
ਕਿਸੇ ਨੂੰ ਹੱਕ ਨਹੀਂ ਕਿ ਉਹ 'ਨਿੰਰਕਾਰੀ' ਸ਼ਬਦ ਦੀ ਵਰਤੋਂ ਕਰ ਸਕੇ : ਨਿੰਰਕਾਰੀ ਦਰਬਾਰ
ਅੰਮ੍ਰਿਤਸਰ : ਨਿੰਰਕਾਰੀ ਦਰਬਾਰ ਦਿੱਲੀ ਨੇ ਇਕ ਵਾਰ ਮੁੜ ਤੋਂ ਸਿੱਖ ਭਾਵਨਾਵਾਂ ਨੂੰ ਮਧੋਲਦਿਆਂ 'ਨਿੰਰਕਾਰੀ' ਸ਼ਬਦ 'ਤੇ ਕਾਪੀ ਰਾਈਟ ਦਾ ਹੱਕ ਮੰਗਿਆ ਹੈ। ਨਿੰਰਕਾਰੀ ਦਰਬਾਰ ਨੇ ਅਦਾਲਤ ਵਿਚ ਪੇਸ਼ ਹਲਫ਼ਨਾਮੇ ਵਿਚ ਕਿਹਾ ਹੈ ਕਿ 'ਨਿੰਰਕਾਰੀ' ਸ਼ਬਦ ਨਿੰਰਕਾਰੀ ਦਰਬਾਰ ਵਲੋਂ ਇਜ਼ਾਦ ਕੀਤਾ ਹੈ ਤੇ ਕਿਸੇ ਨੂੰ ਹੱਕ ਨਹੀਂ ਹੈ ਕਿ ਉਹ ਇਸ ਸ਼ਬਦ ਦੀ ਵਰਤੋਂ ਕਰ ਸਕੇ।
Nirankari
ਹਲਫ਼ਨਾਮੇ ਵਿਚ ਨਿੰਰਕਾਰੀ ਦਰਬਾਰ ਨੇ ਕਿਹਾ ਹੈ ਕਿ ਨਿੰਰਕਾਰ ਸ਼ਬਦ ਦੀ ਅਧਿਆਤਮਕ ਵਿਆਖਿਆ ਗੁਰੂ ਗ੍ਰੰਥ ਸਾਹਿਬ ਅਤੇ ਨਿੰਰਕਾਰੀ ਲਹਿਰ ਦੇ ਮੁਖੀ ਬਾਬਾ ਦਿਆਲ ਵੀ ਨਹੀਂ ਕਰ ਸਕੇ। ਇਹ ਵਿਆਖਿਆ ਸਿਰਫ਼ ਅਸੀ ਹੀ ਕੀਤੀ ਹੈ। ਇਸ ਸ਼ਬਦ ਨੂੰ ਆਪ ਸਮਝਿਆ ਤੇ ਹੋਰਨਾਂ ਨੂੰ ਸਮਝਾਇਆ ਹੈ। ਨਿੰਰਕਾਰੀ ਮੰਡਲ ਨੇ ਇਹ ਵੀ ਕਿਹਾ ਹੈ ਕਿ ਨਿੰਰਕਾਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਸ ਸ਼ਬਦ ਦੀ ਵਰਤੋਂ ਸਾਡੇ ਬਿਨਾਂ ਕੋਈ ਹੋਰ ਨਹੀਂ ਕਰ ਸਕਦਾ।
Nirankari
ਦੱਸਣਯੋਗ ਹੈ ਕਿ ਦਿੱਲੀ ਦੀ ਇਕ ਸੰਸਥਾ ਨਿੰਰਕਾਰੀ ਧਾਮ ਨਾਮਕ ਸੰਸਥਾ ਤੇ ਨਿੰਰਕਾਰੀ ਮੰਡਲ ਨੇ ਤੀਸ ਹਜ਼ਾਰੀ ਅਦਾਲਤ ਵਿਚ ਕੇਸ ਦਰਜ ਕਰਵਾਇਆ ਸੀ ਕਿ ਨਿੰਰਕਾਰੀ ਸ਼ਬਦ 'ਤੇ ਸਿਰਫ਼ ਸਾਡਾ ਹੱਕ ਹੈ ਤੇ ਹੋਰ ਕੋਈ ਇਸ ਸ਼ਬਦ ਦੀ ਵਰਤੋਂ ਨਹੀਂ ਕਰ ਸਕਦਾ। ਨਿੰਰਕਾਰੀ ਧਾਮ ਨੇ ਅਦਾਲਤ ਵਿਚ ਕਿਹਾ ਸੀ ਕਿ ਇਹ ਸ਼ਬਦ ਅਸੀ ਗੁਰੂ ਗ੍ਰੰਥ ਸਾਹਿਬ ਤੋਂ ਲਿਆ ਹੈ। ਅਨੇਕਾਂ ਮਹਾਂਪੁਰਸ਼ਾਂ ਨੇ ਇਸ ਸ਼ਬਦ ਦਾ ਉਚਾਰਣ ਕੀਤਾ ਹੈ।
Nirankari
ਇਸ ਦੇ ਜਵਾਬ ਵਿਚ ਨਿੰਰਕਾਰੀ ਮੰਡਲ ਨੇ ਅਦਾਲਤ ਵਿਚ ਕਿਹਾ ਕਿ ਇਸ ਦੀ ਵਿਆਖਿਆ ਸਾਡੇ ਤੋਂ ਬਿਨਾਂ ਕੋਈ ਨਹੀਂ ਕਰ ਸਕਿਆ। ਇਸ ਲਈ ਅਸੀ ਹੀ ਇਸ ਸ਼ਬਦ ਦੀ ਵਰਤੋਂ ਕਰਨ ਦਾ ਅਧਿਕਾਰ ਰਖਦੇ ਹਾਂ। ਇਸ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਵਿਸ਼ਾਲ ਸਿੰਘ ਨੇ ਨਿੰਰਕਾਰੀ ਮੰਡਲ ਦੀ ਦਲੀਲ ਸਵੀਕਾਰ ਕਰਦਿਆਂ ਕਿਹਾ ਹੈ ਕਿ ਨਿੰਰਕਾਰੀ ਸ਼ਬਦ ਦੀ ਵਰਤੋਂ ਕੋਈ ਹੋਰ ਨਹੀਂ ਕਰ ਸਕਦਾ। ਜੇਕਰ ਉਪਰਲੀ ਅਦਾਲਤ ਨੇ ਵੀ ਇਹ ਦਲੀਲ ਮੰਨ ਲਈ ਤਾਂ ਨਿੰਰਕਾਰੀ ਸ਼ਬਦ ਤੇ ਅਧਿਕਾਰ ਸਿਰਫ਼ ਨਿੰਰਕਾਰੀ ਮੰਡਲ ਦਾ ਹੋ ਜਾਵੇਗਾ।