
ਵੱਡੀ ਗਿਣਤੀ ਵਿਚ ਪਹੁੰਚੀ ਸੰਗਤ ਨੇ ਮੱਥਾ ਟੇਕਣ ਤੋਂ ਬਾਅਦ ਕੀਤਾ ਪਵਿਤਰ ਸਰੋਵਰ ਵਿਚ ਇਸ਼ਨਾਨ
ਅੰਮ੍ਰਿਤਸਰ- ਸਿੱਖਾਂ ਦੇ ਨਵੇਂ ਸਾਲ ਨਾਨਕਸ਼ਾਹੀ ਸੰਮਤ 553 ਦੀ ਆਮਦ ਅਤੇ ਚੇਤ ਦੀ ਸੰਗਰਾਂਦ ਮੌਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਭਰ ਤੋਂ ਵੱਡੀ ਗਿਣਤੀ ਵਿਚ ਸੰਗਤ ਨਤਮਸਤਕ ਹੋਣ ਲਈ ਪਹੁੰਚੀ। ਇਸ ਮੌਕੇ ਜਿਥੇ ਸੰਗਤ ਨੇ ਗੁਰੂ ਘਰ ਮੱਥਾ ਟੇਕਿਆ ਉਥੇ ਹੀ ਇਲਾਹੀ ਬਾਣੀ ਦਾ ਕੀਰਤਨ ਵੀ ਸਰਵਣ ਕੀਤਾ।
Darbar Sahib
ਇਸ ਪਾਵਨ ਦਿਹਾੜੇ ਮੌਕੇ ਸੰਗਤ ਨੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਵੀ ਕੀਤਾ। ਇਸ ਮੌਕੇ ਸੰਗਤ ਵਿਚ ਕਾਫੀ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਵੇਖਣ ਨੂੰ ਮਿਲਿਆ। ਇਸ ਮੌਕੇ ਦੇਸ਼ ਭਰ ਦੇ ਵੱਖ ਵੱਖ ਸ਼ਹਿਰਾਂ ਤੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੀ ਸੰਗਤ ਨੇ ਦਸਿਆ ਕਿ ਨਵੇਂ ਸਾਲ ਦੇ ਪਹਿਲੇ ਦਿਨ ਚੇਤ ਮਹੀਨੇ ਦੀ ਸੰਗਰਾਂਦ ਮੌਕੇ ਅੱਜ ਉਹਨਾਂ ਨੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਦਰਸ਼ਨ ਕਰਕੇ ਕੀਤੀ ਹੈ ਅਤੇ ਵਾਹਿਗੁਰੂ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ।
Darbar Sahib
ਇਸ ਮੌਕੇ ਸੰਗਤ ਨੇ ਕੋਰੋਨਾ ਵਰਗੀ ਨਾਮੁਰਾਦ ਬਿਮਾਰੀ ਤੋਂ ਸੰਸਾਰ ਭਰ ਦੇ ਲੋਕਾਂ ਨੂੰ ਛੁਟਕਾਰਾ ਮਿਲਣ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੀ ਚੜ੍ਹਦੀਕਲਾ ਵਾਸਤੇ ਵੀ ਅਰਦਾਸ ਕੀਤੀ। ਇਸ ਦੇ ਨਾਲ ਹੀ ਸੰਗਤ ਨੇ ਦੇਸ਼ ਦੀਆ ਸਰਹੱਦਾਂ ਉੱਤੇ ਤਾਇਨਾਤ ਫੌਜੀ ਭਰਾਵਾਂ ਦੀ ਤੰਦਰੁਸਤੀ ਲਈ ਵੀ ਅਰਦਾਸ ਕੀਤੀ।