
ਕਿਹਾ, ਅਕਾਲੀ ਦਲ ਮੁੜ ਹਿੰਦੂਤਵੀ ਸਿਆਸਤ ਦੀ ਗੱਡੀ ’ਤੇ ਸਵਾਰ ਹੋ ਰਿਹੈ
ਚੰਡੀਗੜ੍ਹ (ਭੁੱਲਰ): ਕੇਂਦਰੀ ਸਿੰਘ ਸਭਾ ਨੇ ਕਿਹਾ ਹੈ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੋਕ ਸਭਾ ਚੋਣਾਂ ਦੇ ਮੌਕੇ ਉਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਪੂਰਨ ਤੌਰ ’ਤੇ ਲਾਗੂ ਕਰਨ ਦੀ ਭਾਜਪਾ ਸਰਕਾਰ ਦੇ ਹਿੰਦੂਤਵੀ ਸਿਆਸੀ ਨੀਤੀ ਦੇ ਹੱਕ ਵਿਚ ਤਣ ਕੇ ਸਿੱਖੀ ਅਤੇ ਘੱਟ ਗਿਣਤੀਆਂ ਵਿਰੋਧੀ ਪੈਂਤੜਾ ਅਪਣਾਇਆ ਹੈ।
ਕੇਂਦਰੀ ਸਭਾ ਵਲੋਂ ਅੱਜ ਜਾਰੀ ਬਿਆਨ ਵਿਚ ਅਕਾਲੀ ਦਲ ਦੇ ਖੇਤਰੀ ਪਾਰਟੀ ਬਣਨ ਦੀਆਂ ਸੰਭਾਵਨਾਵਾਂ ਨੂੰ ਰੱਦ ਕਰਦਿਆਂ ਕਿਹਾ ਗਿਆ ਕਿ ਅਕਾਲੀ ਦਲ ਫਿਰ ਹਿੰਦੂਤਵੀ ਸਿਆਸਤ ਦੀ ਗੱਡੀ ਉਤੇ ਸਵਾਰ ਹੋ ਗਿਆ। ਪਹਿਲਾਂ ਵੀ ਜੰਮੂ-ਕਸ਼ਮੀਰ ਵਿਚ 370 ਧਾਰਾ ਰੱਦ ਕਰਨ, ਕਿਸਾਨ ਵਿਰੋਧੀ ਤਿੰਨੇ ਖੇਤੀ ਕਾਨੂੰਨਾਂ ਦੇ ਬਣਾਉਣ ਵਿਚ, ਸੂਬਿਆਂ ਵਿਰੋਧੀ ਡੈਮ ਸੇਫਟੀ ਕਾਨੂੰਨ ਦੇ ਨਾਲ ਨਾਲ ਹੋਰ ਭਾਜਪਾ ਸਰਕਾਰ ਦੇ ਕਈ ਕੇਂਦਰੀਕਰਨ ਵਾਲੇ ਕਾਨੂੰਨਾਂ ਦੇ ਹੱਕ ਵਿਚ ਭੁਗਤਿਆ ਹੈ।
ਉਨ੍ਹਾਂ ਅੱਗੇ ਕਿਹਾ ਅਕਾਲੀ ਦਲ ਦੀ ਤਰਜ਼ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ’ਤੇ ਸਿੱਖ ਧਰਮ/ਸਿੱਖ ਪ੍ਰੰਪਰਾਵਾਂ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਹੈ, ਵਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿਚ ਖੜੇ ਹੋ ਕੇ, ਮੁਸਲਮਾਨਾਂ ਨੂੰ ਧਾਰਮਕ ਪੱਧਰ ਉਤੇ ਵਖਰੇ ਧੱਕਣ ਦੀ ਫ਼ਿਰਕਾਪ੍ਰਸਤ ਸਿਆਸਤ ਦਾ ਹੀ ਦਮ ਭਰਿਆ ਹੈ। ਬਿਆਨ ਵਿਚ ਕਿਹਾ ਗਿਆ ਕਿ ਸਿੱਖ ਗੁਰੂ ਅਤੇ ਸਿੱਖ ਧਰਮ ਕਿਸੇ ਦੂਜੇ ਧਰਮ ਦੀ ਨਿਖੇਧੀ ਨਹੀਂਂ ਕਰਦਾ, ਛੋਟਾ/ਵੱਡਾ ਨਹੀਂ ਸਮਝਦਾ, ਸਗੋਂ ਆਦਰ ਕਰਦਾ ਹੈ। ਇਸੇ ਕਰ ਕੇ ਸਿੱਖੀ ਵਿਚ ਧਰਮ-ਤਬਦੀਲੀ ਅਤੇ ‘ਘਰ-ਵਾਪਸੀ’ ਵਰਗੇ ਵਿਸ਼ਵਾਸ ਅਤੇ ਅਮਲ ਨਹੀਂ ਹਨ।
ਇਸੇ ਕਰ ਕੇ, ਸ਼੍ਰੋਮਣੀ ਕਮੇਟੀ ਨੂੰ ਸਿੱਖੀ ਦੀ ‘ਬ੍ਰਹਿਮੰਡੀ ਪਹੁੰਚ’ ਨੂੰ ਰਾਜਨੀਤਕ ਗਿਣਤੀਆਂ-ਮਿਣਤੀਆਂ ਵਿਚ ਫਸ ਕੇ ਛੋਟਾ ਕਰਨ ਦਾ ਕੋਈ ਅਧਿਕਾਰ ਨਹੀਂ।
ਕੇਂਦਰੀ ਸਿੰਘ ਸਭਾ ਨੇ ਕਿਹਾ ਕਿ ਇਸ ਤੋਂ ਇਲਾਵਾ ਭਾਜਪਾ ਸਰਕਾਰ ਵਲੋਂ ਨਾਗਰਿਕਤਾ ਕਾਨੂੰਨ ਨੂੰ ਲਾਗੂ ਕਰਨਾ ਗ਼ਲਤ ਹੈ, ਜਦਕਿ ਉਸ ਵਿਰੁਧ 200 ਪਟੀਸ਼ਨਾਂ ਅਜੇ ਸੁਪਰੀਮ ਕੋਰਟ ਵਿਚ ਸੁਣਵਾਈ ਅਧੀਨ ਹਨ।
ਫ਼ਿਰਕਾਪ੍ਰਸਤ ਨੀਤੀ ਦੇ ਹੱਕ ਵਿਚ ਖੜਨ ਦੀ ਬਜਾਏ ਅਕਾਲੀ ਦਲ ਨੂੰ ਧਾਰਮਕ ਤੌਰ ਉਤੇ ਜ਼ਾਹਰਾ ਪੀੜਤ ਰੋਹਿੰਗੀਆਂ, ਪਾਕਿਸਤਾਨ ਵਿਚਲੇ ਅਹਿਮਦੀਆਂ ਅਤੇ ਸ੍ਰੀਲੰਕਾ ਵਿਚਲੇ ਤਾਮਿਲਾਂ ਦੇ ਹੱਕ ਵਿਚ ਖੜਨਾ ਚਾਹੀਦਾ ਹੈ। ਬਿਆਨ ਜਾਰੀ ਕਰਨ ਵਾਲਿਆਂ ਵਿਚ ਪ੍ਰੋਫ਼ੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਡਾ. ਖ਼ੁਸ਼ਹਾਲ ਸਿੰਘ (ਜਨਰਲ ਸਕੱਤਰ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ) ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਂਸਲ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਸ਼ਾਮਲ ਹਨ।