Interview: ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ SSP ਘੋਟਣੇ ਨਾਲ ਕੀਤੀ ਸੀ ਫ਼ੋਨ ’ਤੇ ਗੱਲ, ਮੁੜ ਕਦੇ ਨਹੀਂ ਮਿਲੇ ਜਥੇਦਾਰ ਕਾਉਂਕੇ: ਦਵਿੰਦਰ ਸਿੰਘ ਸੋਢੀ
Published : Jan 11, 2024, 7:24 am IST
Updated : Jan 11, 2024, 8:01 am IST
SHARE ARTICLE
Davinder Singh Sodhi
Davinder Singh Sodhi

ਕਿਹਾ, 2015 ’ਚ ਬਾਦਲ ਨੇ ਸੁਮੇਧ ਸੈਣੀ ਨੂੰ ਕੀਤਾ ਸੀ ਫ਼ੋਨ ਤੇ ਅਗਲੇ ਦਿਨ ਬਹਿਬਲ ਕਲਾਂ ਵਿਚ ਚਲੀ ਸੀ ਗੋਲੀ?

Interview: "ਪੰਥ ਦੇ ਨਾਂਅ ’ਤੇ ਸਿਰਫ਼ ਰਾਜ ਕਰਨਾ ਚਾਹੁੰਦੇ ਸਨ ਪ੍ਰਕਾਸ਼ ਸਿੰਘ ਬਾਦਲ"
ਕਿਹਾ, ਸੁਖਬੀਰ ਬਾਦਲ ਦਸਣ ਕਿ ਉਹ ਕਿਹੜੀਆਂ ਗ਼ਲਤੀਆਂ ਦੀਆਂ ਭੁੱਲਾਂ ਬਖ਼ਸ਼ਾ ਰਹੇ ਨੇ

ਚੰਡੀਗੜ੍ਹ: 1978 ਤੋਂ ਲੈ ਕੇ 1995 ਤਕ ਪੰਜਾਬ ਵਿਚ ਅਜਿਹਾ ਦੌਰ ਸੀ ਕਿ ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਡਰਦੇ ਸਨ। ਉਸ ਦੌਰ ਵਿਚ ਨੌਜਵਾਨਾਂ ਦੇ ਮੁਕਾਬਲੇ ਵੀ ਹੋਏ, ਜਿਨ੍ਹਾਂ ਨੂੰ ਲੈ ਕੇ ਹੁਣ ਕਈ ਸਾਲਾਂ ਬਾਅਦ ਪਰਤਾਂ ਖੁਲ੍ਹ ਰਹੀਆਂ ਹਨ। ਇਨ੍ਹੀਂ ਦਿਨੀਂ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਮਾਮਲਾ ਚਰਚਾ ਵਿਚ ਹੈ, ਜਿਨ੍ਹਾਂ ਨੂੰ 25 ਦਸੰਬਰ 1992 ਨੂੰ ਕਥਾ ਕਰਦਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਪਰ ਉਹ ਕਦੇ ਵਾਪਸ ਨਹੀਂ ਪਰਤੇ। ਅਜਿਹਾ ਹੀ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਭਾਈ ਜਸਵੰਤ ਸਿੰਘ ਖਾਲੜਾ ਅਤੇ ਹੋਰ ਕਈ ਨੌਜਵਾਨਾਂ ਨਾਲ ਵਾਪਰਿਆ।

