
ਤਰਨਤਾਰਨ,ਸਿੱਖ ਸਟੂਡੈਂਟਡ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਪ੍ਰੋਫ਼ੈਸਰ ਸਰਚਾਂਦ ਸਿੰਘ ਫ਼ੈਡਰੇਸ਼ਨ ਦੇ ਅਜੋਕੇ ਰੂਪ ਤੋਂ ਨਾ ਸਿਰਫ਼ ਦੁਖੀ ਹਨ ਬਲਕਿ ਉਹ ਫ਼ੈਡਰੇਸ਼ਨ ਦੇ...
ਤਰਨਤਾਰਨ,ਸਿੱਖ ਸਟੂਡੈਂਟਡ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਪ੍ਰੋਫ਼ੈਸਰ ਸਰਚਾਂਦ ਸਿੰਘ ਫ਼ੈਡਰੇਸ਼ਨ ਦੇ ਅਜੋਕੇ ਰੂਪ ਤੋਂ ਨਾ ਸਿਰਫ਼ ਦੁਖੀ ਹਨ ਬਲਕਿ ਉਹ ਫ਼ੈਡਰੇਸ਼ਨ ਦੇ ਭਵਿੱਖ ਨੂੰ ਲੈ ਕੇ ਚਿੰਤਤ ਵੀ ਹਨ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਫ਼ੈਡਰੇਸ਼ਨ ਨੇ ਡਾ. ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਭਾਰਤ ਸਮੇਤ ਕਈ ਸਿਆਸੀ ਸ਼ਖ਼ਸੀਅਤਾਂ ਨੂੰ ਰਾਜਨੀਤੀ ਦੀ ਗੁੜਤੀ ਦਿਤੀ, ਉਸ ਦੀ ਇਹ ਹਾਲਤ ਵੇਖ ਕੇ ਮਨ ਖ਼ੂਨ ਦੇ ਹੰਝੂ ਰੋਂਦਾ ਹੈ। ਜੇ ਕੌਮ ਦੀ ਚੜ੍ਹਦੀ ਕਲਾ ਵੇਖਣੀ ਹੈ ਤਾਂ ਫ਼ੈਡਰੇਸ਼ਨ ਵਿਚ ਨਵੀਂ ਰੂਹ ਫੁਕਣੀ ਪਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਕੌਮ ਦੋਫਾੜ ਹੋਈ ਹੈ। ਜੇ ਵਿਚਾਰਕ ਮਤਭੇਦ ਖ਼ਤਮ ਨਾ ਕੀਤੇ ਗਏ ਤਾਂ ਕੌਮ ਵਿਚ ਹਾਲਾਤ ਹੋਰ ਵੀ ਖ਼ਰਾਬ ਹੋਣਗੇ। ਸਿੱਖ ਕੌਮ ਇਖ ਜੁਝਾਰੂ ਕੌਮ ਹੈ ਤੇ ਇਸ ਪਿੱਛੇ ਗੁਰਬਾਣੀ ਦੀ ਸ਼ਕਤੀ ਕੰਮ ਕਰਦੀ ਹੈ।
Sarchand Singh
ਸਰਕਾਰ ਤੇ ਸਰਕਾਰ ਨਿਵਾਜ਼ ਏਜੰਸੀਆਂ ਦੀ ਕੋਸ਼ਿਸ਼ ਹੈ ਕਿ ਸਿੱਖਾਂ ਵਿਚਲਾ ਜੁਝਾਰੂਪਨ ਖ਼ਤਮ ਕਰਨ ਲਈ ਗੁਰਬਾਣੀ ਨਾਲੋਂ ਤੋੜ ਦਿਤਾ ਜਾਵੇ। ਉਹ ਸ਼ਕਤੀਆਂ ਤਰ੍ਹਾਂ ਤਰ੍ਹਾਂ ਦੇ ਸ਼ੰਕੇ ਪੈਦਾ ਕਰ ਰਹੀਆਂ ਹਨ। 1984 ਤੋਂ ਬਾਅਦ ਇਹ ਸ਼ਕਤੀਆਂ ਹੋਰ ਸਰਗਰਮ ਹੋ ਗਇਆ ਹਨ। ਇਸ ਲਈ ਇਨ੍ਹਾਂ ਏਜੰਸੀਆਂ ਦਾ ਨਿਸ਼ਾਨਾ ਸਿੱਖ ਧਾਰਮਕ ਜਥੇਬੰਦੀਆਂ ਹਨ। ਇਨ੍ਹਾਂ ਨੂੰ ਅਕਾਲੀ ਦਲ ਨਾਲ ਕੋਈ ਸਰੋਕਾਰ ਨਹੀਂ ਕਿਉਂਕਿ ਇਹ ਲੋਕ ਅਕਾਲੀ ਦਲ ਨੂੰ ਇਕ ਸਿਆਸੀ ਪਾਰਟੀ ਤੋਂ ਵੱਧ ਕੁੱਝ ਨਹੀਂ ਮੰਨਦੇ। ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਇਸ ਸੱਭ ਪਿੱਛੇ ਇਕ ਮਨਸ਼ਾ ਪੰਜਾਬ ਦੀਆਂ ਹਕੀ ਮੰਗਾਂ ਤੋਂ ਧਿਆਨ ਹਟਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਅਨਗਿਣਤ ਫ਼ੈਡਰੇਸ਼ਨਾਂ ਹੋਂਦ ਵਿਚ ਆ ਚੁਕੀਆਂ ਹਨ ਪਰ ਕੋਈ ਵੀ ਵਿਦਿਆਰਥੀਆਂ ਦੇ ਹੱਕ ਦੀ ਆਵਾਜ਼ ਬੁਲੰਦ ਕਰਨ ਲਈ ਤਿਆਰ ਨਹੀਂ। ਕਿਸੇ ਵੀ ਫ਼ੈਡਰੇਸ਼ਨ ਦਾ ਕਿਸੇ ਵੀ ਸਕੂਲ ਕਾਲਜ ਵਿਚ ਯੂਨਿਟ ਨਹੀਂ।