
'ਜਥੇਦਾਰਾਂ' ਲਈ ਗਲੇ ਦੀ ਹੱਡੀ ਬਣ ਸਕਦੀ ਹੈ ਢਡਰੀਆਂ ਵਾਲਿਆਂ ਦੀ ਪੇਸ਼ੀ
ਉਕਤ ਘਟਨਾਕ੍ਰਮ ਤੋਂ ਪੰਥਦਰਦੀਆਂ ਨੂੰ ਕਿਉਂ ਜਾਗੀ ਪੰਥ ਦੇ ਭਲੇ ਦੀ ਆਸ?
ਕੋਟਕਪੂਰਾ (ਗੁਰਿੰਦਰ ਸਿੰਘ) : ਦਸਮ ਗ੍ਰੰਥ ਅਤੇ ਸੂਰਜ ਗ੍ਰੰਥ ਸਮੇਤ ਗੁਰਬਾਣੀ ਦੀ ਕਸਵੱਟੀ 'ਤੇ ਪੂਰਾ ਨਾ ਉਤਰਨ ਵਾਲੀਆਂ ਗੱਲਾਂ ਦਾ ਖੰਡਨ ਕਰਨ ਬਦਲੇ ਸ. ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ, ਭਾਈ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ, ਹਰਨੇਕ ਸਿੰਘ ਨੇਕੀ ਤੋਂ ਬਾਅਦ ਤਖ਼ਤਾਂ ਦੇ ਜਥੇਦਾਰਾਂ ਨੇ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੂੰ ਨਿਸ਼ਾਨੇ 'ਤੇ ਲੈ ਆਂਦਾ ਹੈ।
ਪੰਥਕ ਸਰਗਰਮੀਆਂ ਜਾਂ ਹਾਲਾਤ ਦੀ ਸੂਝ-ਬੂਝ ਰੱਖਣ ਵਾਲੇ ਪੰਥਦਰਦੀਆਂ ਦਾ ਦਾਅਵਾ ਹੈ ਕਿ ਭਾਈ ਢਡਰੀਆਂ ਵਾਲਿਆਂ ਨੂੰ ਪੰਥ 'ਚੋਂ ਛੇਕਣ ਜਾਂ ਡਰਾਉਣ ਲਈ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ ਪਰ ਕੁੱਝ ਪੰਥਕ ਵਿਦਵਾਨਾਂ ਨੂੰ ਇਸ ਘਟਨਾਕ੍ਰਮ 'ਚੋਂ ਵੀ ਪੰਥ ਦੇ ਭਲੇ ਦੀ ਆਸ ਜਾਗੀ ਦਿਖਾਈ ਦੇ ਰਹੀ ਹੈ ਕਿਉਂਕਿ ਤਖ਼ਤਾਂ ਦੇ ਜਥੇਦਾਰ ਖ਼ੁਦ ਨੂੰ ਲਾਂਭੇ ਰੱਖ ਕੇ 5 ਮੈਂਬਰੀ ਤਥਾਕਥਿਤ ਵਿਦਵਾਨਾਂ ਦੀ ਕਮੇਟੀ ਬਣਾ ਕੇ ਭਾਈ ਢਡਰੀਆਂ ਨੂੰ ਉਨ੍ਹਾਂ ਮੂਹਰੇ ਪੇਸ਼ ਹੋਣ ਦਾ ਹੁਕਮ ਦੇ ਕੇ ਹਾਲਾਤ ਮੁਤਾਬਕ ਕਾਰਵਾਈ ਕਰਨ ਜਾਂ ਇਸ ਤੋਂ ਟਾਲਾ ਵਟਣ ਦੀ ਤਾਕ 'ਚ ਦਿਖਾਈ ਦੇ ਰਹੇ ਹਨ।
ਅਖ਼ਬਾਰੀ ਖ਼ਬਰਾਂ ਮੁਤਾਬਕ ਡਾ. ਚਮਕੌਰ ਸਿੰਘ ਦੀ ਅਗਵਾਈ ਵਾਲੀ ਪੰਜ ਮੈਂਬਰੀ ਕਮੇਟੀ 'ਚ ਸ਼ਾਮਲ ਡਾ. ਪਰਮਵੀਰ ਸਿੰਘ, ਪ੍ਰਿੰਸੀਪਲ ਪ੍ਰਭਜੋਤ ਕੌਰ, ਡਾ. ਗੁਰਮੀਤ ਸਿੰਘ, ਡਾ. ਅਮਰਜੀਤ ਸਿੰਘ ਅਤੇ ਡਾ. ਇੰਦਰਜੀਤ ਸਿੰਘ ਨੇ ਢਡਰੀਆਂ ਵਾਲੇ ਨਾਲ 12 ਦਸੰਬਰ ਨੂੰ ਦੁਪਹਿਰ 12:00 ਵਜੇ ਗੁਰਦਵਾਰਾ ਦੁਖ ਨਿਵਾਰਨ ਸਾਹਿਬ ਵਿਖੇ ਵਿਚਾਰ ਕਰਨ ਦੀ ਗੱਲ ਆਖੀ ਹੈ ਜੋ ਅਕਾਲ ਤਖ਼ਤ ਦੇ ਹੁਕਮਨਾਮਿਆਂ ਦੀ ਦੁਰਵਰਤੋਂ, ਸਿਆਸੀ ਆਕਾਵਾਂ ਦੇ ਆਦੇਸ਼ ਅਤੇ ਮਰਿਆਦਾ ਦੀ ਉਲੰਘਣਾ ਦੀਆਂ ਗੱਲਾਂ ਪ੍ਰਤੀ ਚਿੰਤਤ ਹਨ।
ਉਨ੍ਹਾਂ ਪੰਥਦਰਦੀਆਂ ਦਾ ਕਹਿਣਾ ਹੈ ਕਿ ਸ. ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ, ਭਾਈ ਗੁਰਬਖ਼ਸ਼ ਸਿੰਘ, ਹਰਨੇਕ ਸਿੰਘ ਨੇਕੀ ਨੂੰ ਪੰਥ 'ਚੋਂ ਛੇਕਣ ਦਾ ਹੁਕਮਨਾਮਾ ਜਾਰੀ ਕਰਨ ਮੌਕੇ ਜਾਂ ਉਸ ਤੋਂ ਬਾਅਦ ਵੀ ਤਖ਼ਤਾਂ ਦੇ ਜਥੇਦਾਰ ਉਕਤ ਵਿਦਵਾਨਾਂ ਵਿਰੁਧ ਕੋਈ ਠੋਸ ਦੋਸ਼ ਸਿੱਧ ਨਹੀਂ ਕਰ ਸਕੇ ਅਤੇ ਸ. ਜੋਗਿੰਦਰ ਸਿੰਘ ਨੂੰ ਤਾਂ ਬਤੌਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਖ਼ੁਦ ਫ਼ੋਨ ਕਰ ਕੇ ਮੰਨਿਆ ਸੀ ਕਿ ਉਨ੍ਹਾਂ ਦਾ ਕੋਈ ਦੋਸ਼ ਨਹੀਂ।
ਉਸ ਸਮੇਂ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿੜ ਕੱਢਣ ਲਈ ਹੁਕਮਨਾਮਾ ਜਾਰੀ ਕਰ ਦਿਤਾ ਸੀ ਜਿਸ ਦਾ ਸਾਨੂੰ ਅਜੇ ਤਕ ਵੀ ਬਹੁਤ ਪਛਤਾਵਾ ਹੈ। ਜੇਕਰ ਉਪਰੋਕਤ ਦਰਸਾਈਆਂ ਸ਼ਖ਼ਸੀਅਤਾਂ ਦੀ ਤਰ੍ਹਾਂ ਬਿਨਾਂ ਕਿਸੇ ਕਸੂਰ ਦੇ ਭਾਈ ਢਡਰੀਆਂ ਵਾਲਿਆਂ ਨੂੰ ਵੀ ਪੰਥ 'ਚੋਂ ਛੇਕ ਦਿਤਾ ਗਿਆ ਤਾਂ ਜਿਥੇ ਕੌਮ 'ਚ ਨਵੀਂ ਧੜੇਬੰਦੀ ਪੈਦਾ ਹੋਵੇਗੀ, ਦੂਰੀਆਂ ਵਧਣਗੀਆਂ, ਭੰਬਲਭੂਸਾ ਬਣੇਗਾ, ਉੱਥੇ ਦੇਸ਼ ਵਿਦੇਸ਼ 'ਚ ਬੈਠੀਆਂ ਸੰਗਤਾਂ ਦੇ ਮਨਾਂ 'ਚ ਅਕਾਲ ਤਖ਼ਤ ਸਮੇਤ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ, ਬਾਦਲ ਦਲ, ਅਖੌਤੀ ਸਾਧ ਯੂਨੀਅਨ ਵਿਰੁਧ ਨਫ਼ਰਤ ਵਧਣ ਦੇ ਨਾਲ-ਨਾਲ ਹੁਕਮਨਾਮੇ ਦਾ ਜ਼ਬਰਦਸਤ ਵਿਰੋਧ ਹੋਣਾ ਵੀ ਸੁਭਾਵਕ ਹੈ।
ਜੇਕਰ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਨੇ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿਚਲੀਆਂ ਬਾਬੇ ਨਾਨਕ ਨੂੰ ਹਿੰਦੂਆਂ ਦੇ ਦੇਵਤੇ ਵਿਸ਼ਨੂੰ ਦਾ ਅਵਤਾਰ ਦੱਸਣ ਵਾਲੀਆਂ ਗੱਲਾਂ ਦਾ ਜਵਾਬ ਪੁੱਛ ਲਿਆ ਤਾਂ ਉਕਤ ਕਮੇਟੀ ਲਈ ਕਿਸੇ ਵੀ ਗੱਲ ਦਾ ਜਵਾਬ ਦੇਣਾ ਔਖਾ ਹੋ ਜਾਵੇਗਾ ਕਿਉਂਕਿ ਸੂਰਜ ਪ੍ਰਕਾਸ਼ ਗ੍ਰੰਥ 'ਚ ਬਾਬੇ ਨਾਨਕ ਦੇ ਜਨੇਊ ਪਹਿਨਣ, ਬਾਬੇ ਨਾਨਕ ਵਲੋਂ ਅਪਣੇ ਪਿੱਤਰਾਂ ਨੂੰ ਸਰਾਧ ਖਵਾਉਣ, ਗੁਰੂ ਅੰਗਦ ਸਾਹਿਬ ਜੀ ਦੇ ਲੰਗਰ 'ਚ ਮਾਸ ਵਰਤਾਉਣ।
ਦੂਜੀ ਪਾਤਸ਼ਾਹੀ ਵੇਲੇ ਗੁਰੂ ਘਰਾਂ 'ਚ ਬੱਚਿਆਂ ਦੇ ਮੁੰਡਨ ਦੀ ਰਸਮ ਕਰਵਾਉਣ, ਗੁਰੂ ਹਰਰਾਇ ਸਾਹਿਬ ਦੇ 10 ਸਾਲ ਦੀ ਉਮਰ 'ਚ 7 ਸਕੀਆਂ ਭੈਣਾਂ ਨਾਲ 7 ਵਿਆਹ ਹੋਣ, ਗੁਰੂ ਗੋਬਿੰਦ ਸਿੰਘ ਜੀ ਦੇ ਭਰ ਜਵਾਨੀ 'ਚ ਹੀ ਭੰਗ ਤੇ ਅਫ਼ੀਮ ਦੀ ਵਰਤੋਂ ਕਰਨ ਦੇ ਆਦੀ ਹੋਣ, ਦਸਮ ਗ੍ਰੰਥ ਵਿਚਲੇ ਤ੍ਰਿਆ ਚਰਿੱਤਰ ਸਮੇਤ ਗੁਰਬਿਲਾਸ ਪਾਤਸ਼ਾਹੀ ਛੇਵੀਂ ਅਤੇ ਸ਼੍ਰ੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਤ ਹਿੰਦੀ ਭਾਸ਼ਾ ਵਾਲੀ ਸਿੱਖ ਇਤਿਹਾਸ ਨਾਮ ਦੀ ਪੁਸਤਕ ਬਾਰੇ ਕੋਈ ਸਵਾਲ ਪੁੱਛ ਲਿਆ ਤਾਂ ਸ਼ਰਤੀਆ ਕਮੇਟੀ ਕੋਲ ਉਕਤ ਗੱਲਾਂ ਦਾ ਕੋਈ ਜਵਾਬ ਨਹੀਂ ਹੋਵੇਗਾ।
ਸਿੱਖ ਚਿੰਤਕਾਂ ਅਤੇ ਪੰਥਕ ਵਿਦਵਾਨਾ ਦਾ ਦਾਅਵਾ ਹੈ ਕਿ ਢਡਰੀਆਂ ਵਾਲੇ ਦੇ ਉਕਤ ਸਵਾਲਾਂ ਤੋਂ ਬਾਅਦ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਲਈ ਵੀ ਖਹਿੜਾ ਛੁਡਾਉਣਾ ਔਖਾ ਹੋ ਜਾਵੇਗਾ ਕਿਉਂਕਿ ਭਾਈ ਢਡਰੀਆਂ ਵਾਲੇ ਉਪਰੋਕਤ ਗੱਲਾਂ ਅਪਣੇ ਧਾਰਮਕ ਦੀਵਾਨਾਂ 'ਚ ਟੀਵੀ ਚੈਨਲਾਂ ਦੇ ਸਿੱਧੇ ਪ੍ਰਸਾਰਣ ਰਾਹੀਂ ਵੀ ਦੁਹਰਾਉਂਦੇ ਰਹੇ ਹਨ।