
'ਕੀ ਅਕਾਲੀ ਦਲ ਦਾ ਮਹਾਂਰਾਸ਼ਟਰ ਸਰਕਾਰ ਨਾਲ ਸਮਝੌਤਾ ਹੋ ਚੁਕੈ, ਜੋ ਹੁਣ ਚੁੱਪ ਹੋ ਕੇ ਬਹਿ ਗਏ ਹਨ'
ਨਵੀਂ ਦਿੱਲੀ : ਤਖ਼ਤ ਪਟਨਾ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਭੁਪਿੰਦਰ ਸਿੰਘ ਸਾਧੂ ਨੇ ਮੰਗ ਕੀਤੀ ਹੈ ਕਿ ਤਖ਼ਤ ਹਜ਼ੂਰ ਸਾਹਿਬ ਬੋਰਡ ਵਿਚ ਸਰਕਾਰੀ ਦਖ਼ਲਅੰਦਾਜ਼ੀ ਬੰਦ ਕਰ ਕੇ, ਉਥੋਂ ਦੇ ਸਿੱਖਾਂ ਦੇ ਜਜ਼ਬਾਤ ਮੁਤਾਬਕ ਹੀ ਨਵੇਂ ਨੁਮਾਇੰਦੇ ਸ਼ਾਮਲ ਕੀਤੇ ਜਾਣ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਸਾਧੂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਸਿੱਖਾਂ ਦੇ ਮਾਮਲਿਆਂ ਵਿਚ ਦਖ਼ਲਅੰਜ਼ਾਦੀ ਕਰ ਕੇ, ਸਿੱਖਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ ਤੇ ਸਾਨੂੰ ਧਾਰਮਕ ਤੌਰ 'ਤੇ ਗੁਲਾਮ ਰੱਖਣ ਦੀ ਸਾਜ਼ਸ਼ ਬੰਦ ਕੀਤੀ ਜਾਵੇ।
Bhai Bhupinder Singh Sadhu and others
ਉਨ੍ਹਾਂ ਪੁਛਿਆ, ਆਖ਼ਰ ਕਿਉਂ ਹੁਣ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਬਾਦਲ ਤਖ਼ਤ ਸਾਹਿਬ ਦੇ ਪ੍ਰਬੰਧ ਵਿਚ ਫ਼ੜਨਵੀਸ ਸਰਕਾਰ ਦੀ ਦਖ਼ਲਅੰਦਾਜ਼ੀ ਬਾਰੇ ਚੁੱਪ ਹੋ ਗਏ ਹਨ? ਜਦੋਂ ਕਿ ਪਹਿਲਾਂ ਮੁੱਖ ਮੰਤਰੀ ਫੜਨਵੀਸ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਭਰੋਸਾ ਦਿਤਾ ਸੀ ਕਿ ਸਰਕਾਰ ਵਲੋਂ ਬੋਰਡ ਦੇ ਐਕਟ ਵਿਚ ਕੋਈ ਸੋਧ ਨਹੀਂ ਕੀਤੀ ਜਾ ਰਹੀ, ਪਰ ਹੁਣ ਸਰਕਾਰ ਨੇ ਅਪਣੇ ਬੰਦੇ ਥੋਪ ਦਿਤੇ ਹਨ ਜਿਸ ਵਿਰੁਧ ਸਿੱਖਾਂ ਵਿਚ ਰੋਸ ਹੈ। ਅਕਾਲੀਆਂ ਦੀ ਚੁਪੀ ਬਾਰੇ ਇਹ ਪੁਛਣ 'ਤੇ ਕਿ ਕੀ ਹੁਣ ਅਕਾਲੀ ਦਲ ਦਾ ਮਹਾਂਰਾਸ਼ਟਰ ਸਰਕਾਰ ਨਾਲ ਗੁਪਤ ਸਮਝੌਤਾ ਹੋ ਚੁਕਾ ਹੈ, ਤਾਂ ਭਾਈ ਸਾਧੂ ਨੇ ਕਿਹਾ,“ਹਾਂ ਹੋ ਸਕਦਾ ਹੈ, ਕਿਉਂਕਿ ਹੁਣ ਅਕਾਲੀ ਦਲ ਚੁੱਪ ਹੈ ਜਦੋਂ ਕਿ ਦਰਸ਼ਨੀ ਸੰਗਤ ਰੋਹ ਵਿਚ ਮੁਜ਼ਾਹਰੇ ਕਰ ਰਹੇ ਹਨ।''
Gobind Singh Longowal
ਉਨ੍ਹਾਂ 12 ਜੂਨ ਦੀ ਬੋਰਡ ਦੀ ਬੈਠਕ ਦਾ ਜ਼ਿਕਰ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਸ.ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰ ਨੁਮਾਇੰਦਿਆਂ ਦੇ ਮੀਟਿੰਗ ਵਿਚ ਸ਼ਾਮਲ ਹੋਣ 'ਤੇ ਵੀ ਸਵਾਲ ਚੁਕੇ। ਸ.ਬਖ਼ਸ਼ੀਸ਼ ਸਿੰਘ ਨੇ ਵੀ ਸਰਕਾਰੀ ਦਖ਼ਲਅੰਦਾਜ਼ੀ ਬੰਦ ਕਰ ਕੇ, ਸਿੱਖਾਂ ਨੂੰ ਹੱਕ ਦੇਣ ਦੀ ਮੰਗ ਕੀਤੀ। ਭਾਈ ਸਾਧੂ ਨੇ ਭਾਰਤ ਸਰਕਾਰ ਤੇ ਪਾਕਿਸਤਾਨ ਜਾਣ ਵਾਲੇ ਸਿੱਖ ਯਾਤਰੂਆਂ ਨੂੰ ਰੋਕਣ ਦੀ ਵੀ ਨਿਖੇਧੀ ਕੀਤੀ।