
ਸ਼ਰਧਾ ਯਾਤਰਾ ਤੇ ਕੀਰਤਨਾਂ ਨੂੰ ਬਿਜ਼ਨੈੱਸ ਨਾ ਬਣਾਉ
ਚੰਡੀਗੜ੍ਹ (ਜੀ.ਸੀ. ਭਾਰਦਵਾਜ): ਲਗਭਗ ਡੇਢ ਕੁ ਮਹੀਨੇ ਮਗਰੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਅਸਲੀ ਤੌਰ 'ਤੇ ਸਾਲ ਭਰ ਚੱਲਣ ਵਾਲੇ, ਪੰਥਕ ਤੇ ਧਾਰਮਕ ਇਕੱਠ ਨਗਰ ਕੀਰਤਨ, ਜੋੜ ਮੇਲੇ, ਸਰਕਾਰੀ ਤੇ ਗ਼ੈਰ ਸਰਕਾਰੀ ਜਸ਼ਨ, ਗੋਸ਼ਟੀਆਂ ਸ਼ੁਰੂ ਹੋ ਜਾਣਗੀਆਂ ਜਿਨ੍ਹਾਂ ਦਾ ਪਸਾਰਾ ਤੇ ਫੈਲਾਅ ਪੰਜਾਬ ਤੋਂ ਇਲਾਵਾ ਸਾਰੇ ਮੁਲਕ ਵਿਚ ਅਤੇ ਵਿਦੇਸ਼ਾਂ ਵਿਚ ਵੀ ਪ੍ਰਫੁੱਲਤ ਹੋਵੇਗਾ।
Kartarpur Corridor
ਪਿਛਲੇ ਤਿੰਨ ਮਹੀਨੇ ਤੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਯਾਤਰਾਵਾਂ, ਵਿਸ਼ੇਸ਼ਕਰ, ਗੁਰਦਵਾਰਾ ਕਰਤਾਰਪੁਰ ਸਾਹਿਬ, ਪਾਕਿਸਤਾਨ ਦੇ ਦਰਸ਼ਨਾਂ ਵਾਸਤੇ ਪਵਿੱਤਰ ਲਾਂਘੇ ਦਾ ਕੰਮ ਵੀ ਜ਼ੋਰਾਂ 'ਤੇ ਹੈ ਅਤੇ ਇਸ ਸਬੰਧੀ ਕਈ ਮੁੱਦਿਆਂ 'ਤੇ ਗਰਮ ਜੋਸ਼ੀ ਨਾਲ ਚਰਚਾ ਵੀ ਲਗਾਤਾਰ ਜਾਰੀ ਹੈ। ਰੋਜ਼ਾਨਾ ਸਪੋਕਸਮੈਨ ਵਲੋਂ ਸਿੱਖ ਵਿਦਵਾਨਾਂ, ਪੰਥਕ ਹਿਤੈਸ਼ੀਆਂ, ਗੁਰਬਾਣੀ ਦੇ ਮਾਹਰਾਂ ਅਤੇ ਖੋਜੀਆਂ ਨਾਲ ਕੀਤੀ ਗੱਲਬਾਤ ਤੋਂ ਪਤਾ ਲੱਗਾ ਕਿ ਪੜ੍ਹੇ ਲਿਖੇ, ਸਿੱਖੀ ਸਿਧਾਂਤਾਂ ਨੂੰ ਆਧੁਨਿਕ ਸਮੇਂ ਦੇ ਸੰਦਰਭ ਵਿਚ ਮੰਨਣ ਵਾਲੇ ਇਸ ਪ੍ਰਕਾਸ਼ ਉਤਸਵ ਸਬੰਧੀ ਕੀਤੇ ਜਾ ਰਹੇ ਅਡੰਬਰਾਂ ਦੀ ਡੱਟ ਕੇ ਆਲੋਚਨਾ ਕਰਦੇ ਹਨ ਅਤੇ ਗੁਰਬਾਣੀ ਵਿਚ ਦਰਜ ਸ਼ਬਦਾਂ ਤੋਂ ਤਰਕ ਦੇ ਕੇ ਕਹਿ ਰਹੇ ਹਨ ਕਿ ਗੁਰੂ ਨਾਨਕ ਵਲੋਂ ਦਿਤੇ ਸਿਧਾਂਤਾਂ, ਸਿਖਿਆਵਾਂ ਤੇ ਸਾਦਗੀ ਦੇ ਅਰਥਾਂ ਨੂੰ ਸਮਝ ਕੇ ਰੋਜ਼ਾਨਾ ਜ਼ਿੰਦਗੀ ਵਿਚ ਅਪਣਾਉ।
