ਨਿਜੀ ਫ਼ਰਮ ਵਲੋਂ ਆਯੋਜਤ 'ਵਰਲਡ ਗਤਕਾ ਲੀਗ' ਨਾਲ ਕੋਈ ਸਬੰਧ ਨਹੀਂ
ਚੰਡੀਗੜ੍ਹ : ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ (ਰਜਿ.) ਤੇ ਵਿਸ਼ਵ ਗਤਕਾ ਫ਼ੈਡਰੇਸ਼ਨ (ਰਜਿ.) ਨੇ ਦਿੱਲੀ ਦੀ ਇਕ ਨਿਜੀ ਪ੍ਰੋਪਰਾਈਟਰਸ਼ਿਪ ਵਾਲੀ ਲਿਮਟਿਡ ਫ਼ਰਮ ਵਲੋਂ ਸਿੱਖ ਸ਼ਸਤਰ ਵਿਦਿਆ ਅਤੇ ਗਤਕੇ ਦੇ ਨਾਮ ਨੂੰ ਟਰੇਡ ਮਾਰਕ ਕਾਨੂੰਨ ਤਹਿਤ ਪੇਟੈਂਟ ਕਰਾਉਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਗਤਕਾ ਖੇਡ ਸਿੱਖ ਇਤਿਹਾਸ ਤੇ ਵਿਰਾਸਤ ਨਾਲ ਜੁੜੀ, ਗੁਰੂ ਸਾਹਿਬਾਨ ਵਲੋਂ ਵਰੋਸਾਈ ਸਮੁੱਚੀ ਕੌਮ ਦੀ ਮਾਣਮੱਤੀ ਤੇ ਪੁਰਾਤਨ ਖੇਡ ਹੈ ਅਤੇ ਕੋਈ ਵੀ ਇਸ ਨੂੰ ਰਜਿਸਟਰਡ ਜਾਂ ਪੇਟੈਂਟ ਨਹੀਂ ਕਰਵਾ ਸਕਦਾ।
ਉਕਤ ਸਬੰਧੀ ਇਕ ਬਿਆਨ ਵਿਚ ਅੱਜ ਇਥੇ ਨੈਸ਼ਨਲ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸਕੱਤਰ ਤੇਜਿੰਦਰ ਸਿੰਘ ਗਿੱਲ ਅਤੇ ਵਿਸ਼ਵ ਗਤਕਾ ਫ਼ੈਡਰੇਸ਼ਨ ਦੇ ਸਕੱਤਰ ਬਲਜੀਤ ਸਿੰਘ ਨੇ ਦਸਿਆ ਕਿ ਭਾਰਤੀ ਕੰਪਨੀ ਕਾਨੂੰਨ ਤਹਿਤ ਰਜਿਸਟਰਡ ਇਕ ਨਿਜੀ ਫ਼ਰਮ ਨੇ ਦੋ ਨਾਮ-ਗਤਕਾ ਅਤੇ ਸਿੱਖ ਸ਼ਸਤਰ ਵਿਦਿਆ, ਦੇ ਨਾਵਾਂ ਨੂੰ ਦਿੱਲੀ ਤੋਂ ਟਰੇਡ ਮਾਰਕ ਕਾਨੂੰਨ ਤਹਿਤ ਪੇਟੈਂਟ ਕਰਾਇਆ ਹੈ ਜੋ ਕਿ ਸਿੱਖ ਧਰਮ ਅਤੇ ਸਿੱਖ ਇਤਿਹਾਸ ਨਾਲ ਕੋਝਾ ਮਜ਼ਾਕ ਅਤੇ ਸਮੁੱਚੀ ਸਿੱਖ ਕੌਮ ਨੂੰ ਚੁਨੌਤੀ ਦੇਣ ਸਮਾਨ ਹੈ। ਇਸ ਧਾਰਮਕ ਮੁੱਦੇ 'ਤੇ ਸਬੰਧਤ ਨਿਜੀ ਫ਼ਰਮ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਚੋਟੀ ਦੀਆਂ ਉਕਤ ਸੰਸਥਾਵਾਂ ਨੇ ਗਤਕਾ ਅਤੇ ਸਿੱਖ ਸ਼ਸਤਰ ਵਿਦਿਆ ਗਤਕਾ ਨੂੰ ਟਰੇਡ ਮਾਰਕ ਤਹਿਤ ਪੇਟੈਂਟ ਕਰਾਉਣ ਦਾ ਮਕਸਦ ਸਿੱਖ ਧਰੋਹਰ 'ਤੇ ਕਬਜ਼ਾ ਕਰਨਾ ਦੇ ਤੁਲ ਕਰਾਰ ਦਿਤਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਸ ਨਿਜੀ ਫ਼ਰਮ ਨੇ ਗਤਕਾ ਅਤੇ ਸਿੱਖ ਸ਼ਸਤਰ ਵਿਦਿਆ ਨੂੰ ਟਰੇਡ ਮਾਰਕ ਤਹਿਤ ਪੇਟੈਂਟ ਕਰਾਉਣ ਦੀ ਗ਼ਲਤੀ ਸਬੰਧੀ ਤੁਰਤ ਸਿੱਖ ਕੌਮ ਤੋਂ ਮਾਫ਼ੀ ਨਾ ਮੰਗੀ ਅਤੇ ਇਨ੍ਹਾਂ ਦੋਵਾਂ ਟਰੇਡ ਮਾਰਕਾਂ ਨੂੰ ਤੁਰਤ ਰੱਦ ਨਾ ਕਰਾਇਆ ਤਾਂ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸੇ ਦੌਰਾਨ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਹੈ ਦਿੱਲੀ ਵਿਖੇ ਇਸੇ ਨਿਜੀ ਫ਼ਰਮ ਵਲੋਂ ਕਰਵਾਈ ਜਾ ਰਹੀ 'ਵਰਲਡ ਗਤਕਾ ਲੀਗ' ਨਾਲ ਨੈਸ਼ਨਲ ਗਤਕਾ ਐਸੋਸੀਏਸ਼ਨ ਅਤੇ ਵਿਸ਼ਵ ਗਤਕਾ ਫ਼ੈਡਰੇਸ਼ਨ ਦਾ ਕੋਈ ਸਬੰਧ ਨਹੀਂ ਅਤੇ ਨਾ ਹੀ ਇਸ ਗਤਕਾ ਲੀਗ ਨੂੰ ਉਨ੍ਹਾਂ ਵਲੋਂ ਕੋਈ ਵੀ ਮਾਨਤਾ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲਿਮਟਿਡ ਤੇ ਨਿਜੀ ਫ਼ਰਮ ਵਲੋਂ ਇਹ ਲੀਗ ਕਰਵਾਉਣ ਦਾ ਪ੍ਰਚਾਰ ਕਰ ਕੇ ਗਤਕਾ ਖਿਡਾਰੀਆਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।
                    
                