
ਚੰਡੀਗੜ੍ਹ : ਦਰਬਾਰ ਏ ਖ਼ਾਲਸਾ ਅਤੇ 30 ਨੌਜਵਾਨ ਸਿੱਖ ਜਥੇਬੰਦੀਆਂ ਦੇ ਗਠਜੋੜ ਅਲਾਇੰਸ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਵਲੋਂ ਸਾਂਝੇ ਰੂਪ ਵਿਚ ਅੱਜ ਪ੍ਰੈੱਸ ਕਾਨਫ਼ਰੰਸ...
ਚੰਡੀਗੜ੍ਹ : ਦਰਬਾਰ ਏ ਖ਼ਾਲਸਾ ਅਤੇ 30 ਨੌਜਵਾਨ ਸਿੱਖ ਜਥੇਬੰਦੀਆਂ ਦੇ ਗਠਜੋੜ ਅਲਾਇੰਸ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਵਲੋਂ ਸਾਂਝੇ ਰੂਪ ਵਿਚ ਅੱਜ ਪ੍ਰੈੱਸ ਕਾਨਫ਼ਰੰਸ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਪੱਸ਼ਟ ਕਰਨ ਲਈ ਕਿਹਾ ਕਿ ਲੌਂਗੋਵਾਲ ਦਸਣ ਕਿ ਉਹ ਅਸਲ ਵਿਚ ਡੇਰਾ ਸਿਰਸਾ ਸਮਰਥਕ ਹਨ ਜਾਂ ਸਿੱਖ ?
ਦਰਬਾਰ-ਏ-ਖ਼ਾਲਸਾ ਜਥੇਬੰਦੀ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਅਤੇ ਅਲਾਇੰਸ ਦੇ ਮੁੱਖ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਨੇ ਦਸਿਆ ਕਿ 21 ਸਤੰਬਰ 2005 ਨੂੰ ਸੰਗਰੂਰ ਡੀਸੀ ਦਫ਼ਤਰ ਵਿਖੇ ਡੇਰਾ ਸਿਰਸਾ ਦੇ ਆਗੂ ਰਾਮ ਸਿੰਘ ਦੀ ਅਗਵਾਈ ਵਿਚ ਬਲਾਤਕਾਰੀ ਸਾਧ ਰਾਮ ਰਹੀਮ ਵਲੋਂ ਸਾਧਵੀਆਂ ਨਾਲ ਬਲਾਤਕਾਰ ਕਰਨ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ, ਰਣਜੀਤ ਕੁਮਾਰ ਦੇ ਕਤਲ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੇ ਵਿਰੋਧ ਵਿਚ ਡੇਰਾ ਪ੍ਰੇਮੀਆਂ ਵਲੋਂ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।
ਸੰਗਰੂਰ ਵਿਖੇ ਹੋਏ ਉਸ ਰੋਸ ਪ੍ਰਦਰਸ਼ਨ ਵਿਚ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਸ਼ਾਮਲ ਹੋਏ ਸਨ। ਲੌਂਗੋਵਾਲ ਨੇ ਬਲਾਤਕਾਰ ਤੇ ਕਤਲ ਕੇਸਾਂ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੇ ਵਿਰੋਧ ਵਿਚ ਡੇਰਾ ਪ੍ਰੇਮੀਆਂ ਵਲੋਂ ਦਿਤੇ ਉਸ ਧਰਨੇ ਵਿਚ ਰੋਸ ਪ੍ਰਗਟਾਇਆ ਸੀ ਜਿਸ ਤੋਂ ਸਾਫ਼ ਹੁੰਦਾ ਹੈ ਕਿ ਅੱਜ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਸ ਨੇ ਆਉਣ ਵਾਲੇ ਸਾਢੇ ਪੰਜ ਸੌ ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਤੇ ਸਿੱਖ ਕੌਮ ਦੀ ਅਗਵਾਈ ਕਰਨੀ ਹੈ, ਇਸ ਵੱਡੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਅਕਾਲੀ ਦਲ ਦੇ ਪ੍ਰਧਾਨ ਨੇ ਡੇਰਾ ਸਿਰਸਾ ਦੇ ਸਮਰਥਕ ਨੂੰ ਚੁਣਿਆ ਹੈ।
ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਇਸ ਘਟਨਾ 'ਤੇ ਆਣਾ ਰੁਖ਼ ਸਪੱਸ਼ਟ ਕਰਨ ਤੇ ਨਾਲ ਹੀ ਅਸੀਂ ਉਨ੍ਹਾਂ ਤੋਂ ਜਾਣਨਾ ਚਾਹੁੰਦੇ ਹਾਂ ਕਿ ਜੋ ਪਿਛਲੇ ਦਿਨੀਂ ਉਨ੍ਹਾਂ ਨੇ ਨਵਾਂਸ਼ਹਿਰ ਦੇ ਤਿੰਨ ਸਿੱਖ ਨੌਜਵਾਨਾਂ ਜਿਨ੍ਹਾਂ ਨੂੰ ਸਿੱਖ ਸਾਹਿਤ ਰੱਖਣ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਉਨ੍ਹਾਂ ਦੀ ਕਾਨੂੰਨੀ ਮਦਦ ਕਰਨ ਦੀ ਗੱਲ ਕੀਤੀ ਸੀ ਉਹ ਵੀ ਉਦੋਂ ਜਦੋਂ ਦੁਨੀਆਂ ਭਰ ਵਿਚ ਬੈਠੇ ਸਿੱਖਾਂ ਨੇ ਇਸ ਫ਼ੈਸਲੇ ਵਿਰੁਧ ਅਪਣਾ ਰੋਸ ਪ੍ਰਗਟਾਇਆ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਤੁਰਤ ਅਸਤੀਫ਼ੇ ਦੀ ਮੰਗ ਕਰਦੇ ਹਾਂ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਜੇਕਰ ਲੌਂਗੋਵਾਲ ਅਸਤੀਫ਼ਾ ਨਹੀਂ ਦਿੰਦੇ ਤਾਂ ਅਕਾਲ ਤਖ਼ਤ ਸਾਹਿਬ ਬੁਲਾ ਕੇ ਇਸ ਘਟਨਾ ਸਬੰਧੀ ਉਨ੍ਹਾਂ ਤੋਂ ਸਪੱਸ਼ਟੀਕਰਨ ਲਿਆ ਜਾਵੇ।