
ਕਿਹਾ - ਅੱਧੀ ਦਰਜਨ ਤੋਂ ਵੱਧ ਸ਼ਤਾਬਦੀਆਂ ਪ੍ਰਕਾਸ਼ ਸਿੰਘ ਬਾਦਲ ਦੇ ਆਪ ਹੁਦਰੇਪਣ ਅਤੇ ਕਬਜ਼ਾ ਕਰਨ ਦੀ ਨੀਯਤ ਨਾਲ ਭੇਟ ਚੜ੍ਹੀਆਂ ਹਨ।
ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਬਾਦਲ ਪਰਵਾਰ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਹੈ ਕਿ ਲੰਮੇ ਸਮੇਂ ਤੋਂ ਪੰਥ ਦੀ ਖੁਲ੍ਹੀ ਅੱਖ ਦੇਖ ਰਹੀ ਹੈ ਕਿ ਕਿਵੇਂ ਗੁਰੂ ਨਾਨਕ ਦੇ ਘਰ ਦੀ ਉਮਤ ਨੂੰ ਇਕ ਪ੍ਰਵਾਰ ਲੁੱਟ ਰਿਹਾ ਹੈ ਅਤੇ ਗੁਰੂ ਡੰਮ ਕੋਲੋਂ ਬੇਆਬਰੂ ਕਰਵਾ ਰਿਹਾ ਹੈ। ਸਾਲ 1999 ਤੋਂ ਲੈ ਕੇ ਅੱਧੀ ਦਰਜਨ ਤੋਂ ਵੱਧ ਸ਼ਤਾਬਦੀਆਂ ਪ੍ਰਕਾਸ਼ ਸਿੰਘ ਬਾਦਲ ਦੇ ਆਪ ਹੁਦਰੇਪਣ ਅਤੇ ਕਬਜ਼ਾ ਕਰਨ ਦੀ ਨੀਯਤ ਨਾਲ ਭੇਟ ਚੜ੍ਹੀਆਂ ਹਨ ।
Giani Harpreet Singh
ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਰਣਜੀਤ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਲਾਹ ਦਿਤੀ ਕਿ ਉਹ ਬਾਦਲਾਂ ਦੇ ਕਹੇ ਲੱਗ ਕੇ ਬਾਦਲ ਪਰਵਾਰ ਦੀ ਕਹੀ ਹਰ ਗੱਲ ਨੂੰ ਪੰਥਕ ਕਹਿਣ ਤੋਂ ਗੁਰੇਜ਼ ਕਰਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਹਨ ਕਿ ਆਰਐਸਐਸ ਪੰਥ ਵਿਰੋਧੀ ਜਮਾਤ ਹੈ। ਜੇਕਰ ਉਹ ਪੰਥ ਪ੍ਰਤੀ ਸੁਹਿਰਦ ਹੋ ਕੇ ਇਹ ਗੱਲ ਕਹਿ ਰਹੇ ਹਨ ਤਾਂ ਪਹਿਲਾਂ ਬਾਦਲ ਪਰਵਾਰ ਨੂੰ ਕਹਿਣ ਕਿ ਉਹ ਹਰਸਿਮਰਤ ਕੌਰ ਬਾਦਲ ਨੂੰ ਕਹੇ ਕਿ ਕੇਂਦਰੀ ਮੰਤਰੀ ਦੀ ਕੁਰਸੀ ਛੱਡ ਕੇ ਪੰਥ ਦੀ ਮੁੱਖ ਧਾਰਾ ਵਿਚ ਸ਼ਾਮਲ ਹੋਵੇ। ਭਾਈ ਰਣਜੀਤ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਨੂੰ ਜਿਸ ਵਿਚ ਉਸ ਨੇ ਕਿਹਾ ਕਿ ਆਰ.ਐਸ ਐਸ . ਤੋਂ ਸਿੱਖਾਂ ਨੂੰ ਖ਼ਤਰਾ ਹੈ, ਨੂੰ ਵੀ ਬਾਦਲ ਪਰਵਾਰ ਦੀ ਗਿਣੀ ਮਿਥੀ ਰਾਜਨੀਤਕ ਸਿਆਸਤ ਦਾ ਹਿੱਸਾ ਦਸਿਆ।
Prakash Singh Badal
ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਇਨ੍ਹਾਂ ਗਿਆਨੀਆਂ ਤੋਂ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰਵਾ ਰਿਹਾ ਹੈ ਅਤੇ ਇਤਿਹਾਸ ਇਸ ਨੂੰ ਕਦੇ ਵੀ ਮਾਫ਼ ਨਹੀਂ ਕਰੇਗਾ। ਭਾਈ ਰਣਜੀਤ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪੁਛਿਆ ਕਿ ਜਿਹੜਾ ਅੱਜ ਤੂੰ ਬਾਦਲ ਨੂੰ ਰਾਜਨੀਤਕ ਸੇਕ ਤੋਂ ਬਚਾਉਣ ਲਈ ਸ਼ਤਾਬਦੀਆਂ ਮਨਾਉਣ ਦੇ ਆਦੇਸ਼ ਦਿੰਦਾ ਹੈ ਕਦੇ ਇਤਿਹਾਸ ਦੇ ਉਹ ਪੰਨੇ ਪੜ੍ਹ ਕੇ ਦੇਖ ਜੋ 1999 ਵਿਚ ਇਸੇ ਬਾਦਲ ਨੇ ਇਹ ਕਿਹਾ ਸੀ ਕਿ ਸ਼ਤਾਬਦੀ ਪੰਜਾਬ ਸਰਕਾਰ ਮਨਾਏਗੀ ਕਿਉਂਕਿ ਉਸ ਵੇਲੇ ਉਹ ਮੁੱਖ ਮੰਤਰੀ ਸੀ। ਇਸ ਨੇ ਜ਼ਿੱਦ ਕਰ ਕੇ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਅਣਗੌਲਿਆ ਤੇ ਉਲਘੰਣਾ ਕੀਤੀ ਅਤੇ ਇਹੋ ਹੀ ਢਿੰਡੋਰਾ ਪਿਟਦਾ ਸੀ ਕਿ ਸ਼ਤਾਬਦੀਆਂ ਸਰਕਾਰ ਹੀ ਮਨਾਉਂਦੀ ਹੈ। ਅੱਜ ਜਦੋਂ ਇਸ ਦੇ ਥੱਲਿਉਂ ਸਰਕਾਰ ਨਿਕਲ ਗਈ ਹੈ ਤਾਂ ਹੁਣ ਇਸ ਦਾ ਟੱਬਰ ਕਹਿੰਦਾ ਹੈ ਕਿ ਸ਼ਤਾਬਦੀ ਸ਼੍ਰੋਮਣੀ ਕਮੇਟੀ ਮਨਾਏਗੀ। ਇਹ ਪਰਵਾਰ ਕੌਮ ਨੂੰ ਜਵਾਬ ਦੇਵੇ ਕਿ ਸਾਲ 1999 ਵਿਚ ਉਹ ਸਹੀ ਸਨ ਜਾਂ ਹੁਣ ਸਹੀ ਹਨ।