
ਇਨਸਾਫ਼ ਮੋਰਚੇ ਦੀ ਸਮਾਪਤੀ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਭਾਈ ਧਿਆਨ ਸਿੰਘ ਮੰਡ ਨੇ ਆਖਿਆ ਕਿ ਕੁੱਝ ਲੋਕਾਂ ਨੇ ਅਕਾਲ ਤਖ਼ਤ.........
ਕੋਟਕਪੂਰਾ : ਇਨਸਾਫ਼ ਮੋਰਚੇ ਦੀ ਸਮਾਪਤੀ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਭਾਈ ਧਿਆਨ ਸਿੰਘ ਮੰਡ ਨੇ ਆਖਿਆ ਕਿ ਕੁੱਝ ਲੋਕਾਂ ਨੇ ਅਕਾਲ ਤਖ਼ਤ ਦੀ ਮਾਣ ਮਰਿਆਦਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਰ ਕੇ ਸਿੱਖ ਕੌਮ ਅਲੱਗ-ਥਲੱਗ ਹੋ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨੂੰ ਮੋਰਚੇ ਦੀ ਸਫ਼ਲਤਾ ਮੰਨਿਆ ਜਾਵੇ, ਕਿਉਂਕਿ ਸਰਕਾਰ ਖ਼ੁਦ ਚਲ ਕੇ ਮੰਗਾਂ ਮੰਣਨ ਦਾ ਐਲਾਨ ਕਰਨ ਆਈ ਹੈ। ਮੋਰਚੇ ਨੂੰ ਤਾਰਪੀਡੋ ਕਰਨ ਲਈ ਵਿਰੋਧੀਆਂ ਨੇ ਝੂਠੇ ਦੋਸ਼ ਲਾਏ, ਪੈਸੇ ਇਕੱਠੇ ਕਰਨ ਦਾ ਦੋਸ਼ ਵੀ ਲੱਗਾ ਪਰ ਮੈਂ ਸਮੁੱਚੀ ਪ੍ਰੈਸ, ਸੀਆਈਡੀ, ਆਈਬੀ ਅਤੇ ਸਮੂਹ ਸੰਗਤਾਂ ਦੀ ਹਾਜ਼ਰੀ 'ਚ ਦਸਣਾ ਚਾਹੁੰਦਾ ਹਾਂ
ਕਿ ਮੋਰਚੇ ਦੇ ਸਾਢੇ 6 ਮਹੀਨਿਆਂ ਦੇ ਸਮੇਂ 'ਚ ਸਾਡੇ ਕੋਲ ਇਕ ਕਰੋੜ 48 ਲੱਖ ਰੁਪਏ ਫ਼ੰਡ ਆਇਆ, ਸਾਰੇ ਖ਼ਰਚਿਆਂ ਵਿਚੋਂ 22 ਲੱਖ ਰੁਪਏ ਦੀ ਰਕਮ ਬਚੀ ਹੈ, ਜੋ ਸੱਭ ਦੇ ਸਾਹਮਣੇ ਰੱਖੀ ਗਈ ਹੈ, ਜੇਕਰ ਕੋਈ ਹਿਸਾਬ ਲੈਣਾ ਚਾਹੇ ਤਾਂ ਇਕ-ਇਕ ਪੈਸੇ ਦੇ ਖ਼ਰਚੇ ਦਾ ਹਿਸਾਬ ਲੈ ਸਕਦਾ ਹੈ। ਮੈਂ ਖ਼ਾਲੀ ਹੱਥ ਮੋਰਚੇ ਵਿਚ ਆਇਆ ਸੀ ਤੇ ਹੁਣ ਖ਼ਾਲੀ ਹੱਥ ਹੀ ਘਰ ਜਾਣਾ ਚਾਹੁੰਦਾ ਹਾਂ। ਉਨ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਮਿਲਣ ਅਤੇ ਸਾਰੀਆਂ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਪਾਰਟੀਆਂ ਵਲੋਂ ਏਕਤਾ ਲਈ ਸਾਰੇ ਅਧਿਕਾਰ ਸੌਂਪਣ ਨੂੰ ਵੀ ਮੋਰਚੇ ਦੀ ਪ੍ਰਾਪਤੀ ਦਸਿਆ।
ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀ ਪੁਲਿਸ ਅਫ਼ਸਰਾਂ ਨੇ ਹਾਈ ਕੋਰਟ ਵਿਚ ਅਪੀਲ ਕੀਤੀ ਹੈ, ਉਸ ਸਬੰਧੀ ਕੇਸ ਲੜਨ ਲਈ ਪੰਜਾਬ ਸਰਕਾਰ ਦੇ ਵਕੀਲਾਂ ਨਾਲ ਮੋਰਚੇ ਦੇ 2 ਵਕੀਲਾਂ ਨੂੰ ਵੀ ਨਿਯੁਕਤ ਕਰ ਦਿਤਾ ਹੈ ਅਤੇ ਬੇਅਦਬੀ ਦੇ ਜੋ ਦੋਸ਼ੀ ਸੀਬੀਆਈ ਦੀ ਅਦਾਲਤ ਵਲੋਂ ਜ਼ਮਾਨਤ ਦਿਤੀ ਗਈ ਸੀ ਉਨ੍ਹਾਂ ਨੂੰ ਅਨ-ਲਾਅ-ਫੁਲ ਐਕਟ ਲਾ ਕੇ ਦੁਬਾਰਾ ਫਿਰ ਜੇਲਾਂ ਵਿਚ ਬੰਦ ਕਰ ਦਿਤਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਬਰਗਾੜੀ ਦਾ ਨਾਮ ਬਰਗਾੜੀ ਸਾਹਿਬ ਕੀਤਾ ਗਿਆ ਹੈ।
ਇਸ ਨਾਲ ਹੀ ਅਸੀਂ ਡੀ.ਸੀ. ਫ਼ਰੀਦਕੋਟ ਨੂੰ ਕਿਹਾ ਹੈ ਕਿ ਬਹਿਬਲ ਕਲਾਂ ਗੋਲੀ ਕਾਂਡ ਅਤੇ ਕੋਟਕਪੂਰਾ ਲਾਠੀਚਾਰਜ ਦੌਰਾਨ ਜੋ ਵੀ ਵਿਅਕਤੀ ਜ਼ਖ਼ਮੀ ਹੋਏ ਸਨ ਅਤੇ ਆਰਥਕ ਮਦਦ ਤੋਂ ਵਾਂਝੇ ਰਹਿ ਗਏ ਸਨ, ਦੀ ਜਾਂਚ ਕਰ ਕੇ ਉਨ੍ਹਾਂ ਨੂੰ ਵੀ ਮਾਲੀ ਮਦਦ ਕੀਤੀ ਜਾਵੇ। ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ ਦੀਆਂ ਜੋ ਵੀ ਮੰਗਾਂ ਸਨ ਸਾਡੀ ਸਰਕਾਰ ਵਲੋਂ ਪੂਰੀਆਂ ਕਰ ਦਿਤੀਆਂ ਗਈਆਂ ਹਨ। ਬਾਕੀ ਇਹ ਮੋਰਚਾ ਸਮਾਪਤ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਮੋਰਚੇ ਦੇ ਪ੍ਰਬੰਧਕਾਂ ਨੇ ਕਰਨਾ ਹੈ।
ਭਾਈ ਬਲਜੀਤ ਸਿੰਘ ਦਾਦੂਵਾਲ ਨੇ ਆਖਿਆ ਕਿ ਤੁਹਾਡੇ ਸਹਿਯੋਗ ਨਾਲ ਹੀ ਪੰਜਾਬ ਸਰਕਾਰ ਤੁਹਾਡੇ ਕੋਲ ਚਲ ਕੇ ਆਈ ਹੈ। ਭਾਈ ਧਿਆਨ ਸਿੰਘ ਮੰਡ ਨੇ ਕਿਹਾ ਸੀ ਕਿ ਤੁਸੀਂ ਸਾਡੇ ਕੋਲ ਇਨਸਾਫ਼ ਮੋਰਚੇ ਵਿਚ ਚਲ ਕੇ ਆਉ। ਅੱਜ ਮੰਤਰੀ ਤੇ ਵਿਧਾਇਕ ਮੰਗਾਂ ਦਾ ਐਲਾਨ ਕਰ ਵਾਸਤੇ ਆਏ ਹਨ, ਉਨ੍ਹਾਂ ਕੀ ਕੁੱਝ ਕੀਤਾ, ਉਹ ਤੁਹਾਨੂੰ ਦਸਣਗੇ। ਐਡਵੋਕੇਟ ਹਰਪਾਲ ਸਿੰਘ ਚੀਮਾ, ਭਾਈ ਮੋਹਕਮ ਸਿੰਘ, ਸਿਮਰਨਜੀਤ ਸਿੰਘ ਮਾਨ, ਬੂਟਾ ਸਿੰਘ ਰਣਸੀਂਹ, ਪਰਮਜੀਤ ਸਿੰਘ ਸਹੋਲੀ ਨੇ ਆਖਿਆ
ਕਿ ਬਰਗਾੜੀ ਇਨਸਾਫ਼ ਮੋਰਚੇ ਦੇ ਸਮੇਂ ਸਮੇਂ ਹੋਏ ਇਕੱਠ ਨੇ ਸਾਬਤ ਕਰ ਦਿਤਾ ਕਿ ਸੰਗਤਾਂ ਦੇ ਰੋਹ ਮੂਹਰੇ 100-100 ਸਾਲ ਪੁਰਾਣੀਆਂ ਪਾਰਟੀਆਂ ਵੀ ਬੌਣੀਆਂ ਸਾਬਤ ਹੋਈਆਂ। ਇਸ ਮੌਕੇ ਬਰਗਾੜੀ ਦੇ ਗੁਰਦਵਾਰਾ ਕੋਲਸਰ ਸਾਹਿਬ ਵਿਖੇ ਭਾਈ ਅਮਰਜੀਤ ਸਿੰਘ ਮਰਿਆਦਾ ਸਮੇਤ ਪੰਜ ਪਿਆਰਿਆਂ ਵਲੋਂ ਕਰਵਾਏ ਗਏ ਅੰਮ੍ਰਿਤ ਸੰਚਾਰ ਦੌਰਾਨ 9 ਔਰਤਾਂ ਅਤੇ 3 ਬੱਚਿਆਂ ਸਮੇਤ 19 ਪ੍ਰਾਣੀ ਗੁਰੂ ਵਾਲੇ ਬਣੇ।