
ਜ਼ਿਲ੍ਹੇ ਦੀ ਸਬ ਡਵੀਜ਼ਨ ਮੌੜ ਅਧੀਨ ਪੈਂਦੇ ਪਿੰਡ ਰਾਮਨਗਰ ਵਿਖੇ ਗੁਟਕਾ ਸਾਹਿਬ ਦੇ ਪਾਵਨ ਅੰਗ ਪਿੰਡ ਵਿਚਕਾਰ ਇਕ ਗਲੀ ਵਿਚ ਖਿਲਰੇ ਮਿਲੇ...........
ਬਠਿੰਡਾ (ਦਿਹਾਤੀ) : ਜ਼ਿਲ੍ਹੇ ਦੀ ਸਬ ਡਵੀਜ਼ਨ ਮੌੜ ਅਧੀਨ ਪੈਂਦੇ ਪਿੰਡ ਰਾਮਨਗਰ ਵਿਖੇ ਗੁਟਕਾ ਸਾਹਿਬ ਦੇ ਪਾਵਨ ਅੰਗ ਪਿੰਡ ਵਿਚਕਾਰ ਇਕ ਗਲੀ ਵਿਚ ਖਿਲਰੇ ਮਿਲੇ ਜਿਸ ਤੋਂ ਬਾਅਦ ਪਿੰਡ ਅੰਦਰ ਤਣਾਅ ਅਤੇ ਗੁੱਸੇ ਦਾ ਮਾਹੌਲ ਬਣਿਆ ਵਿਖਾਈ ਦਿਤਾ। ਘਟਨਾ ਦਾ ਪਤਾ ਲੱਗਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਭਾਰੀ ਗਿਣਤੀ ਵਿਚ ਪੁਲਿਸ ਫ਼ੋਰਸ ਘਟਨਾ ਸਥਾਨ 'ਤੇ ਤਾਇਨਾਤ ਹੋ ਗਈ। ਡਿਪਟੀ ਕਮਿਸ਼ਨਰ ਬਠਿੰਡਾ ਅਤੇ ਐਸ.ਐਸ.ਪੀ ਨੇ ਘਟਨਾ ਸਥਾਨ 'ਤੇ ਪੁੱਜ ਕੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਬੇਅਦਬੀ ਦੇ ਕਾਂਡ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ ਰਾਮਨਗਰ ਵਿਚ ਜਦ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੰਗਤ ਵਿਚਲੀਆਂ ਕੁੱਝ ਬੀਬੀਆਂ ਨੇ ਗਲੀ ਵਿਚ ਖਿਲਰੇ ਪਾਵਨ ਗੁਟਕਾ ਸਾਹਿਬ ਦੇ ਅੰਗ ਵੇਖੇ ਤਾਂ ਉਨ੍ਹਾਂ ਗੁਰਦੁਆਰਾ ਸਾਹਿਬ ਤੋਂ ਬੇਅਦਬੀ ਦੀ ਸੂਚਨਾ ਸਪੀਕਰ ਵਿਚ ਕਰਵਾਈ। ਉਧਰ ਗਲੀ ਵਿਚ ਖਿਲਰੇ ਅੰਗਾਂ ਨੂੰ ਧਾਰਮਕ ਰਸਮਾਂ ਅਨੁਸਾਰ ਡੇਰਾ ਗੰਗਾ ਦਾਸ ਵਿਖੇ ਸੱਚਖੰਡ ਵਿਚ ਸੇਵਾ ਭਾਵਨਾ ਨਾਲ ਸੰਭਾਲ ਕੇ ਰੱਖਿਆ ਗਿਆ।
ਘਟਨਾ ਦਾ ਪਤਾ ਲੱਗਦਿਆਂ ਹੀ ਵੱਖ-ਵੱਖ ਧਾਰਮਕ ਜਥੇਬੰਦੀਆਂ ਸਣੇ ਸਿਆਸੀ ਪਾਰਟੀਆਂ ਦੇ ਆਗੂ ਵੀ ਘਟਨਾ ਸਥਾਨ 'ਤੇ ਪੁੱਜੇ। ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਅਪਣੇ ਸੰਬੋਧਨ 'ਚ ਕਿਹਾ ਕਿ ਮੰਦਭਾਗੀ ਘਟਨਾ ਨਾਲ ਸਿੱਖ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਹਰ ਇਕ ਸਿੱਖ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਪਾਵਨ ਗੁਟਕਾ ਸਾਹਿਬ ਦੇ ਪਾੜੇ ਗਏ ਅੰਗਾਂ ਨੂੰ ਉਦੋਂ ਤਕ ਸਸਕਾਰ ਲਈ ਗੋਇੰਦਵਾਲ ਸਾਹਿਬ ਨਹੀਂ ਭੇਜਿਆ ਜਾਵੇਗਾ ਜਦ ਤਕ ਦੋਸ਼ੀ ਨਹੀਂ ਫੜੇ ਜਾਂਦੇ।