
12ਵੀਂ ਜਮਾਤ ਦੀ ਕਿਤਾਬ ’ਚ ਸਿੱਖ ਇਤਿਹਾਸ ਨਾਲ ਛੇੜਛਾੜ ਦਾ ਮਾਮਲਾ: ਬਲਦੇਵ ਸਿਰਸਾ ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ
ਚੰਡੀਗੜ੍ਹ: ਪੰਜਾਬ ਦੇ ਸਕੂਲਾਂ ਵਿਚ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਜਾ ਰਹੀ ਕਿਤਾਬ ‘ਹਿਸਟਰੀ ਆਫ ਪੰਜਾਬ’ ਵਿਚ ਸਿੱਖ ਇਤਿਹਾਸ ਨਾਲ ਕੀਤੀ ਗਈ ਛੇੜਛਾੜ ਦੇ ਮਾਮਲੇ ਵਿਚ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਦੇਵ ਸਿੰਘ ਸਿਰਸਾ ਨੇ ਅੱਜ ਅਹਿਮ ਪ੍ਰੈੱਸ ਕਾਨਫਰੰਸ ਕੀਤੀ।
ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਉਹਨਾਂ ਵਲੋਂ ਵਲੋਂ ਡੀ.ਜੀ.ਪੀ. ਪੰਜਾਬ ਨੂੰ ਸਬੂਤਾਂ ਸਮੇਤ ਇਕ ਲਿਖਤੀ ਸ਼ਿਕਾਇਤ ਪੱਤਰ ਦੇ ਕੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾਂ, ਦੋ ਸਾਬਕਾ ਚੈਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਦਲਬੀਰ ਸਿੰਘ ਢਿੱਲੋਂ ਤੇ ਹਰਬੰਸ ਸਿੰਘ ਸਿੱਧੂ ਸਮੇਤ 17 ਹੋਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਅਤੇ ਇਕ ਕਿਤਾਬ ਦੇ ਲੇਖਕ ਅਤੇ ਪਬਲੀਸ਼ਰ ਸਮੇਤ ਕੁੱਲ 22 ਦੋਸ਼ੀ ਵਿਅਕਤੀਆਂ ਖਿਲਾਫ਼ ਪਰਚਾ ਦਰਜ ਕਰਕੇ ਸਖ਼ਤ ਸਜ਼ਾਵਾਂ ਦਿਵਾਉਣ ਦੀ ਮੰਗ ਕੀਤੀ ਗਈ ਹੈ।
ਬਲਦੇਵ ਸਿੰਘ ਸਿਰਸਾ ਨੇ ਮੀਡੀਆ ਨੂੰ ਕਿਤਾਬ ਦਿਖਾਉਦਿਆਂ ਦੱਸਿਆ ਕਿ ਇਹ ਕਿਤਾਬ ਇੱਕ ਨਿੱਜੀ ਲੇਖਕ ਪ੍ਰੋ. ਮਨਜੀਤ ਸਿੰਘ ਸੋਢੀ ਵਾਸੀ 17-ਸੀ, ਮਾਡਲ ਹਾਊਸ ਜਲੰਧਰ ਵਲੋਂ ਲਿਖੀ ਗਈ ਹੈ ਅਤੇ ਇਸ ਕਿਤਾਬ ਦਾ ਨਾਮ “ਹਿਸਟਰੀ ਆਫ ਪੰਜਾਬ” ਹੈ। ਸਿਰਸਾ ਨੇ ਦੱਸਿਆ ਕਿ ਇਸ ਕਿਤਾਬ ‘ਚ ਲੇਖਕ ਨੇ ਸਿੱਖ ਇਤਿਹਾਸ ਨੂੰ ਇੱਕ ਡੂੰਘੀ ਸਾਜ਼ਿਸ ਦੇ ਤਹਿਤ ਤੋੜ-ਮਰੋੜ ਕੇ ਸਿੱਖ ਧਰਮ ਨੂੰ ਮੁੱਢੋਂ ਰੱਦ ਕਰਦਿਆਂ ਕਿਤਾਬ ਦੇ ਪੰਨਾ ਨੰ. 