
ਸੰਗਤ ਨੇ 'ਸਮਝੌਤਾ ਮਨਜ਼ੂਰ ਨਹੀਂ' ਦੇ ਆਵਾਜ਼ੇ ਕੱਸੇ ਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਗਾਏ..........
ਕੋਟਕਪੂਰਾ : ਇਨਸਾਫ਼ ਮੋਰਚਾ ਬਰਗਾੜੀ ਅੱਜ 192ਵੇਂ ਦਿਨ 'ਚ ਪਹੁੰਚ ਕੇ ਆਖ਼ਰਕਾਰ ਸਮਾਪਤ ਹੋ ਗਿਆ। ਭਾਈ ਧਿਆਨ ਸਿੰਘ ਮੰਡ ਨੇ ਭਾਵਪੂਰਤ ਤਕਰੀਰ ਰਾਹੀਂ ਕੌਮ ਦੀ ਤ੍ਰਾਸਦੀ, ਮੁਸ਼ਕਲਾਂ, ਸਮੱਸਿਆਵਾਂ, ਚੁਨੌਤੀਆਂ ਦਾ ਵਿਸਥਾਰ ਸਹਿਤ ਵਰਣਨ ਕਰਦਿਆਂ ਐਲਾਨ ਕੀਤਾ ਕਿ ਇਸ ਮੋਰਚੇ ਦਾ ਪਹਿਲਾ ਪੜਾਅ ਸਮਾਪਤ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਦੋ ਕੈਬਨਿਟ ਮੰਤਰੀਆਂ ਅਤੇ ਇਕ ਵਿਧਾਇਕ ਨੇ ਮੋਰਚੇ ਵਾਲੀ ਥਾਂ ਪਹੁੰਚ ਕੇ ਵਿਚਾਰ ਸਾਂਝੇ ਕੀਤੇ ਪਰ ਸੰਗਤ 'ਚ ਰੌਲਾ ਪੈ ਗਿਆ ਕਿ ਉਸ ਨੂੰ ਇਹ ਕੁੱਝ ਮਨਜ਼ੂਰ ਨਹੀਂ। ਫਿਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸਾਰਿਆਂ ਨੂੰ ਸ਼ਾਂਤ ਕੀਤਾ।
ਉਸ ਤੋਂ ਬਾਅਦ ਦੋ ਬੁਲਾਰੇ ਬੋਲੇ ਅਤੇ ਅੰਤ 'ਚ ਭਾਈ ਧਿਆਨ ਸਿੰਘ ਮੰਡ ਨੇ ਸਮਾਪਤੀ ਦਾ ਐਲਾਨ ਕਰਦਿਆਂ ਕਿਹਾ ਕਿ ਅਗਲੇ ਐਲਾਨ ਤੇ ਪੜਾਅ ਦਾ ਸੰਗਤ ਇੰਤਜ਼ਾਰ ਕਰੇ ਕਿਉਂਕਿ ਕੌਮ ਦੀਆਂ ਮੰਗਾਂ ਦੀ ਪੂਰਤੀ ਤਕ ਇਹ ਸੰਘਰਸ਼ ਜਾਰੀ ਰਹੇਗਾ। ਸਮਾਪਤੀ ਸਮਾਰੋਹ ਮੌਕੇ ਬੁਲਾਰਿਆਂ ਨੇ ਲਗਾਤਾਰ 192ਵੇਂ ਦਿਨ ਮੋਰਚੇ ਨੂੰ ਸ਼ਾਂਤਮਈ ਰੱਖਣ, ਰਾਜਨੀਤਿਕ ਲੋਕਾਂ ਨੂੰ ਲਾਹਾ ਨਾ ਲੈਣ ਦੇਣ ਵਰਗੀਆਂ ਗੱਲਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।
ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਿਛਲੇ ਸਮੇਂ 'ਚ ਸੌਦਾ ਸਾਧ ਦੇ ਡੇਰਾ ਪ੍ਰੇਮੀਆਂ ਦੀਆਂ ਸ਼ਿਕਾਇਤਾਂ ਦੀ ਜਾਂਚ ਦੇ ਨਿਰਦੇਸ਼, ਸਿੱਖਾਂ ਵਿਰੁਧ ਪੰਜਾਬ ਭਰ ਦੇ ਪੁਲਿਸ ਥਾਣਿਆਂ 'ਚ ਦਰਜ ਹੋਏ ਧਾਰਾ 295ਏ ਵਾਲੇ ਝੂਠੇ ਮਾਮਲੇ ਰੱਦ ਕਰਨ ਦਾ ਐਲਾਨ ਕੀਤਾ ਜਿਸ ਨੂੰ ਅਹਿਮ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਭਾਈ ਮੰਡ ਨੇ ਆਖਿਆ ਕਿ ਮੋਰਚਾ ਖ਼ਤਮ ਨਹੀਂ ਹੋਇਆ, ਪਹਿਲਾ ਪੜਾਅ ਸਮਾਪਤ ਹੋਇਆ ਹੈ, ਕਲ ਨੂੰ ਮੋਰਚੇ 'ਚ ਸਹਿਯੋਗ ਦੇਣ ਵਾਲਿਆਂ ਦਾ ਸਨਮਾਨ ਕੀਤਾ ਜਾਵੇਗਾ ਜਦਕਿ ਪਰਸੋਂ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਨਵੇਂ ਪੜਾਅ ਦੀ ਰਣਨੀਤੀ ਬਿਆਨ ਕੀਤੀ ਜਾਵੇਗੀ।
ਅੱਜ ਸਵੇਰੇ ਪਹਿਲਾਂ ਮੋਰਚੇ ਦੀ ਸਫ਼ਲਤਾ ਦੀ ਖ਼ੁਸ਼ੀ 'ਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਰਸਭਿੰਨਾ ਕੀਰਤਨ ਹੋਇਆ, ਅਰਦਾਸ-ਬੇਨਤੀ ਉਪਰੰਤ ਪਵਿੱਤਰ ਹੁਕਮਨਾਮਾ ਲਿਆ ਗਿਆ। ਭਾਈ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਇਨਸਾਫ਼ ਮੋਰਚੇ ਨਾਲ ਸਬੰਧਤ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੀ ਕਰੀਬ ਇਕ ਘੰਟਾ ਬੰਦ ਕਮਰੇ 'ਚ ਮੀਟਿੰਗ ਹੋਈ। ਫਿਰ ਸਟੇਜ ਸੰਚਾਲਨ ਕਰਦਿਆਂ ਜਸਕਰਨ ਸਿੰਘ, ਜਸਵਿੰਦਰ ਸਿੰਘ ਅਤੇ ਰਣਜੀਤ ਸਿੰਘ ਨੇ ਦਸਿਆ ਕਿ ਕੈਪਟਨ ਸਰਕਾਰ ਦੇ ਮੰਤਰੀ ਇਨਸਾਫ਼ ਮੋਰਚੇ ਦੀਆਂ ਮੰਗਾਂ ਮੰਨਣ ਲਈ ਪਹੁੰਚ ਰਹੇ ਹਨ।
ਭਾਈ ਦਾਦੂਵਾਲ ਦੇ ਸੱਦੇ 'ਤੇ ਪਹਿਲਾਂ ਕਾਂਗਰਸੀ ਵਿਧਾਇਕ ਹਰਮੰਦਰ ਸਿੰਘ ਗਿੱਲ ਨੇ ਬਰਗਾੜੀ ਦੇ ਬੇਅਦਬੀ, ਬਹਿਬਲ ਅਤੇ ਕੋਟਕਪੂਰੇ ਦੇ ਗੋਲੀਕਾਂਡ ਵਾਲੀਆਂ ਘਟਨਾਵਾਂ ਲਈ ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਦੋਸ਼ੀ ਠਹਿਰਾਇਆ। ਇਸ ਦੌਰਾਨ ਸਟੇਜ ਦੀ ਕਾਰਵਾਈ ਚਲਦੀ ਰਹੀ ਪਰ ਕੈਪਟਨ ਸਰਕਾਰ ਦਾ ਵਫ਼ਦ ਉਥੋਂ ਰਵਾਨਾ ਹੋ ਗਿਆ। ਪੰਡਾਲ ਦੇ ਬਾਹਰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਬਾਜਵਾ ਅਤੇ ਰੰਧਾਵਾ ਨੇ ਦਾਅਵਾ ਕੀਤਾ ਕਿ ਪ੍ਰਮੋਦ ਬਾਨ ਅਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਵਲੋਂ ਦੋਸ਼ੀ ਠਹਿਰਾਏ ਗਏ
ਕਿਸੇ ਵੀ ਵਿਅਕਤੀ ਨਾਲ ਲਿਹਾਜ਼ ਨਹੀਂ ਕੀਤਾ ਜਾਵੇਗਾ, ਉਹ ਭਾਵੇਂ ਕਿੰਨੇ ਵੀ ਉੱਚੇ ਅਹੁਦੇ 'ਤੇ ਬਿਰਾਜਮਾਨ ਕਿਉਂ ਨਾ ਹੋਵੇ। ਉਨ੍ਹਾਂ ਸੌਦਾ ਸਾਧ ਦੇ ਡੇਰਾ ਪ੍ਰੇਮੀਆਂ ਵਲੋਂ ਨਿਰਦੋਸ਼ ਸਿੱਖਾਂ ਵਿਰੁਧ ਪੰਜਾਬ ਭਰ 'ਚ ਦਰਜ ਹੋਏ ਧਾਰਾ 295ਏ ਵਾਲੇ ਮਾਮਲਿਆਂ ਨੂੰ ਰੱਦ ਕਰਨ ਅਤੇ ਝੂਠੀ ਸ਼ਿਕਾਇਤ ਕਰਨ ਵਾਲੇ ਡੇਰਾ ਪ੍ਰੇਮੀਆਂ ਵਿਰੁਧ ਧਾਰਾ 182 ਤਹਿਤ ਕਾਰਵਾਈ ਕਰਾਉਣ ਅਤੇ ਪੀੜਤਾਂ ਨੂੰ ਰਾਹਤ ਦਿਵਾਉਣ ਦੀ ਗੱਲ ਵੀ ਦੁਹਰਾਈ। ਇਸ ਮੌਕੇ ਸਿਮਰਨਜੀਤ ਸਿੰਘ ਮਾਨ, ਬੂਟਾ ਸਿੰਘ ਰਣਸੀਂਹ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।