ਸਿੱਖ ਰਿਸਰਚ ਇੰਸਟੀਚਿਊਟ ਅਮਰੀਕਾ ਤੇ ਕੈਨੇਡਾ ਦੇ ਸਿੱਖ ਖੋਜ ਸੰਸਥਾਨ ਨਾਲ ਜੁੜੇ ਫ਼ਰੀਦਾਬਾਦ ਸਥਿਤ ਗੁਰਬਾਣੀ ਰਿਸਰਚ ਸੰਸਥਾ ਦੇ ਡਾ. ਜਸਵੰਤ ਸਿੰਘ ਨੇ ਵੱਖ ਵੱਖ ਸ਼ਬਦਾਂ : ''ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ£ ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ ਤੇ ''ਮਨ ਤੂੰ ਜੋਤਿ ਸਰੂਪੁ ਹੈ-ਅਪਣਾ ਮੂਲੁ ਪਛਾਣੁ।। ਮਨ ਹਰਿ ਜੀ ਤੇਰੈ ਨਾਲਿ ਹੈ-ਗੁਰਮਤੀ ਰੰਗ ਮਾਣੁ£ ਅਤੇ ''ਪ੍ਰਭ ਕਾ ਸਿਮਰਨੁ ਸਭ ਤੇ ਊਚਾ£ ਪ੍ਰਭ ਕੈ ਸਿਮਰਨਿ ਉਧਰੇ ਮੂਚਾ'' ਦੀ ਵਿਆਖਿਆ ਕੀਤੀ ਤੇ ਸਪਸ਼ਟ ਕੀਤਾ ਕਿ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ, ਹੋਰ ਅਦਾਰਿਆਂ ਨੂੰ ਚਾਹੀਦਾ ਹੈ ਕਿ ਅਡੰਬਰ ਛੱਡ ਕੇ ਗੁਰੂ ਨਾਨਕ ਦੇ ਸਾਦਾ ਜੀਵਨ ਦੇ ਸਿਧਾਂਤ, ਲੋਕਾਂ ਨੂੰ ਸਮਝਾਏ ਜਾਣ।
ਡਾ. ਜਸਵੰਤ ਸਿੰਘ ਨੇ 'ਧਰਮ ਦੀ ਕਿਰਤ ਕਰ ਕੇ, ਵੰਡ ਕੇ ਛਕਣ ਤੇ ਨਾਮ ਜਪੁਣ' ਵਲ ਇਸ਼ਾਰਾ ਕਰਦੇ ਹੋਏ ''ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਇ£ ਸ਼ਬਦ ਬਾਰੇ ਵੀ ਚਰਚਾ ਕੀਤੀ ਅਤੇ ਕਿਹਾ ਕਿ ''ਨੀਚਾ ਅੰਦਰਿ ਨੀਚ ਜਾਤਿ-ਨੀਚੀ ਹੂ ਅਤਿ ਨੀਚੁ£ ਨਾਨਕੁ ਤਿਨ ਕੈ ਸੰਗਿ ਸਾਥਿ-ਵਡਿਆ ਸਿਉ ਕਿਆ ਰਸੀ£'' ਮੁਤਾਬਕ ਹੀ ਅਮੀਰਾਂ, ਨੇਤਾਵਾਂ, ਵੱਡੇ ਲੋਕਾਂ ਨੂੰ ਅਪਣੇ ਤੋਂ ਹੇਠਲਿਆਂ ਗ਼ਰੀਬਾਂ ਦੀ ਮਦਦ ਕਰਨ ਦੀ ਜ਼ਰੂਰਤ ਹੈ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਅਤੇ ਗੁਰਬਾਣੀ ਦੇ ਗਿਆਤਾ ਪ੍ਰਿੰਸੀਪਲ ਖ਼ੁਸ਼ਹਾਲ ਸਿੰਘ ਨੇ ਇਸ ਮੋਕੇ ਵਿਚਾਰ ਦਿੰਦਿਆਂ ਦੁੱਖ ਪ੍ਰਗਟ ਕੀਤਾ ਕਿ ਭਾਈ, ਪ੍ਰਚਾਰਕ, ਕਾਜ਼ੀ, ਬ੍ਰਾਹਮਣ, ਪੁਜਾਰੀ, ਸਿੱਖ ਕੀਰਤਨੀਏ ਅੱਜ ਵੀ ਬਿਜਨੈਸ ਚਲਾ ਰਹੇ ਹਨ ਅਤੇ ਸ਼ਰਧਾਲੂਆਂ ਨੂੰ ਪਾਖੰਡਾਂ, ਅਡੰਬਰਾਂ, ਅਖੰਡ ਪਾਠਾਂ ਤੇ ਸੜਕਾਂ 'ਤੇ ਲੰਗਰਾਂ ਨੂੰ ਮੋਟੀ ਕਮਾਈ ਦਾ ਸਾਧਨ ਬਣਾਈ ਜਾ ਰਹੇ ਹਨ।
SGPC
ਖ਼ੁਸ਼ਹਾਲ ਸਿੰਘ ਦਾ ਕਹਿਣਾ ਹੈ ਕਿ 1969 ਵਿਚ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੇ ਗੁਰੂ ਨਾਨਕ ਦੇ 500ਵੇਂ ਪ੍ਰਕਾਸ਼ ਉਤਸਵ ਮੌਕੇ ਕਈ ਸਕੀਮਾਂ ਪ੍ਰਾਜੈਕਟਾ ਦਾ ਐਲਾਨ ਕੀਤਾ ਸੀ, ਜੋ 50 ਸਾਲਾਂ ਵਿਚ ਪੂਰੇ ਤਾਂ ਕੀ ਹੋਣੇ ਸਨ, ਉਨ੍ਹਾਂ ਬਾਰੇ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਰਿਹਾ। ਮੌਜੂਦਾ ਸਥਿਤੀ ਵੀ ਇਹੋ ਜਿਹੀ ਹੈ ਕਿ ਕੇਂਦਰ ਸਰਕਾਰ ਤੇ ਸ਼੍ਰੋਮਣੀ ਕਮੇਟੀ ਇਕ ਵਖਰਾ ਸਮਾਰੋਹ ਅਤੇ ਪੰਜਾਬ ਦੀ ਕਾਂਗਰਸ ਸਰਕਾਰ, ਸੁਲਤਾਨਪੁਰ ਲੋਧੀ ਵਿਖੇ ਤੇ ਹੋਰ ਥਾਵਾਂ 'ਤੇ ਅੱਡ ਡਫ਼ਲੀ ਬਜਾਉਣ ਵਿਚ ਮਸ਼ਰੂਫ਼ ਹੈ।
ਅਪਣੀ ਢਾਈ ਸਾਲਾਂ ਦੀ ਮਾੜੀ ਕਾਰਗੁਜ਼ਾਰੀ ਨੂੰ ਢਕਣ ਵਾਸਤੇ ਪੰਜਾਬ ਸਰਕਾਰ ਹੋਰ ਇਕ ਸਾਲ ਇਸ ਉਤਸਵ ਨੂੰ ਧਾਰਮਕ ਤੇ ਸਿਆਸੀ ਰੰਗਤ ਦੇਵੇਗੀ ਜਦੋਂ ਕਿ ਅਕਾਲੀ ਦਲ ਦੇ ਕੰਟਰੋਲ ਹੇਠਾਂ ਸ਼੍ਰੋਮਣੀ ਕਮੇਟੀ ਅਪਣੀ ਪੂਰੀ ਵਾਹ, ਵਿਗੜੀ ਸਾਖ ਨੂੰ ਬਚਾਉਣ ਲਈ ਲਾਵੇਗੀ। ਇਨ੍ਹਾਂ ਵਿਦਵਾਨਾਂ ਦਾ ਮੰਨਣਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਸ਼ੇਸ਼ਕਰ ਦੋਵੇਂ ਪੰਜਾਬਾਂ ਵਿਚ ਰਹਿਣ ਵਾਲੇ ਲੋਕ, ਖ਼ਾਸ ਤੌਰ 'ਤੇ ਸਿੱਖ, ਕਰਤਾਰਪੁਰ ਦੇ ਪਵਿੱਤਰ ਲਾਂਘੇ ਰਾਹੀਂ ਇਕ ਦੂਜੇ ਦੇ ਨੇੜੇ ਆਉਣਗੇ, ਤਣਾਅ ਘਟੇਗਾ, ਟੂਰਿਜ਼ਮ ਦੀ ਤਰੱਕੀ ਹੋਵੇਗੀ ਅਤੇ ਦੋਵੇਂ ਪਾਸੇ ਉਸਾਰੀਆਂ ਯਾਨੀ ਹੋਟਲਾਂ, ਸਰਾਵਾਂ ਆਸਰੇ ਵਿਦੇਸ਼ਾਂ ਤੋਂ ਸਿੱਖ ਸ਼ਰਧਾਲੂਆਂ ਦਾ ਆਉਣਾ ਵਧੇਗਾ।