ਇਸ ਪੂਰੇ ਘਟਨਾਕ੍ਰਮ ਬਾਰੇ ਰੋਜ਼ਾਨਾ ਸਪੋਕਸਮੈਨ ਵਲੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਸੋਢੀ ਨਾਲ ਅਹਿਮ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਕਾਫ਼ੀ ਸਮਾਂ ਭਾਈ ਗੁਰਦੇਵ ਸਿੰਘ ਕਾਉਂਕੇ ਨਾਲ ਗੁਜ਼ਾਰਿਆ ਹੈ। ਦਵਿੰਦਰ ਸਿੰਘ ਸੋਢੀ ਨੇ ਗੱਲਬਾਤ ਦੌਰਾਨ ਦਸਿਆ, “ਇਹ ਬਿਲਕੁਲ ਸਹੀ ਹੈ ਕਿ ਜਦੋਂ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਕੋਹ-ਕੋਹ ਕੇ ਮਾਰਿਆ ਗਿਆ। ਕੋਈ ਦਰਿਆ ਦਾ ਅਜਿਹਾ ਪੁਲ ਨਹੀਂ ਹੋਵੇਗਾ ਜਿਸ ਵਿਚ ਸਾਡੇ ਵੀਰਾਂ ਦੇ ਟੋਟੇ ਕਰ-ਕਰ ਮੱਛੀਆਂ ਨੂੰ ਨਾ ਪਾਏ ਹੋਣਗੇ। ਪਰ ਦੁੱਖ ਦੀ ਗੱਲ ਇਹ ਹੈ ਕਿ ਅਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ 1996 ਵਿਚ ਚੋਣਾਂ ਲਈ ਤਿਆਰ ਕੀਤੇ ਗਏ ਮੈਨੀਫ਼ੈਸਟੋ ਵਿਚ ਵਾਅਦਾ ਕੀਤਾ ਸੀ ਕਿ ਪੰਥਕ ਸਰਕਾਰ ਬਣਨ ’ਤੇ ਝੂਠੇ ਮੁਕਾਬਲਿਆਂ ਵਿਚ ਮਾਰੇ ਗਏ ਨੌਜਵਾਨਾਂ ਦੀ ਜਾਂਚ ਲਈ ਕਮਿਸ਼ਨ ਬਣਾਇਆ ਜਾਵੇਗਾ ਅਤੇ ਪੁਲਿਸ ਅਫ਼ਸਰਾਂ ਨੂੰ ਸਜ਼ਾਵਾਂ ਦਿਤੀਆਂ ਜਾਣਗੀਆਂ। ਦੋਸ਼ੀ ਅਫ਼ਸਰਾਂ ਨੂੰ ਸਜ਼ਾਵਾਂ ਦੇਣਾ ਤਾਂ ਦੂਰ ਦੀ ਗੱਲ ਸਗੋਂ ਉਨ੍ਹਾਂ ਨੂੰ ਉੱਚ ਅਹੁਦਿਆਂ ਉਤੇ ਬਿਠਾਇਆ ਗਿਆ। ਜਦੋਂ ਰਾਜ ਮਿਲਿਆ ਤਾਂ ਉਹ ਸੱਭ ਕੁੱਝ ਭੁੱਲ ਗਏ। ਉਨ੍ਹਾਂ ਨੇ ਤੁਰਤ ਕੋਈ ਕਾਰਵਾਈ ਨਹੀਂ ਕੀਤੀ। ਸਵਾ ਸਾਲ ਬਾਅਦ ਇਨਕੁਆਇਰੀ ਮਾਰਕ ਕੀਤੀ ਗਈ। ਕੀ ਉਹ ਲੋਕਾਂ ਦੇ ਰੌਲਾ ਪਾਉਣ ਦਾ ਇੰਤਜ਼ਾਰ ਕਰ ਰਹੇ ਸਨ?"

ਦਰਅਸਲ 1997 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਅਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ 6 ਮਾਰਚ 1998 ਇਕ ਸਾਲ ਬਾਅਦ ਇਨਕੁਆਇਰੀ ਮਾਰਕ ਕੀਤੀ ਗਈ। ਇਸ ਦੀ ਜਾਂਚ ਰੀਪੋਰਟ ਦਬ ਕੇ ਰੱਖੀ ਗਈ ਜੋ ਕਿ ਪੰਜਾਬ ਹਿਊਮਨ ਰਾਈਟ ਆਰਗੇਨਾਈਜ਼ੇਸ਼ਨ ਵਲੋਂ 2010 ਵਿਚ ਆਰ.ਟੀ.ਆਈ. ਜ਼ਰੀਏ ਪ੍ਰਾਪਤ ਕੀਤੀ ਗਈ। ਦਵਿੰਦਰ ਸਿੰਘ ਸੋਢੀ ਨੇ ਦਸਿਆ,“ਪ੍ਰਕਾਸ਼ ਸਿੰਘ ਬਾਦਲ ਨੇ ਅਪਣੇ ਕਰੀਬੀ ਮਾਨ ਸਿੰਘ ਗਰਚਾ ਦੇ ਘਰੋਂ ਸਵਰਨ ਸਿੰਘ ਘੋਟਣੇ ਨੂੰ ਫ਼ੋਨ ਕੀਤਾ। ਉਦੋਂ ਕੀ ਕਿਹਾ ਹੋਵੇਗਾ? ਜਥੇਦਾਰ ਕਾਉਂਕੇ ਬਾਰੇ ਪਿਛਲੇ ਦਿਨੀਂ ਸਾਹਮਣੇ ਆਈ ਰੀਪੋਰਟ ਬਣਾਉਣ ਵਾਲੇ ਬੀ.ਪੀ. ਤਿਵਾੜੀ ਨੂੰ ਇਹ ਵੀ ਲਿਖਣਾ ਚਾਹੀਦਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਘੋਟਣੇ ਨੂੰ ਅਜਿਹਾ ਕੀ ਕਿਹਾ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਟੋਟੇ-ਟੋਟੇ ਕਰ ਕੇ ਦਰਿਆ ਵਿਚ ਸੁੱਟ ਦਿਤਾ। ਦੂਜੀ ਵਾਰ 2015 ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਰਹਿੰਦਿਆਂ ਰਾਤ ਨੂੰ 2 ਵਜੇ ਸੁਮੇਧ ਸੈਣੀ ਨੂੰ ਫ਼ੋਨ ਕੀਤਾ ਤਾਂ ਅਗਲੇ ਦਿਨ ਬਹਿਬਲ ਕਲਾਂ ਵਿਚ ਗੋਲੀਆਂ ਚਲਾਈਆਂ ਗਈਆਂ।’’

ਬੀ.ਪੀ. ਤਿਵਾੜੀ ਦੀ ਰੀਪੋਰਟ ਦਾ ਜ਼ਿਕਰ ਕਰਦਿਆਂ ਸੰਯੁਕਤ ਅਕਾਲੀ ਦਲ ਦੇ ਆਗੂ ਨੇ ਕਿਹਾ, “(ਅਕਾਲੀ ਆਗੂ) ਬੰਟੀ ਰੋਮਾਣਾ ਨੇ ਅਕਾਲੀ ਦਲ ਅਤੇ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਸਫ਼ਾਈ ਦਿਤੀ ਕਿ ਰੀਪੋਰਟ ਵਿਚ ਗੁਮਰਾਹ ਕੀਤਾ ਗਿਆ ਹੈ, ਅਸਲ ਵਿਚ ਅਜਿਹਾ ਕੁੱਝ ਨਹੀਂ ਹੈ। ਉਨ੍ਹਾਂ ਨੂੰ ਕਹਿਣਾ ਇਹ ਚਾਹੀਦਾ ਸੀ ਕਿ ਦੋਸ਼ੀ ਕਾਂਗਰਸ ਹੈ ਪਰ ਸਾਡੇ ਤੋਂ ਵੀ ਗ਼ਲਤੀ ਹੋਈ ਹੈ।’’ ਬੰਟੀ ਰੋਮਾਣਾ ਦੇ ਬਿਆਨ ਉਤੇ ਸਵਾਲ ਚੁਕਦਿਆਂ ਉਨ੍ਹਾਂ ਕਿਹਾ ਕਿ ਬੰਟੀ ਰੋਮਾਣਾ ਤਸਵੀਰ ਦਿਖਾ ਰਹੇ ਹਨ ਕਿ ਭਾਈ ਕਾਉਂਕੇ ਨੂੰ ਇਨਸਾਫ਼ ਦਿਵਾਉਣ ਲਈ ਪ੍ਰਕਾਸ਼ ਸਿੰਘ ਬਾਦਲ ਧਰਨੇ ਉਤੇ ਬੈਠੇ ਸੀ। ਉਨ੍ਹਾਂ ਕਿਹਾ,‘‘ਜਦੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਸੀ ਕਿ ਝੂਠਾ ਮੁਕਾਬਲਾ ਬਣਿਆ ਹੈ ਤਾਂ ਕਿਸ ਚੀਜ਼ ਦਾ ਇੰਤਜ਼ਾਰ ਸੀ। ਉਨ੍ਹਾਂ ਨੂੰ ਬੀ.ਪੀ. ਤਿਵਾੜੀ ਦੀ ਰੀਪੋਰਟ ਦੀ ਉਡੀਕ ਦੀ ਲੋੜ ਕਿਉਂ ਪਈ? ਜੇ ਰੀਪੋਰਟ ਸਹੀ ਨਹੀਂ ਸੀ ਤਾਂ ਉਸ ਵਿਰੁਧ ਕਾਰਵਾਈ ਕਿਉਂ ਨਹੀਂ ਹੋਈ।’’

ਦਵਿੰਦਰ ਸੋਢੀ ਨੇ ਅੱਗੇ ਦਸਿਆ,“ਹਰਦੇਵ ਸਿੰਘ ਅਰਸ਼ੀ ਸੀ.ਪੀ.ਆਈ. ਦੀ ਟਿਕਟ ’ਤੇ ਵਿਧਾਇਕ ਬਣੇ ਤਾਂ ਉਨ੍ਹਾਂ ਨੇ ਵਿਧਾਨ ਸਭਾ ਵਿਚ ਸਵਾਲ ਚੁੱਕਿਆ ਸੀ ਕਿ ਬਾਦਲ ਸਾਹਬ ਤੁਹਾਡੇ ਵਾਅਦੇ ਦਾ ਕੀ ਬਣਿਆ? ਤਾਂ ਬਾਦਲ ਨੇ ਕਿਹਾ ਸੀ ਕਿ ਛੱਡੋ, ਜਿਹੜੇ ਮੁਰਦੇ ਦਬੇ ਗਏ, ਉਨ੍ਹਾਂ ਨੂੰ ਕਿਉਂ ਉਖਾੜ ਰਹੇ ਹੋ...ਹੁਣ ਆਪਾਂ ਅੱਗੇ ਵਧੀਏ।’’ ਸੁਖਬੀਰ ਬਾਦਲ ਨੂੰ ਸਵਾਲ ਕਰਦਿਆਂ ਦਵਿੰਦਰ ਸੋਢੀ ਨੇ ਕਿਹਾ ਕਿ ਸੁਖਬੀਰ ਬਾਦਲ ਗ਼ਲਤੀਆਂ ਦੀਆਂ ਭੁੱਲਾਂ ਬਖ਼ਸ਼ਾ ਰਹੇ ਨੇ ਪਰ ਦਸਣ ਵੀ ਕਿ ਉਨ੍ਹਾਂ ਨੇ ਕਿਹੜੀਆਂ-ਕਿਹੜੀਆਂ ਗ਼ਲਤੀਆਂ ਕੀਤੀਆਂ। ਹੁਣ ਉਹ ਫਿਰ ਗ਼ਲਤੀਆਂ ਦੁਹਰਾ ਰਹੇ ਹਨ। ਸੁਖਬੀਰ ਇਸ ਮਾਮਲੇ ਵਿਚ ਮੈਦਾਨ ’ਚ ਕਿਉਂ ਨਹੀਂ ਆ ਰਹੇ? ਦਵਿੰਦਰ ਸਿੰਘ ਸੋਢੀ ਨੇ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਵਾਕਈ ਸੁਹਿਰਦ ਹੈ ਤਾਂ ਮੌਜੂਦਾ ਹਾਈ ਕੋਰਟ ਦੇ ਜੱਜ ਦੀ ਅਗਵਾਈ ਹੇਠ ਜਾਂਚ ਬਿਠਾਉਣੀ ਚਾਹੀਦੀ ਹੈ। ਅਜਿਹੇ ਮਾਮਲਿਆਂ ਵਿਚ ਦੋਸ਼ੀ ਚਾਹੇ ਮਰ ਗਏ ਪਰ ਉਨ੍ਹਾਂ ਦੇ ਦੋਸ਼ ਸਾਬਤ ਹੋਣੇ ਚਾਹੀਦੇ ਹਨ।  

ਪੰਥ ਦੇ ਨਾਂਅ ’ਤੇ ਸਿਰਫ਼ ਰਾਜ ਕਰਨਾ ਚਾਹੁੰਦੇ ਸਨ ਪ੍ਰਕਾਸ਼ ਸਿੰਘ ਬਾਦਲ”