53-54 ’ਤੇ ਲਿਖਿਆ ਹੈ ਕਿ “ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਈ ਵੀ ਨਵੀਂ ਸੰਸਥਾ ਨਹੀਂ ਚਲਾਈ (ਭਾਵ ਕੋਈ ਨਵਾਂ ਧਰਮ ਨਹੀਂ ਚਲਾਇਆ) ਨਾ ਹੀ ਉਹਨਾਂ (ਗੁਰੂ ਨਾਨਕ ਦੇਵ ਜੀ) ਨੇ ਕਿਸੇ ਹਿੰਦੂ ਰੀਤੀ ਰਿਵਾਜ ਦਾ ਵਿਰੋਧ ਕੀਤਾ ਹੈ”। ਸਿਰਸਾ ਨੇ ਦੱਸਿਆ ਕਿ ਲੇਖਕ ਨੇ ਪੰਨਾ ਨੰ. 113-147 ਉੱਤੇ “ਸ੍ਰੀ ਗੁਰੂ ਤੇਗ ਬਹਾਦਰ ਜੀ ਖਿਲਾਫ ਇਤਿਹਾਸ ਨੂੰ ਬਹੁਤ ਵਿਗਾੜ ਕੇ ਲਿਖਣ ਦੇ ਨਾਲ-ਨਾਲ ਬੰਦਾ ਸਿੰਘ ਬਹਾਦਰ ਨੂੰ ਮਜ਼ਲੂਮਾਂ ਦਾ ਖੂਨ ਚੁਸ਼ਣ ਵਾਲਾ ਅਤੇ ਔਰਤਾਂ ਦੀਆਂ ਇੱਜ਼ਤਾਂ ਲੁੱਟਣ ਵਾਲਾ ਰਾਕਸ਼ਸ” ਦੱਸਿਆ ਹੈ।
ਬਲਦੇਵ ਸਿਰਸਾ ਨੇ ਕਿਹਾ ਕਿ ਉਕਤ ਲੇਖਕ ਵਲੋਂ ਇੱਕ ਡੂੰਘੀ ਸਾਜ਼ਿਸ ਤਹਿਤ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਧਰਮ ਦੇ ਵੱਖ-ਵੱਖ ਸਮੇਂ ਦੇ ਸਿੰਘ-ਸੂਰਮੇ-ਯੋਧਿਆਂ ਵਲੋਂ ਸਿਰਜੇ ਸ਼ਾਨਮਤੇ ਇਤਿਹਾਸ ਦੇ ਪ੍ਰਤੀ ਆਮ ਲੋਕਾਂ ਦੇ ਮਨਾਂ ‘ਚ ਤਰ੍ਹਾਂ-ਤਰ੍ਹਾਂ ਦੇ ਸ਼ੰਕੇ ਪੈਦਾ ਕਰਕੇ ਖਾਸ ਕਰਕੇ ਮਾਸੂਮ ਬੱਚਿਆ ਨੂੰ ਸਿੱਖ ਵਿਰਸੇ ਤੋਂ ਦੂਰ ਕਰਨ ਦੀ ਨਿਅਤ ਨਾਲ ਲਿਖੇ ਖਰੜੇ ਦੀ ਸਾਜ਼ਿਸ ਨੂੰ ਕਾਮਯਾਬ ਕਰਦਿਆਂ ਤਤਕਾਲੀ ਅਕਾਲੀ ਦਲ ਦੀ ਸਰਕਾਰ ਅਤੇ ਉਸ ਸਮੇਂ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਸਰਪ੍ਰਸਤੀ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੱਤਰ ਨੰ. ਪਸਸਕ ਅੰਕ-2008/24 ਮਿਤੀ 02-01-2008 ਰਾਹੀਂ ਛਪਾਈ ਗਈ ਕਿਤਾਬ ਲੰਮਾ ਸਮਾਂ ਪੰਜਾਬ ਦੇ ਸਕੂਲਾਂ ‘ਚ ਪੜਾਈ ਗਈ ਹੈ।
ਸਿਰਸਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਉਹ ਉਕਤ ਸਮੂਹ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹਾਂ ‘ਚ ਬੰਦ ਕਰਨ ਦੀ ਮੰਗ ਕਰਦੇ ਹਨ, ਉੱਥੇ ਹੀ ਸਮੁੱਚੇ ਸੰਸਾਰ ‘ਚ ਵਸਦੇ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਅਪੀਲ ਕਰਦੇ ਹਨ ਕਿ ਉਕਤ ਸਮੂਹ ਦੋਸ਼ੀਆਂ ਦਾ ਸਮਾਜਿਕ ਬਾਈਕਾਟ ਵੀ ਕੀਤਾ ਜਾਵੇ।