ਤੋਂ ਬਿਨਾਂ ਮੋਰਚੇ ਦੀ ਸਮਾਪਤੀ ਦੀ ਨੁਕਤਾਚੀਨੀ ਹੋਣੀ ਵੀ ਸੁਭਾਵਕ ਹੈ।
ਨਿਰਪੱਖ ਸੋਚ ਰੱਖਣ ਵਾਲੀਆਂ ਪੰਥਕ ਸ਼ਖ਼ਸੀਅਤਾਂ ਅਤੇ ਸਿੱਖ ਚਿੰਤਕਾਂ ਦਾ ਮੰਨਣਾ ਹੈ ਕਿ ਮੌਜੂਦਾ ਹਕੂਮਤ ਵਲੋਂ ਚੰਡੀਗੜ੍ਹ ਤੋਂ ਖ਼ੁਦ ਚਲ ਕੇ ਬਰਗਾੜੀ ਵਿਖੇ ਆਉਣਾ, ਕੈਬਨਿਟ ਮੰਤਰੀਆਂ ਵਲੋਂ ਬੇਅਦਬੀ ਅਤੇ ਗੋਲੀਕਾਂਡ ਵਾਲੀਆਂ ਘਟਨਾਵਾਂ ਦੀ ਸਖ਼ਤ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਵਾਅਦਾ ਕਰਨਾ, ਬੇਅਦਬੀ ਦੀਆਂ ਘਟਨਾਵਾਂ 'ਚ ਸੌਦਾ ਸਾਧ ਦੇ ਡੇਰਾ ਪ੍ਰੇਮੀਆਂ ਦੀ ਸਿੱਧੀ ਸ਼ਮੂਲੀਅਤ ਕਬੂਲਣ, ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਕਸੂਰਵਾਰ ਮੰਨਣਾ, ਮੋਰਚੇ ਦੇ ਹਰ ਪਹਿਲੂ ਦੀ ਸ਼ਲਾਘਾ ਕਰਨਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵਾਅਦਾ ਕਰਨਾ ਕਿ ਇਕ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ,
ਮੋਰਚੇ ਦੇ ਆਗੂ ਭਾਈ ਧਿਆਨ ਸਿੰਘ ਮੰਡ ਵਲੋਂ ਇਕੱਤਰ ਹੋਏ ਫ਼ੰਡ ਦੇ ਇਕ-ਇਕ ਪੈਸੇ ਦਾ ਹਿਸਾਬ ਦੇਣ ਦਾ ਦਾਅਵਾ ਕਰਦਿਆਂ ਅਗਲੇ ਪੜਾਅ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਜਦੋਂ ਦੁਹਰਾਇਆ ਗਿਆ ਕਿ ਉਹ ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਉਦੋਂ ਤਕ ਯਤਨਸ਼ੀਲ ਰਹਿਣਗੇ, ਜਦੋਂ ਤਕ ਇਕ ਵੀ ਸਿੰਘ ਜੇਲਾਂ 'ਚ ਬਾਕੀ ਨਹੀਂ ਬਚਦਾ।
ਬਾਦਲ ਸਰਕਾਰ ਦੇ 10 ਸਾਲਾਂ ਕਾਰਜਕਾਲ ਦੌਰਾਨ ਸੌਦਾ ਸਾਧ ਦੀ ਫ਼ਿਲਮ ਦੇ ਪੋਸਟਰ ਪਾੜਨ, ਪੋਸਟਰਾਂ 'ਤੇ ਝਰੀਟ ਮਾਰਨ ਜਾਂ ਸੌਦਾ ਸਾਧ ਦੀਆਂ ਇਤਰਾਜ਼ਯੋਗ ਤਸਵੀਰਾਂ ਨੂੰ ਸੋਸ਼ਲ ਮੀਡੀਏ ਰਾਹੀਂ ਫਾਰਵਰਡ ਕਰਨ ਦੇ ਦੋਸ਼ 'ਚ ਸੈਂਕੜੇ ਨਿਰਦੋਸ਼ ਸਿੱਖਾਂ ਵਿਰੁਧ ਧਾਰਮਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲਾ ਕੇ ਧਾਰਾ 295ਏ ਤਹਿਤ ਪੰਜਾਬ ਭਰ ਦੇ ਪੁਲਿਸ ਥਾਣਿਆਂ 'ਚ ਦਰਜ ਹੋਏ ਝੂਠੇ ਮਾਮਲੇ ਰੱਦ ਕਰਨ ਵਾਲੀ ਘਟਨਾ ਵੀ ਕਿਸੇ ਵੱਡੀ ਪ੍ਰਾਪਤੀ ਤੋਂ ਘੱਟ ਨਹੀਂ ਕਿਉਂਕਿ ਅਜਿਹੇ ਸੈਂਕੜੇ ਨਿਰਦੋਸ਼ ਸਿੱਖਾਂ ਤੇ ਉਨ੍ਹਾਂ ਦੇ ਪਰਵਾਰਾਂ ਨੇ ਉਕਤ ਸੰਤਾਪ ਅਪਣੇ ਪਿੰਡੇ 'ਤੇ ਹੰਢਾਉਂਦਿਆਂ ਵਾਧੂ ਖ਼ਰਚਾ ਕੀਤਾ।
ਨਿਰਪੱਖ ਸੋਚ ਰੱਖਣ ਵਾਲੀਆਂ ਸ਼ਖ਼ਸੀਅਤਾਂ ਅਨੁਸਾਰ ਜੇਕਰ ਕੋਈ ਰਾਜਨੀਤਕ ਪਾਰਟੀ ਇਸ ਮੋਰਚੇ ਤੋਂ ਸਿਆਸੀ ਲਾਹਾ ਲੈ ਜਾਂਦੀ ਤਾਂ ਮੋਰਚੇ ਦਾ ਕੋਈ ਅਰਥ ਨਾ ਰਹਿ ਜਾਂਦਾ ਪਰ ਹੁਣ ਕੁਲ ਮਿਲਾ ਕੇ ਮੋਰਚੇ ਦੀ ਸਮਾਪਤੀ ਨੂੰ ਵੀ ਸਫ਼ਲਤਾ ਮੰਨਿਆ ਜਾ ਰਿਹਾ ਹੈ।