ਪ੍ਰਕਾਸ਼ ਸਿੰਘ ਬਾਦਲ ਦੇ ‘ਪੰਥ ਵਿਰੋਧੀ ਕੰਮਾਂ’ ਦਾ ਜ਼ਿਕਰ ਕਰਦਿਆਂ ਦਵਿੰਦਰ ਸੋਢੀ ਨੇ ਕਿਹਾ,‘‘ਅਸੀਂ ਸ਼ੁਰੂ ਤੋਂ ਕਹਿੰਦੇ ਰਹੇ ਕਿ ਪ੍ਰਕਾਸ਼ ਸਿੰਘ ਬਾਦਲ ਨੇ ‘ਪੰਥਕ ਮੁਖੌਟਾ’ ਪਾਇਆ ਹੋਇਆ ਹੈ। ਉਹ ਪੰਥ ਦੇ ਨਾਂਅ ’ਤੇ ਸਿਰਫ਼ ਰਾਜ ਕਰਨਾ ਚਾਹੁੰਦੇ ਸਨ। ਸਰਕਾਰ ਬਣਦਿਆਂ ਹੀ ਪ੍ਰਕਾਸ਼ ਸਿੰਘ ਬਾਦਲ ਨੇ ਭਨਿਆਰਾ ਵਾਲੇ ਦਾ ਭਵ ਸਾਗਰ ਗ੍ਰੰਥ ਜਾਰੀ ਕਰਵਾਇਆ। ਨੌਜਵਾਨਾਂ ਨੂੰ ਡਾਂਗਾਂ ਨਾਲ ਕੁੱਟਿਆ ਗਿਆ, ਸੁਮੇਧ ਸੈਣੀ ਨੂੰ ਡੀ.ਜੀ.ਪੀ. ਲਗਾਇਆ, ਜਿਸ ਨੇ ਚੰਡੀਗੜ੍ਹ ਰਹਿੰਦਿਆਂ ਪ੍ਰੋਫ਼ੈਸਰ ਦਵਿੰਦਰਪਾਲ ਭੁੱਲਰ ਦੇ ਮਾਸੜ ਅਤੇ ਪਿਤਾ ਨੂੰ ਸ਼ਹੀਦ ਕੀਤਾ ਸੀ, ਜਿਨ੍ਹਾਂ ਦਾ ਅੱਜ ਤਕ ਪਤਾ ਨਹੀਂ ਲੱਗਿਆ। 1986 ’ਚ ਨਕੋਦਰ ਵਿਚ ਨੌਜਵਾਨਾਂ ਨੂੰ ਸ਼ਹੀਦ ਕਰਨ ਵਾਲੇ ਇਜ਼ਹਾਰ ਆਲਮ ਨੂੰ ਅਹੁਦੇ ਦਿਤੇ। ਇਨ੍ਹਾਂ ਤੋਂ ਹੋਰ ਕੀ ਆਸ ਰੱਖੀ ਜਾਵੇ।’’ ਅਕਾਲੀ ਦਲ ਸੰਯੁਕਤ ਦੇ ਆਗੂ ਨੇ ਕਿਹਾ, “1978 ਵਿਚ ਨਿਰੰਕਾਰੀ ਦਿੱਲੀ ਤੋਂ ਆ ਕੇ ਅੰਮ੍ਰਿਤਸਰ ਵਿਚ ਸਿੱਖਾਂ ਨੂੰ ਵੰਗਾਰਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਚੁਨੌਤੀ ਦਿੰਦਾ ਹੈ ਅਤੇ 13 ਸਿੰਘਾਂ ਉਤੇ ਗੋਲੀਆਂ ਚਲਾ ਕੇ ਸ਼ਹੀਦ ਕਰ ਦਿਤਾ ਗਿਆ। ਬਾਦਲ ਸਰਕਾਰ ਦੇ ਮੰਤਰੀ ਬਲਵੰਤ ਸਿੰਘ ਨੇ ਉਨ੍ਹਾਂ ਨੂੰ ਦਿੱਲੀ ਵਿਚ ਬਿਠਾਇਆ ਅਤੇ ਕੇਸ ਅੰਮ੍ਰਿਤਸਰ ਤੋਂ ਹਰਿਆਣਾ ਵਿਚ ਤਬਦੀਲ ਕਰਵਾ ਦਿਤਾ ਗਿਆ।’’

ਸਵਰਨ ਘੋਟਣੇ ਨੇ ਤਰਨਤਾਰਨ ’ਚ ਔਰਤਾਂ ਨੂੰ ਨਗਨ ਕਰ ਕੇ ਕੀਤੀ ਸੀ ਕੁੱਟਮਾਰ”

