
ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਰੋਸ ਮਾਰਚ ਕੱਢ ਕੇ ਕੀਤੀ ਇਨਸਾਫ਼ ਦੀ ਮੰਗ
ਕੋਟਕਪੂਰਾ : 12 ਅਕਤੂਬਰ 2015 ਨੂੰ ਵਾਪਰੇ ਬੇਅਦਬੀ ਕਾਂਡ ਦੇ ਠੀਕ 8 ਸਾਲ ਬਾਅਦ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਰਥਾਤ ਇਨਸਾਫ਼ ਦੀ ਮੰਗ ਲੈ ਕੇ ਵੱਖ-ਵੱਖ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਪੰਥਦਰਦੀਆਂ ਨੇ ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਸ਼ਾਂਤਮਈ ਰੋਸ ਮਾਰਚ ਸ਼ੁਰੂ ਕੀਤਾ, ਜੋ ਵੱਖ-ਵੱਖ ਪਿੰਡਾਂ ਰਾਹੀਂ ਹੁੰਦਾ ਹੋਇਆ ਸਥਾਨਕ ਬੱਤੀਆਂ ਵਾਲਾ ਚੌਕ ਵਿਚ ਪੁੱਜਾ।
ਜਿਥੇ ਪੰਥਕ ਆਗੂਆਂ ਕ੍ਰਮਵਾਰ ਭਾਈ ਅਮਰੀਕ ਸਿੰਘ ਅਜਨਾਲਾ, ਬਾਬਾ ਬਲਦੇਵ ਸਿੰਘ ਯੋਗੇਵਾਲਾ, ਰੇਸ਼ਮ ਸਿੰਘ ਖੁਖਰਾਣਾ, ਚਮਕੌਰ ਸਿੰਘ ਭਾਈਰੂਪਾ, ਸੁਖਰਾਜ ਸਿੰਘ ਨਿਆਮੀਵਾਲਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬਾਬਾ ਮੇਜਰ ਸਿੰਘ ਪੰਡੋਰੀ ਆਦਿਕ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਜਿੰਨਾ ਚਿਰ ਬੇਅਦਬੀ ਮਾਮਲਿਆਂ ਦਾ ਇਨਸਾਫ਼ ਨਹੀਂ ਮਿਲਦਾ, ਉਨਾ ਚਿਰ ਨਾ ਤਾਂ ਖ਼ੁਦ ਚੈਨ ਨਾਲ ਬੈਠਾਂਗੇ ਅਤੇ ਨਾ ਹੀ ਸਰਕਾਰਾਂ ਨੂੰ ਬੈਠਣ ਦੇਵਾਂਗੇ, ਅਪਣੀ ਸਮਰੱਥਾ ਮੁਤਾਬਕ ਇਨਸਾਫ਼ ਮਿਲਣ ਤਕ ਸੰਘਰਸ਼ ਜਾਰੀ ਰੱਖਾਂਗੇ।
ਉਨ੍ਹਾਂ ਆਖਿਆ ਕਿ ਉਕਤ ਸੰਵੇਦਨਸ਼ੀਲ ਅਤੇ ਦੁਖਦਾਇਕ ਮੁੱਦਿਆਂ ’ਤੇ ਬਹੁਤ ਰਾਜਨੀਤੀ ਹੋ ਚੁੱਕੀ ਹੈ ਜਿਸ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਖਿਆ ਕਿ ਸਾਡਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਸਬੰਧ ਨਹੀਂ ਪਰ ਬੇਸ਼ੱਕ ਅਸੀਂ ਜਬਰ ਦਾ ਮੁਕਾਬਲਾ ਸਬਰ ਨਾਲ ਕਰ ਰਹੇ ਹਾਂ ਅਤੇ ਸਰਕਾਰਾਂ ਨੇ ਸਾਡੇ ਨਾਲ ਧੱਕੇਸ਼ਾਹੀ ਜਾਰੀ ਰੱਖੀ ਤਾਂ ਉਹ ਤਲਵਾਰ ਚੁਕਣ ਤੋਂ ਵੀ ਗੁਰੇਜ਼ ਨਹੀਂ ਕਰਨਗੇ।
ਉਨ੍ਹਾਂ ਬੇਅਦਬੀ ਮਾਮਲਿਆਂ ਲਈ ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇਤ ਬਾਦਲ ਪ੍ਰਵਾਰ, ਅਨੇਕਾਂ ਅਕਾਲੀ ਆਗੂਆਂ ਅਤੇ ਡੇਰਾ ਸਿਰਸਾ ਦੇ ਮੁਖੀ ਸਮੇਤ ਉਸ ਦੇ ਸ਼ਰਧਾਲੂਆਂ ਦਾ ਨਾਮ ਲੈ ਕੇ ਕਸੂਰਵਾਰ ਠਹਿਰਾਉਂਦਿਆਂ ਆਖਿਆ ਕਿ ਜਾਂਚ ਏਜੰਸੀਆਂ ਅਤੇ ਜਾਂਚ ਕਮਿਸ਼ਨਾਂ ਨੇ ਸਾਰਾ ਕੱੁਝ ਪਤਾ ਕਰ ਲੈਣ ਦੇ ਬਾਵਜੂਦ ਵੀ ਅਜੇ ਤਕ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਦੀ ਜ਼ਰੂਰਤ ਨਹੀਂ ਸਮਝੀ।
ਉਨ੍ਹਾਂ ਦੋਸ਼ ਲਾਇਆ ਕਿ ਪਾਵਨ ਸਰੂਪ ਚੋਰੀ ਕਰਨ, ਹੱਥ ਲਿਖਤ ਪੋਸਟਰ ਲਾ ਕੇ ਲਲਕਾਰਨ ਅਤੇ ਪਾਵਨ ਸਰੂਪ ਦੇ ਅੰਗ ਖਿਲਾਰਨ ਵਾਲਿਆਂ ਦੀ ਪਹਿਲਾਂ ਬਾਦਲ ਸਰਕਾਰ ਨੇ ਸਰਪ੍ਰਸਤੀ ਕੀਤੀ ਤੇ ਫਿਰ ਬਾਦਲ ਦਲ ਦੇ ਆਗੂਆਂ ਸਮੇਤ ਉੱਚ ਪੁਲਿਸ ਅਧਿਕਾਰੀਆਂ ਨੇ ਸਰਪ੍ਰਸਤੀ ਕਰ ਕੇ ਉਨ੍ਹਾਂ ਨਾਲ ਲਿਹਾਜ ਪੁਗਾਈ ਜਿਸ ਕਰ ਕੇ ਹੁਣ ਕਿਸੇ ਵੀ ਸਰਕਾਰ ਤੋਂ ਇਨਸਾਫ਼ ਦੀ ਆਸ ਨਹੀਂ ਬਚੀ। ਉਂਝ ਵੱਖ ਵੱਖ ਬੁਲਾਰਿਆਂ ਨੇ ਦਾਅਵਾ ਕੀਤਾ ਕਿ 14 ਅਕਤੂਬਰ ਨੂੰ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਮੌਕੇ ਅਗਲੇਰੇ ਸੰਘਰਸ਼ ਬਾਰੇ ਸੰਗਤਾਂ ਖ਼ੁਦ ਐਲਾਨ ਕਰਨਗੀਆਂ। ਇਸ ਮੌਕੇ ਹੋਰਨਾ ਅਨੇਕਾਂ ਪੰਥਕ ਆਗੂਆਂ ਨੇ ਵੀ ਵਿਚਾਰ ਸਾਂਝੇ ਕੀਤੇ।