
ਜਥੇਦਾਰਾਂ ਨੇ ਬਾਦਲ ਦਾ ਹੁਕਮ ਮੰਨ ਕੇ ਸੌਦਾ ਸਾਧ ਨੂੰ ਬਰੀ ਕਰ ਦਿਤਾ ਪਰ ਪੰਥ ਦੀਆਂ ਮਾਇਆ ਨਾਜ਼ ਹਸਤੀਆਂ ਵਿਰੁਧ ਗ਼ਲਤ ਹੁਕਮਨਾਮੇ ਜਾਰੀ ਕੀਤੇ
Panthak News: ਬੇਅਦਬੀ ਮਾਮਲੇ, 328 ਪਾਵਨ ਸਰੂਪਾਂ ਦੀ ਗੁਮਸ਼ੁਦਗੀ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਪੰਥ ਦਾ ਘਾਣ ਕਰਨ ਵਾਲੇ ਹੋਰ ਅਨੇਕਾਂ ਦੋਸ਼ਾਂ ’ਚ ਘਿਰੇ ਬਾਦਲ ਦਲ ਦੀ ਸਾਲ 2017 ਅਤੇ 2022 ’ਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾ ’ਚ ਹੋਈ ਕਿਰਕਰੀ ਤੋਂ ਬਾਅਦ ਬਾਦਲ ਦਲ ਨੇ ‘ਪੰਥਕ ਵੋਟ’ ਕੈਸ਼ ਕਰਨ ਲਈ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਤਾਂ ਉਸ ਵਿਚ ਅਕਾਲੀ ਦਲ ਬਾਦਲ ਬੁਰੀ ਤਰ੍ਹਾਂ ਘਿਰ ਗਿਆ, ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਸ਼ਹੀਦੀ ਦਾ ਅਸਲ ਸੱਚ ਸਾਹਮਣੇ ਆਉਣ ਨਾਲ ਬਾਦਲ ਦਲ ਕਸੂਤੀ ਸਥਿਤੀ ’ਚ ਫਸ ਗਿਆ।
ਹੁਣ ਬੇਅਦਬੀ ਮਾਮਲਿਆਂ ਮੌਕੇ ‘ਸੋਦਾ ਸਾਧ’ ਨੂੰ ਦਿਤੀ ਬਿਨ ਮੰਗੀ ‘ਮਾਫ਼ੀ’ ਦਾ ਰੋਸ ਕਰਨ ’ਤੇ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਨੂੰ ਪਹਿਲਾਂ ਮੁਅੱਤਲ ਕਰਨ ਅਤੇ ਬਾਅਦ ਵਿਚ ਨੌਕਰੀ ਤੋਂ ਬਰਖ਼ਾਸਤ ਕੀਤੇ ਗਏ ਪੰਜ ਪਿਆਰਿਆਂ ਦੇ ਮੁਖੀ ਭਾਈ ਸਤਨਾਮ ਸਿੰਘ ਖੰਡਾ ਨੇ ਅਹਿਮ ਪ੍ਰਗਟਾਵਾ ਕਰਦਿਆਂ ਆਖਿਆ ਹੈ ਕਿ ਸੌਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਵਾਲਾ ਪੱਤਰ ਅਕਾਲੀ ਦਲ ਬਾਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਲਿਖਿਆ ਸੀ।
‘ਰੋਜ਼ਾਨਾ ਸਪੋਕਸਮੈਨ’ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਤਨਾਮ ਸਿੰਘ ਖੰਡਾ ਨੇ ਦਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਸਿੱਖ ਪੰਥ ਕੋਲੋਂ ਜੋ ਮਾਫ਼ੀ ਮੰਗੀ ਹੈ, ਉਹ ਦਰੁਸਤ ਨਹੀਂ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਸੁਖਬੀਰ ਸਿੰਘ ਬਾਦਲ ਨੇ ਮਾਫ਼ੀ ਮੰਗੀ ਹੈ ਜਾਂ ਹੁਕਮ ਕੀਤਾ ਹੈ ਕਿਉਂਕਿ ਉਸ ਨੂੰ ਇਕ ਨਿਮਾਣੇ ਸਿੱਖ ਵਜੋਂ ਅਕਾਲ ਤਖ਼ਤ ਸਾਹਿਬ ਉਪਰ ਸਿੱਖ ਰਹਿਤ ਮਰਿਆਦਾ ਅਨੁਸਾਰ ਪੇਸ਼ ਹੋ ਕੇ ਸਿੱਖ ਵਿਦਵਾਨਾਂ, ਚਿੰਤਕਾਂ ਅਤੇ ਪੰਥਦਰਦੀਆਂ ਦੇ ਸਾਹਮਣੇ ਮਾਫ਼ੀ ਮੰਗਣੀ ਚਾਹੀਦੀ ਸੀ। ਇਕ ਸਵਾਲ ਦੇ ਜਵਾਬ ਵਿਚ ਸਤਨਾਮ ਸਿੰਘ ਖੰਡਾ ਨੇ ਮੰਨਿਆ ਕਿ ਸ. ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਅਤੇ ਭਾਈ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਵਿਰੁਧ ਪੰਥ ’ਚੋਂ ਛੇਕਣ ਵਾਲੇ ਜਾਰੀ ਹੋਏ ਹੁਕਮਨਾਮੇ ਵੀ ਠੀਕ ਨਹੀਂ ਸਨ ਕਿਉਂਕਿ ਉਕਤ ਤਿੰਨ ਸ਼ਖ਼ਸੀਅਤਾਂ ਵਿਦਵਤਾ ਦੇ ਨਾਲ ਨਾਲ ਚਿੰਤਕ ਅਤੇ ਪੰਥ ਦਾ ਹਮੇਸ਼ਾ ਭਲਾ ਸੋਚਣ ਵਾਲੀਆਂ ਹੀ ਮੰਨੀਆਂ ਜਾਂਦੀਆਂ ਹਨ।
ਉਕਤ ਸ਼ਖ਼ਸੀਅਤਾਂ ਨੇ ਪੰਥ ਵਿਰੋਧੀ ਕੋਈ ਵੀ ਕਾਰਜ ਨਹੀਂ ਕੀਤਾ, ਇਸ ਲਈ ਗਿਆਨੀ ਗੁਰਬਚਨ ਸਿੰਘ ਨੇ ਬਤੌਰ ਜਥੇਦਾਰ ਅਕਾਲ ਤਖ਼ਤ ਸਾਹਿਬ ਖ਼ੁਦ ਸ. ਜੋਗਿੰਦਰ ਸਿੰਘ ਸਪੋਕਸਮੈਨ ਨੂੰ ਫ਼ੋਨ ਕਰ ਕੇ ਪ੍ਰਵਾਨ ਕੀਤਾ ਸੀ ਕਿ ਉਨ੍ਹਾਂ ਨੂੰ ਕੋਈ ਗੁਨਾਹ ਨਹੀਂ ਕੀਤਾ ਪਰ ਸਿਆਸਤ ਤੋਂ ਪੇ੍ਰਰਿਤ ਉਨ੍ਹਾਂ ਵਿਰੁਧ ਹੁਕਮਨਾਮਾ ਜਾਰੀ ਕਰ ਦਿਤਾ ਗਿਆ। ਭਾਈ ਸਤਨਾਮ ਸਿੰਘ ਨੇ ਦੁਹਰਾਇਆ ਕਿ ‘ਰੋਜ਼ਾਨਾ ਸਪੋਕਸਮੈਨ’ ਵਿਚ ਅਨੇਕਾਂ ਵਾਰ ਇਸ ਦਾ ਜ਼ਿਕਰ ਹੋਣ ਦੇ ਬਾਵਜੂਦ ਵੀ ਗਿਆਨੀ ਗੁਰਬਚਨ ਸਿੰਘ ਨੇ ਅੱਜ ਤਕ ਇਸ ਦਾ ਖੰਡਨ ਕਰਨ ਦੀ ਜੁਰਅਤ ਨਹੀਂ ਕੀਤੀ। ਉਨ੍ਹਾਂ ਦਸਿਆ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਾਦੂ ਪੀਰ ਦੀ ਸਮਾਧ ਨੂੰ ਨਮਸਕਾਰ ਕਰਨ ਉਪਰੰਤ ਪੰਜ ਸਿੰਘਾਂ ਵਲੋਂ ਸੁਣਾਈ ਸਜ਼ਾ ਅਤੇ ਚਮਕੌਰ ਦੀ ਗੜ੍ਹੀ ਵਿਚੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਬਚ ਕੇ ਨਿਕਲ ਜਾਣ ਦਾ ਹੁਕਮ ਸੁਣਾਉਣ ਵਾਲੇ
ਪੰਜ ਸਿੰਘਾਂ ਦੀ ਹਰ ਗੱਲ ਗੁਰੂ ਜੀ ਵਲੋਂ ਮੰਨਣ ਦੀਆਂ ਹੋਰ ਵੀ ਮਿਸਾਲਾਂ ਸਿੱਖ ਇਤਿਹਾਸ ਵਿਚ ਮਿਲਦੀਆਂ ਹਨ ਤਾਂ ਸੌਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਦੇਣ ਦਾ ਪੰਜ ਪਿਆਰਿਆਂ ਵਲੋਂ ਨੋਟਿਸ ਲੈਣ ’ਤੇ ਉਨ੍ਹਾਂ ਨੂੰ ਨੌਕਰੀ ਤੋਂ ਫ਼ਾਰਗ ਕਰ ਦੇਣ ਦੀ ਹਰਕਤ ਦਾ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਅਤੇ ਬਾਦਲ ਦਲ ਦੇ ਆਗੂਆਂ ਨੂੰ ਸੰਗਤ ਦੀ ਕਚਹਿਰੀ ਵਿਚ ਜਵਾਬ ਜ਼ਰੂਰ ਦੇਣਾ ਪਵੇਗਾ। ਭਾਈ ਸਤਨਾਮ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਸੌਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਦੇਣ ਦਾ ਵਿਰੋਧ ਕਰਦਿਆਂ ਤਖ਼ਤਾਂ ਦੇ ਜਥੇਦਾਰਾਂ ਨੂੰ ਤਲਬ ਕੀਤਾ ਸੀ ਪਰ ਉਨ੍ਹਾਂ ਪੇਸ਼ ਹੋਣ ਦੀ ਬਜਾਇ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਨੂੰ ਹੀ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।