ਸੋਢੀ ਨੇ ਅੱਗੇ ਕਿਹਾ,“ਸਾਨੂੰ ਉਮੀਦ ਉਸ ਤੋਂ ਸੀ ਜੋ ਖ਼ੁਦ ਨੂੰ ਪੰਥਕ ਦਸਦੇ ਸਨ, ਉਸ ਤੋਂ ਬਾਅਦ ਦੋ ਵਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ। ਸੁਖਬੀਰ ਬਾਦਲ 8 ਸਾਲ ਗ੍ਰਹਿ ਮੰਤਰੀ ਰਹੇ, ਕੀ ਉਹ ਸੁੱਤੇ ਰਹੇ? ਸਿਰਫ਼ ਗੁਰਦੇਵ ਸਿੰਘ ਕਾਉਂਕੇ ਦੀ ਕਹਾਣੀ ਨਹੀਂ ਸੀ, ਹੋਰ ਕਿੰਨੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ। ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਉਨ੍ਹਾਂ ਦੇ ਸੇਵਾਦਾਰ ਨੂੰ ਐਸ.ਐਸ.ਪੀ. ਅਜੀਤ ਸਿੰਘ ਸੰਧੂ ਨੇ ਦੋ ਜੀਪਾਂ ਪਾ ਕੇ ਟੋਟੇ ਕਰ ਦਿਤੇ। ਸਵਰਨ ਸਿੰਘ ਘੋਟਣੇ ਨੇ ਗੁਰਦੇਵ ਸਿੰਘ ਦੇਬੂ ਨੂੰ ਦੇਗੇ ਵਿਚ ਉਬਾਲਿਆ। ਸਵਰਨ ਸਿੰਘ ਘੋਟਣੇ ਨੇ ਤਰਨਤਾਰਨ ਦਾ ਡੀ.ਐਸ.ਪੀ. ਰਹਿੰਦਿਆਂ ਸਰਹੱਦੀ ਪਿੰਡ ਦੀਆਂ ਔਰਤਾਂ ਨੂੰ ਨਗਨ ਕਰ ਕੇ ਕੁੱਟਮਾਰ ਕੀਤੀ ਅਤੇ ਘੁੰਮਾਇਆ। ਪਿੰਡ ਦੇ ਲੋਕ ਡਰ ਕਾਰਨ ਪਾਕਿਸਤਾਨ ਵਲ ਭੱਜ ਗਏ ਅਤੇ ਪਾਕਿਸਤਾਨੀ ਰੇਂਜਰਾਂ ਨੇ ਉਨ੍ਹਾਂ ਦੀ ਦੇਖਭਾਲ ਕੀਤੀ ਅਤੇ ਅਗਲੇ ਦਿਨ ਸਰਕਾਰ ਨੇ ਸਵਰਨ ਘੋਟਣੇ ਦੀ ਬਦਲੀ ਕੀਤੀ ਤਾਂ ਪਿੰਡ ਵਾਸੀ ਵਾਪਸ ਆਏ। 1984 ਤੋਂ ਪਹਿਲਾਂ ਉਸ ਨੇ ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਕੁਲਵੰਤ ਸਿੰਘ ਨਾਗੋਕੇ ਦੀਆਂ ਅੱਖਾਂ ਕੱਢੀਆਂ ਅਤੇ ਲੱਤਾਂ ਕੱਟ ਦਿਤੀਆਂ। ਸੁਮੇਧ ਸੈਣੀ, ਗੋਬਿੰਦ ਰਾਮ, ਸ਼ਾਮ ਸੁੰਦਰ ਅਤੇ ਸਵਰਨ ਘੋਟਣਾ, ਡੀ.ਆਰ. ਭੱਟੀ, ਐਸਪੀ ਬੰਗਾ ਇਹ ਸੱਭ ਬੁੱਚੜ ਸਨ। ਅਸੀਂ ਉਦੋਂ ਤੋਂ ਰੌਲਾ ਪਾਉਂਦੇ ਰਹੇ ਪਰ ਸੁਣੇ ਕੌਣ? ਇਨ੍ਹਾਂ ਦੇ ਪਿੱਛੇ ਸਰਕਾਰਾਂ ਖੜ੍ਹਦੀਆਂ ਰਹੀਆਂ। ’’

