
ਸਿੱਖ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਸਨੌਰ ਵਿਖੇ
ਤਰਨਤਾਰਨ, 11 ਅਗੱਸਤ (ਚਰਨਜੀਤ ਸਿੰਘ): ਸਿੱਖ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਸਨੌਰ ਵਿਖੇ 6 ਨੌਜਵਾਨਾਂ ਨੂੰ ਗ਼ੈਰ-ਕਾਨੂੰਨੀ ਹਿਰਾਸਤ ਵਿਚ ਲੈ ਕੇ ਢਾਹੇ ਤਸ਼ੱਦਦ ਪ੍ਰਤੀ ਸਖ਼ਤ ਵਿਰੋਧਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀਤੇ ਵਿਚ ਵੀ ਪੰਜਾਬ ਪੁਲਿਸ ਦੀ ਜ਼ਾਲਮਾਨਾ ਮਾਨਸਿਕਤਾ ਕਾਰਨ ਪੰਜਾਬ ਦੀ ਅਣਖ਼ੀ ਨੌਜਵਾਨੀ ਦਾ ਘਾਣ ਹੁੰਦਾ ਰਿਹਾ ਹੈ ਅਤੇ ਨੌਜਵਾਨੀ ਨੂੰ ਭਟਕਾਉਣ ਲਈ ਮਜਬੂਰ ਕੀਤਾ ਜਾਂਦਾ ਰਿਹਾ ਹੈ।
ਸਨੌਰ ਵਿਖੇ ਸਹਾਇਕ ਥਾਣੇਦਾਰ ਅਤੇ ਪੁਲਿਸ ਟੋਲੀ ਵਲੋਂ ਤਾਜ਼ਾ ਹੀ ਢਾਹੇ ਅਣਮਨੁੱਖੀ ਕਹਿਰ ਨੇ ਕਾਲੇ ਦੌਰ ਨੂੰ ਦੁਹਰਾਇਆ ਹੈ।ਪੰਥਕ ਤਾਲਮੇਲ ਸੰਗਠਨ ਨੇ ਕਿਹਾ ਕਿ ਸਾਰੇ ਦੋਸ਼ੀਆਂ ਨੂੰ ਕਾਰਵਾਈ ਦੇ ਘੇਰੇ ਵਿਚ ਲੈਣ ਦੀ ਥਾਂ ਕੇਵਲ ਇਕ ਦੋ ਦੋਸ਼ੀਆਂ ਵਿਰੁਧ ਨਰਮ ਧਾਰਾਵਾਂ ਲਾਉਣ ਦੀਆਂ ਚਾਲਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਈ ਪੀ ਸੀ ਧਾਰਾ 330, 331 ਤੇ 166 ਲਾਉਣੀਆਂ ਕੇਵਲ ਖ਼ਾਨਾਪੂਰਤੀ ਹਨ ਅਤੇ ਇਹ ਅਹੁਦੇ ਦੀ ਦੁਰਵਰਤੋਂ ਦੇ ਗੁਨਾਹ ਨਾਲ ਹੀ ਜੁੜਦੀਆਂ ਹਨ।
ਜਦਕਿ 295 ਤੇ 307 ਲਗਾ ਕੇ ਕਤਲ ਦਾ ਕੇਸ ਚਲਾ ਕੇ ਦੋਸ਼ੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਤੁਰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਹੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵਿਰੁਧ ਵੀ ਸਖ਼ਤ ਕਾਰਵਾਈ ਕੀਤੀ ਜਾਵੇ ਜਿਸ ਨੇ ਨੌਜਵਾਨ ਦਾ ਤਿੰਨ ਦਿਨ ਤਕ ਸਿਟੀ ਸਕੈਨ ਕਰਾਉਣ ਵਿਚ ਆਨਾਕਾਨੀ ਕੀਤੀ ਅਤੇ ਨੌਜਵਾਨਾਂ ਨੂੰ ਪ੍ਰਾਈਵੇਟ ਹਸਪਤਾਲ ਵਿਚੋਂ ਇਲਾਜ ਲੈਣ ਲਈ ਨਸੀਹਤ ਕਰਦਾ ਰਿਹਾ।
ਸੰਗਠਨ ਨੇ ਚਿਤਾਵਨੀ ਦਿਤੀ ਕਿ ਜੇਕਰ ਪੁਲਿਸ ਮੁਲਾਜ਼ਮਾਂ ਤੇ ਮੈਡੀਕਲ ਸੁਪਰਡੈਂਟ ਵਿਰੁਧ ਬਣਦੀ ਸਖ਼ਤ ਕਾਰਵਾਈ ਨਾ ਕੀਤੀ ਤਾਂ ਪੰਥਕ ਜਥੇਬੰਦੀਆਂ ਇਕਜੁਟ ਹੋ ਕੇ ਜਨਤਕ ਵਿਰੋਧ ਅਤੇ ਅਦਾਲਤੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟਣਗੀਆਂ।