
ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਸ਼ਮੂਲੀਅਤ ਹੋਏਗੀ ਅਹਿਮ
ਚੰਡੀਗੜ੍ਹ, (ਭੁੱਲਰ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਣਕਾਰੀ ਦਿਤੀ ਹੈ ਕਿ 7 ਮੈਂਬਰੀ ਕਮੇਟੀ ਦੀ ਅੱਜ ਹੋਣ ਵਾਲੀ ਇਕੱਤਰਤਾ ਹੁਣ 13 ਫ਼ਰਵਰੀ ਨੂੰ ਚੰਡੀਗੜ੍ਹ ਵਿਖੇ ਹੋਵੇਗੀ।
ਉਨ੍ਹਾਂ ਦਸਿਆ ਹੈ ਕਿ ਇਹ ਇਕੱਤਰਤਾ 11 ਫ਼ਰਵਰੀ ਨੂੰ ਪਟਿਆਲਾ ਵਿਖੇ ਰੱਖੀ ਗਈ ਸੀ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਨੂੰ ਸੱਦਿਆ ਗਿਆ ਸੀ ਪਰੰਤੂ ਸ. ਭੂੰਦੜ ਦੇ ਸ. ਸੁਖਬੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਦੇ ਰੁਝੇਵੇਂ ਕਾਰਨ ਇਕੱਤਰਤਾ ਦਾ ਸਮਾਂ ਤਬਦੀਲ ਕੀਤਾ ਗਿਆ ਹੈ।
ਹੁਣ ਇਹ ਇਕੱਤਰਤਾ 13 ਫ਼ਰਵਰੀ ਨੂੰ ਚੰਡੀਗੜ੍ਹ ਸਥਿਤ ਸ਼੍ਰੋਮਣੀ ਕਮੇਟੀ ਦੇ ਉਪ ਦਫ਼ਤਰ ਵਿਖੇ ਹੋਵੇਗੀ। ਇਸ ਮੀਟਿੰਗ ਵਿਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਸ਼ਮੂਲੀਅਤ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੇ ਭਰਤੀ ਨੂੰ ਲੈ ਕੇ ਪਾਰਟੀ ਦਾ ਪੱਖ ਪੇਸ਼ ਕਰਨਾ ਹੈ,ਪਰ 7 ਮੈਂਬਰੀ ਕਮੇਟੀ ਸਾਰੀ ਭਰਤੀ ਅਪਣੀ ਨਿਗਰਾਨੀ ਹੇਠ ਹੀ ਕਰਵਾਉਣ ਦੇ ਅਕਾਲ ਤਖ਼ਤ ਦੇ ਫ਼ੈਸਲੇ ਮੁਤਾਬਕ ਕਰਵਾਉਣਾ ਚਾਹੁੰਦੀ ਹੈ।