ਬੀ.ਪੀ. ਤਿਵਾੜੀ ਦੀ ਰੀਪੋਰਟ

ਬੀ.ਪੀ. ਤਿਵਾੜੀ ਦੀ ਰੀਪੋਰਟ ਦਾ ਹਵਾਲਾ ਦਿੰਦਿਆਂ ਦਵਿੰਦਰ ਸੋਢੀ ਨੇ ਦਸਿਆ ਕਿ ਸਾਬਕਾ ਏ.ਡੀ.ਜੀ.ਪੀ. ਬੀ.ਪੀ. ਤਿਵਾੜੀ ਨੇ ਲਿਖਿਆ ਹੈ, “ਸਾਰੇ ਹਾਲਾਤ ਨੂੰ ਦੇਖਦੇ ਹੋਏ ਇਹ ਸਪੱਸ਼ਟ ਹੁੰਦਾ ਹੈ ਕਿ ਤਤਕਾਲੀ ਐਸ.ਐਚ.ਓ. ਅਤੇ ਹੁਣ ਡੀ.ਐਸ.ਪੀ. ਗੁਰਮੀਤ ਸਿੰਘ ਵਲੋਂ 25 ਦਸੰਬਰ 1992 ਨੂੰ ਭਾਈ ਗੁਰਦੇਵ ਸਿੰਘ ਨੂੰ ਉਸ ਦੇ ਘਰੋਂ ਲਿਆਇਆ ਗਿਆ ਜੋ ਕਿ ਮੁੜ ਕੇ ਵਾਪਸ ਨਹੀਂ ਆਇਆ।’’ ਇਸ ਰੀਪੋਰਟ ਵਿਚ ਅੱਗੇ ਕਿਹਾ ਗਿਆ, ‘‘ਇਹ ਗੱਲ ਵਿਸ਼ਵਾਸਯੋਗ ਨਹੀਂ ਕਿ ਗੁਰਦੇਵ ਸਿੰਘ ਕਾਉਂਕੇ ਨੂੰ 2 ਜਨਵਰੀ, 1993 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਹ ਪਿੰਡ ਕੰਨੀਆਂ ਦੀ ਹੱਦ ਉਤੇ ਖਾੜਕੂਆਂ ਅਤੇ ਪੁਲਿਸ ਪਾਰਟੀ ਦਰਮਿਆਨ ਹੋਈ ਗੋਲੀਬਾਰੀ ਦੌਰਾਨ ਭੱਜ ਗਏ ਸਨ।’’ ਰੀਪੋਰਟ ਵਿਚ ਇਹ ਵੀ ਕਿਹਾ ਗਿਆ ਹੈ,“ਸਾਰੇ ਬਿਆਨਾਂ ਦੀ ਘੋਖ ਕਰਨ ਤੋਂ ਬਾਅਦ ਲਗਦਾ ਹੈ ਕਿ ਕਾਉਂਕੇ ਨੂੰ ਪੁਲਿਸ ਹਿਰਾਸਤ ਵਿਚ ਰੱਖ ਕੇ ਝੂਠਾ ਕੇਸ ਬਣਾਉਣ ਦੀ ਕਹਾਣੀ ਦਾ ਸਾਰੇ ਛੋਟੇ ਅਤੇ ਵੱਡੇ ਅਫ਼ਸਰਾਂ ਨੂੰ ਪਤਾ ਸੀ। ਪਰ ਉਸ ਸਮੇਂ ਪੁਲਿਸ ਦਾ ਜੋ ਮਾਹੌਲ ਸੀ, ਉਸ ਤੋਂ ਜ਼ਾਹਰ ਹੁੰਦਾ ਹੈ ਕਿ ਪੁਲਿਸ ਅਧਿਕਾਰੀ ਜਾਂ ਤਾਂ ਜ਼ਿਮਨੀਆਂ ਲਿਖਦੇ ਹੀ ਨਹੀਂ ਸਨ ਜਾਂ ਛੋਟੇ ਅਫ਼ਸਰਾਂ ਦੁਆਰਾ ਲਿਖੀ ਜ਼ਿਮਨੀ ਉਤੇ ਬਿਨਾਂ ਪੜ੍ਹੇ ਦਸਤਖ਼ਤ ਕਰਦੇ ਰਹੇ ਸਨ।’’

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement