
ਸਿੱਖ ਕੌਮ ਲਈ ਅਨੇਕਾਂ ਕੁਰਬਾਨੀਆਂ ਕਰਨ ਦਾ ਦਾਅਵਾ ਕਰਨ ਵਾਲਾ ਬਾਦਲ ਪਰਵਾਰ ਸਿਰਫ਼ ਅਪਣੇ ਘਰ ਦੀਅਂ ਤਿਜ਼ੌਰੀਆਂ ਭਰਨ ਤਕ ਹੀ ਸੀਮਤ ਹੋ.....
ਵਲਟੋਹਾ : ਸਿੱਖ ਕੌਮ ਲਈ ਅਨੇਕਾਂ ਕੁਰਬਾਨੀਆਂ ਕਰਨ ਦਾ ਦਾਅਵਾ ਕਰਨ ਵਾਲਾ ਬਾਦਲ ਪਰਵਾਰ ਸਿਰਫ਼ ਅਪਣੇ ਘਰ ਦੀਅਂ ਤਿਜ਼ੌਰੀਆਂ ਭਰਨ ਤਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਕਸਬਾ ਅਮਰਕੋਟ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਸ ਦਾ ਸਾਲਾ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਨੂੰ ਖੋਰਾ ਲਾਉਣ 'ਚ ਕੋਈ ਕਸਰ ਨਹੀਂ ਛੱਡੀ।
ਸਿੱਖਾਂ ਦੇ ਕੱਟੜ ਵਿਰੋਧੀ ਅਤੇ ਪਖੰਡੀ ਸੌਦਾ ਸਾਧ ਨੂੰ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦਿਵਾਈ ਗਈ ਅਤੇ ਫਿਰ ਉਸ ਦੀ ਫ਼ਿਲਮ ਰਿਲੀਜ਼ ਕਰ ਕੇ ਨੋਟਾਂ ਦੇ ਨਾਲ ਨਾਲ ਵੋਟਾਂ ਵੀ ਬਟੋਰੀਆਂ ਜੋ ਕਿ ਸਿੱਖ ਕੌਮ ਨਾਲ ਵੱਡਾ ਧੋਖਾ ਹੈ। ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਹੋਈਆਂ ਬੇਅਦਬੀਆਂ ਲਈ ਵੀ ਬਾਦਲ ਪਰਵਾਰ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਵਲੋਂ ਕੀਤੇ ਮਾੜੇ ਕੰਮਾਂ ਨਾਲ ਸਿੱਖ ਪੰਥ ਅਤੇ ਕੌਮ ਵਿਚ ਭਾਰੀ ਰੋਸ ਹੈ ਅਤੇ ਕੌਮ ਬਾਦਲ ਪਰਵਾਰ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ।