
ਸਿੱਖੀ ਨੂੰ ਬਚਾਣਾ ਹੈ ਤਾਂ ਹੁਣ 'ਵੋਟਾਂ ਵਾਲੀ ਕਮੇਟੀ' ਦਾ ਭੋਗ ਪਾ ਦੇਣਾ ਹੀ ਸਿੱਖੀ ਦੇ ਭਲੇ ਵਾਲੀ ਗੱਲ ਹੋਵੇਗੀ! (1)
ਮੁਹਾਲੀ: ਅੰਗਰੇਜ਼ਾਂ ਨੇ ਸਿੱਖ ਰਾਜ, ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਅੰਦਰ ਬੈਠੇ ਗ਼ਦਾਰਾਂ ਰਾਹੀਂ, ਬੜੀ ਸ਼ਾਤਰਤਾ ਨਾਲ ਹਥਿਆ ਲਿਆ ਤੇ ਸਿੱਖ ਰਾਜ ਦੇ ਵਾਰਸ, ਦਲੀਪ ਸਿੰਘ ਨੂੰ ਬਾਲ-ਵਰੇਸੇ ਹੀ ਮਾਂ ਕੋਲੋਂ ਖੋਹ ਕੇ ਇੰਗਲੈਂਡ ਲੈ ਗਏ। ਨਾਲ ਦੀ ਨਾਲ ਉਨ੍ਹਾਂ ਨੇ ਅਪਣੇ ਖ਼ੁਫ਼ੀਆ ਏਜੰਟਾਂ ਰਾਹੀਂ ਕਹਾਣੀਆਂ ਇਹ ਫੈਲਾ ਦਿਤੀਆਂ ਕਿ ਰਾਣੀ ਜਿੰਦਾਂ ਤੇ ਉਸ ਦੇ ਨਜ਼ਦੀਕੀਆਂ ਦੀ 'ਗ਼ਦਾਰੀ' ਕਾਰਨ ਸਿੱਖ ਰਾਜ, ਸਿੱਖਾਂ ਹੱਥੋਂ ਜਾਂਦਾ ਰਿਹਾ ਹੈ। ਸਿੱਖਾਂ ਉਤੇ ਇਨ੍ਹਾਂ ਝੂਠੀਆਂ ਕਹਾਣੀਆਂ ਦਾ ਵੀ ਕਾਫ਼ੀ ਦੇਰ ਤਕ ਅਸਰ ਰਿਹਾ ਤੇ ਉਹ ਅੰਗਰੇਜ਼ਾਂ ਨੂੰ ਭੁੱਲ ਕੇ, ਆਪਸ ਵਿਚ ਹੀ ਇਕ ਦੂਜੇ ਉਤੇ ਤੋਹਮਤਾਂ ਲਗਾਉਂਦੇ ਰਹੇ। (ਸਿੱਖਾਂ ਦੇ ਸੁਭਾਅ ਦਾ ਇਹ ਕਮਜ਼ੋਰ ਪੱਖ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ ਤੇ ਸਿੱਖਾਂ ਨੂੰ ਸਰਕਾਰ ਦੀਆਂ ਖ਼ੁਫ਼ੀਆ ਏਜੰਸੀਆਂ, ਅੱਜ ਵੀ ਝੂਠੀਆਂ ਕਹਾਣੀਆਂ ਫੈਲਾ ਫੈਲਾ ਕੇ, ਆਪਸ ਵਿਚ ਲੜਾਂਦੀਆਂ ਰਹਿੰਦੀਆਂ ਹਨ (ਮੈਂ ਖ਼ੁਦ ਇਸ ਦਾ ਚਸ਼ਮਦੀਦ ਗਵਾਹ ਹਾਂ)। ਫਿਰ ਹੌਲੀ-ਹੌਲੀ ਅੰਗਰੇਜ਼ਾਂ ਵਿਰੁਧ ਗੁੱਸਾ ਬਾਹਰ ਆਉਣ ਲੱਗਾ ਤੇ ਧੋਖੇ ਨਾਲ ਖੋਹੇ ਗਏ ਸਿੱਖ ਰਾਜ ਦਾ ਦਰਦ ਵਧਦਾ ਗਿਆ।
Maharaja Ranjit Singh
ਅੰਗਰੇਜ਼ ਛੇਤੀ ਹੀ ਭਾਂਪ ਗਿਆ ਕਿ ਸਿੱਖਾਂ ਦੀ ਜਿਹੜੀ ਵੀ ਬਗ਼ਾਵਤ ਸਿਰ ਚੁੱਕੇਗੀ, ਉਹ ਗੁਰਦਵਾਰਿਆਂ ਦੇ ਸੰਗਤੀ ਇਕੱਠਾਂ ਵਿਚੋਂ ਹੀ ਨਿਕਲੇਗੀ। ਸੋ ਉਸ ਨੇ ਗੁਰਦਵਾਰਿਆਂ ਉਤੇ ਕਾਬਜ਼ ਚਲੇ ਆ ਰਹੇ ਮਹੰਤਾਂ ਤੇ ਪੁਜਾਰੀਆਂ ਨੂੰ ਅਪਣੇ ਨਾਲ ਗੰਢ ਲਿਆ ਤੇ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨੀ ਸ਼ੁਰੂ ਕਰ ਦਿਤੀ। ਪਹਿਲਾ ਕੰਮ ਹੀ ਇਹ ਕੀਤਾ ਗਿਆ ਕਿ ਦਰਬਾਰ ਸਾਹਿਬ ਵਿਚ 'ਰਾਜ ਕਰੇਗਾ ਖ਼ਾਲਸਾ' ਪੜ੍ਹਨਾ ਬੰਦ ਕਰਵਾ ਦਿਤਾ ਗਿਆ ਤਾਕਿ ਸਿੱਖਾਂ ਨੂੰ ਅਪਣਾ ਗਵਾਚਾ ਸਿੱਖ ਰਾਜ ਯਾਦ ਨਾ ਆ ਜਾਏ। ਪੁਜਾਰੀਆਂ ਕੋਲੋਂ ਇਹ ਪ੍ਰਚਾਰ ਕਰਵਾ ਦਿਤਾ ਗਿਆ ਕਿ ਇਹ ਦੋਹਾ ਨਾ ਪੜ੍ਹਨ ਦਾ ਹੁਕਮ ਗੁਰੂ ਸਾਹਿਬ ਆਪ ਦੇ ਗਏ ਸਨ ਤਾਕਿ ਦਰਬਾਰ ਸਾਹਿਬ ਅੰਦਰ ਸ਼ਾਂਤ ਮਾਹੌਲ ਬਣਿਆ ਰਹੇ। ਇਸ ਅੰਗਰੇਜ਼ੀ ਝੂਠ ਦੇ ਸਹਾਰੇ ਲਗਾਈ ਗਈ ਪਾਬੰਦੀ ਅੱਜ ਤਕ ਵੀ ਲੱਗੀ ਹੋਈ ਹੈ ਕਿਉਂਕਿ ਸਿੱਖੀ ਅੰਦਰ ਜਿਹੜਾ ਵੀ ਝੂਠ ਬਾਹਰੋਂ ਦਾਖ਼ਲ ਕਰ ਦਿਤਾ ਜਾਏ, ਸਿੱਖਾਂ ਦਾ ਇਕ ਬ੍ਰਾਹਮਣਵਾਦੀ ਵਰਗ, ਉਸ ਝੂਠ ਨੂੰ ਬਾਹਰ ਕੱਢਣ ਵਿਰੁਧ ਲੱਠ ਲੈ ਕੇ ਖੜਾ ਹੋ ਜਾਂਦਾ ਹੈ। ਬਹੁਤ ਸਾਰੇ ਝੂਠ ਸਾਬਤ ਵੀ ਹੋ ਗਏ ਹਨ ਪਰ ਇਸ ਵਰਗ ਦੀ ਅੜੀ ਕਾਰਨ, ਬਾਹਰ ਨਹੀਂ ਕੱਢੇ ਜਾ ਸਕੇ।
SIKH
ਉਹੀ ਮਹੰਤ ਜਿਹੜੇ ਪਹਿਲਾਂ ਗੁਰਦਵਾਰਾ ਪ੍ਰਬੰਧ ਲਗਭਗ ਠੀਕ-ਠਾਕ ਹੀ ਚਲਾ ਰਹੇ ਸੀ, ਹੁਣ ਅੰਗਰੇਜ਼ ਦੀ ਚੁੱਕ ਵਿਚ ਆ ਕੇ, ਸਿੱਖਾਂ ਤੇ ਸਿੱਖੀ ਵਿਰੁਧ ਖੜੇ ਹੋ ਗਏ ਤੇ ਗੁਰਦਵਾਰਿਆਂ ਨੂੰ ਅਪਣੀ ਨਿਜੀ ਜਾਇਦਾਦ ਦੀ ਤਰ੍ਹਾਂ ਵਰਤਣ ਲੱਗ ਪਏ। ਸਿੱਖ ਸੰਗਤਾਂ ਲਈ ਪੰਥਕ ਮਸਲਿਆਂ ਤੇ ਵਿਚਾਰਾਂ ਕਰਨ ਦੀ ਤਾਂ ਮੁਕੰਮਲ ਮਨਾਹੀ ਕਰ ਦਿਤੀ ਗਈ। ਮਹੰਤਾਂ ਨੇ ਅਪਣੇ ਲੱਠਮਾਰ ਵੀ ਗੁਰਦਵਾਰਿਆਂ ਵਿਚ ਰੱਖ ਲਏ ਤਾਕਿ ਕਿਸੇ ਵੀ 'ਅਣਚਾਹੀ' ਗੱਲ ਕਰਨ ਵਾਲੇ ਸਿੱਖ ਨੂੰ ਤੁਰਤ 'ਸਿਧਿਆਂ' ਕੀਤਾ ਜਾ ਸਕੇ। ਮਹੰਤਾਂ ਨੇ ਅਯਾਸ਼ੀਆਂ ਤੇ ਬਦਮਾਸ਼ੀਆਂ ਦਾ ਰਾਹ ਵੀ ਫੜ ਲਿਆ ਕਿਉਂਕਿ ਅੰਗਰੇਜ਼ਾਂ ਦੀ ਸਰਪ੍ਰਸਤੀ ਹਾਸਲ ਹੋਣ ਕਰ ਕੇ ਉਨ੍ਹਾਂ ਨੂੰ ਯਕੀਨ ਹੋ ਗਿਆ ਸੀ ਕਿ ਹੁਣ ਉਨ੍ਹਾਂ ਦਾ ਵਾਲ ਵੀ ਕੋਈ ਵਿੰਗਾ ਨਹੀਂ ਕਰ ਸਕੇਗਾ।ਗੁਰਦਵਾਰਿਆਂ ਵਲੋਂ ਤਾਂ ਅੰਗਰੇਜ਼ ਬੇਫ਼ਿਕਰ ਹੋ ਗਏ ਪਰ ਭਾਈ ਮਹਾਰਾਜ ਸਿੰਘ ਦੀ ਵੱਡੀ ਬਗ਼ਾਵਤ, ਗ਼ਦਰ ਪਾਰਟੀ ਦੀ ਬਗ਼ਾਵਤ, ਜਲਿਆਂ ਵਾਲੇ ਦੇ ਸਾਕੇ, ਬੱਬਰ ਅਕਾਲੀ ਤੇ ਹੋਰ ਹਰ ਲਹਿਰ ਵਿਚ ਸਿੱਖਾਂ ਨੂੰ ਅੱਗੇ ਹੋ ਕੇ ਕੁਰਬਾਨੀਆਂ ਕਰਦੇ ਵੇਖ ਕੇ, ਅੰਗਰੇਜ਼ਾਂ ਨੂੰ ਯਕੀਨ ਹੋ ਗਿਆ ਕਿ ਕਿਸੇ ਵੇਲੇ ਵੀ ਸਿੱਖ ਅਪਣੇ ਧੋਖੇ ਨਾਲ ਲੁੱਟੇ ਗਏ ਸਿੱਖ ਰਾਜ ਨੂੰ ਯਾਦ ਕਰ ਕੇ ਅੰਗਰੇਜ਼ ਸਰਕਾਰ ਲਈ ਮੁਸੀਬਤ ਖੜੀ ਕਰ ਸਕਦੇ ਹਨ, ਸੋ ਅਜਿਹਾ ਕੁੱਝ ਕਰਨਾ ਚਾਹੀਦਾ ਹੈ ਜਿਸ ਨਾਲ ਸਿੱਖਾਂ ਦੀ ਤਾਕਤ, ਅੰਗਰੇਜ਼ਾਂ ਵਿਰੁਧ ਲਾਮਬੰਦ ਹੋਣ ਦੀ ਬਜਾਏ, ਆਪਸ ਵਿਚ ਹੀ ਗੁੱਥਮ ਗੁੱਥਾ ਹੋ ਕੇ ਨਸ਼ਟ ਹੋ ਜਾਏ।
Sikh
ਮਹੰਤਾਂ ਦੀ 'ਮਹੰਤਗਰਦੀ' ਵਧਦੀ ਵੇਖ ਕੇ ਉਧਰ ਸਿੱਖਾਂ ਨੇ ਮਹੰਤਾਂ ਕੋਲੋਂ ਗੁਰਦਵਾਰੇ ਆਜ਼ਾਦ ਕਰਵਾਉਣ ਲਈ 'ਗੁਰਦਵਾਰਾ ਸੁਧਾਰ ਲਹਿਰ' ਸ਼ੁਰੂ ਕਰ ਦਿਤੀ। ਅੰਗਰੇਜ਼ਾਂ ਨੇ ਮਹੰਤਾਂ ਦੀ ਪੂਰੀ ਮਦਦ ਕੀਤੀ ਪਰ ਗੁਰਦਵਾਰੇ ਆਜ਼ਾਦ ਕਰਵਾਉਣ ਲਈ ਮਰਨ ਮਾਰਨ ਤੇ ਉਤਾਰੂ ਹੋਏ ਸਿੱਖਾਂ ਨੇ ਛੇਤੀ ਹੀ ਅੰਗਰੇਜ਼ਾਂ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਕਿ ਸਿੱਖਾਂ ਵਿਰੁਧ ਇਹ ਲੜਾਈ ਨਹੀਂ ਜਿੱਤੀ ਜਾ ਸਕੇਗੀ ਤੇ ਕੋਈ ਚਾਲ ਚਲ ਕੇ ਹੀ ਇਨ੍ਹਾਂ ਨੂੰ ਉਸ ਚਾਲ ਦੇ ਜਾਲ ਵਿਚ ਫਸਾਣਾ ਪਵੇਗਾ। ਸੋ ਜਦ ਸਾਰੇ ਆਗੂ ਜੇਲਾਂ ਵਿਚ ਬੰਦ ਸਨ, ਅੰਗਰੇਜ਼ਾਂ ਨੇ 'ਵੋਟਾਂ ਵਾਲੀ ਸ਼੍ਰੋਮਣੀ ਕਮੇਟੀ' ਚੁਣ ਕੇ, ਉਸ ਰਾਹੀਂ ਗੁਰਦਵਾਰਾ ਪ੍ਰਬੰਧ ਚਲਾਉਣ ਦਾ ਅਜਿਹਾ ਜਾਲ ਸੁੱਟਣ ਦਾ ਫ਼ੈਸਲਾ ਕੀਤਾ ਜਿਸ ਵਿਚ ਫਸਣੋਂ ਕੋਈ ਰਹਿ ਹੀ ਨਾ ਸਕੇ।
SGPC
ਖ਼ੁਫ਼ੀਆ ਏਜੰਸੀਆਂ ਰਾਹੀਂ ਇਹ ਪ੍ਰਚਾਰ ਵੀ ਜ਼ੋਰ ਸ਼ੋਰ ਨਾਲ ਕੀਤਾ ਗਿਆ ਕਿ ਅੰਗਰੇਜ਼ ਸਰਕਾਰ ਨੇ ਸਿੱਖਾਂ ਨੂੰ ਗੁਰਦਵਾਰਾ ਪ੍ਰਬੰਧ ਚੰਗੀ ਤਰ੍ਹਾਂ ਚਲਾਉਣ ਲਈ ਦੁਨੀਆਂ ਦਾ ਪਹਿਲਾ ਲੋਕ ਰਾਜੀ ਢੰਗ ਤਜਵੀਜ਼ ਕੀਤਾ ਹੈ ਜਿਸ ਵਿਚ ਸਿੱਖ ਅਪਣੇ ਪ੍ਰਬੰਧਕ ਆਪ ਚੁਣਨਗੇ ਤੇ ਮਹੰਤਾਂ ਵਰਗੀ ਕੋਈ ਤਾਕਤ ਗੁਰਦਵਾਰਿਆਂ ਦੇ ਨੇੜੇ ਵੀ ਨਹੀਂ ਫਟਕ ਸਕੇਗੀ। ਖੁਫ਼ੀਆ ਏਜੰਸੀਆਂ ਨੇ ਇਹ ਢੰਡੋਰਾ ਵੀ ਬੜੇ ਜ਼ੋਰ ਨਾਲ ਫੇਰਿਆ ਕਿ ਗੁਰਦਵਾਰਿਆਂ ਉਤੇ ਸਿੱਖਾਂ ਦਾ ਹੱਕ ਸਦੀਵੀ ਤੇ ਪੱਕਾ ਕਰਨ ਲਈ ਕਾਨੂੰਨ (ਗੁਰਦਵਾਰਾ ਐਕਟ) ਬਣਾਇਆ ਜਾ ਰਿਹਾ ਹੈ ਤਾਕਿ ਕਾਨੂੰਨ ਤੋੜ ਕੇ ਗੁਰਦਵਾਰਿਆਂ ਉਤੇ ਕਾਬਜ਼ ਹੋਣ ਵਾਲੇ ਨੂੰ ਜੇਲ ਵਿਚ ਸੁਟਿਆ ਜਾ ਸਕੇ। ਜਿਸ ਤਰ੍ਹਾਂ ਅੱਜ ਮੋਦੀ ਸਰਕਾਰ ਕਹਿ ਰਹੀ ਹੈ ਕਿ ਖੇਤੀ ਬਾਰੇ ਕਾਲੇ ਕਾਨੂੰਨ, ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਤੇ ਕਿਸਾਨ ਦਾ ਭਲਾ ਕਰਨ ਲਈ ਬਣਾਏ ਗਏ ਹਨ, ਇਸੇ ਤਰ੍ਹਾਂ ਅੰਗਰੇਜ਼ ਸਰਕਾਰ ਨੇ ਵੀ ਖ਼ੂਬ ਪ੍ਰਚਾਰ ਕੀਤਾ ਕਿ ਗੁਰਦਵਾਰਾ ਐਕਟ ਸਿੱਖਾਂ ਦਾ ਭਲਾ ਸੋਚ ਕੇ ਬਣਾਇਆ ਜਾ ਰਿਹਾ ਹੈ ਤਾਕਿ ਮੁੜ ਤੋਂ ਕੋਈ ਮਹੰਤ ਸ਼ੰਤ, ਗੁਰਦਵਾਰਿਆਂ ਵਲ ਅੱਖ ਉੱਚੀ ਕਰ ਕੇ ਨਾ ਵੇਖ ਸਕੇ।
ਸਰਕਾਰ ਜੋ ਕਹਿੰਦੀ ਸੀ, ਉਹ ਝੂਠ ਸੀ, ਇਸ ਗੱਲ ਦਾ ਉਸ ਦਿਨ ਹੀ ਪਤਾ ਲੱਗ ਗਿਆ ਜਦ ਐਲਾਨ ਕਰ ਦਿਤਾ ਗਿਆ ਕਿ ਜੇਲਾਂ ਵਿਚ ਬੰਦ ਸਿੱਖ ਲੀਡਰਾਂ 'ਚੋਂ ਜਿਹੜਾ ਵੀ ਕੋਈ ਇਸ ਐਕਟ ਨੂੰ ਪ੍ਰਵਾਨ ਕਰਨ ਵਜੋਂ ਖਰੜੇ ਉਤੇ ਦਸਤਖ਼ਤ ਕਰ ਦੇਵੇਗਾ, ਉਸ ਨੂੰ ਰਿਹਾਅ ਕਰ ਦਿਤਾ ਜਾਵੇਗਾ ਤੇ ਜਿਹੜਾ ਦਸਤਖ਼ਤ ਨਹੀਂ ਕਰੇਗਾ, ਉਸ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ। ਅੱਜ ਵੀ ਮੋਦੀ ਸਰਕਾਰ ਇਹੀ ਸ਼ਰਤ ਰੱਖ ਰਹੀ ਹੈ ਕਿ ਜੇਕਰ ਕਿਸਾਨ ਜਥੇਬੰਦੀਆਂ, ਕਾਲੇ ਕਾਨੂੰਨਾਂ ਨੂੰ ਪ੍ਰਵਾਨ ਕਰ ਲੈਣਗੀਆਂ ਤਾਂ ਹੀ ਮਾਲ ਗੱਡੀਆਂ ਚਾਲੂ ਕੀਤੀਆਂ ਜਾਣਗੀਆਂ ਨਹੀਂ ਤਾਂ ਪੰਜਾਬ ਵਿਚ ਹਨੇਰਾ ਪੈ ਜਾਏ, ਵਪਾਰ ਤਬਾਹ ਹੋ ਜਾਏ, ਲੋਕ ਦੁਖੀ ਹੋ ਜਾਣ, ਕਿਸਾਨਾਂ ਨੂੰ ਖਾਦਾਂ, ਬਿਜਲੀ ਨਾ ਮਿਲੇ, ਦਿੱਲੀ ਸਰਕਾਰ ਕੁੱਝ ਨਹੀਂ ਕਰੇਗੀ। ਮਤਲਬ ਪੰਜਾਬ ਭਾਵੇਂ ਸਾਰਾ ਤਬਾਹ ਹੋ ਜਾਏ, ਹੋ ਜਾਣ ਦਿਉ ਪਰ ਕਾਲੇ ਕਾਨੂੰਨ ਤਾਂ ਮੰਨਣੇ ਹੀ ਪੈਣਗੇ। ਅੰਗਰੇਜ਼ ਨੇ ਜ਼ਰਾ ਮਿੱਠੇ ਢੰਗ ਨਾਲ ਪ੍ਰਚਾਰ ਕੀਤਾ ਕਿ ਸਿੱਖਾਂ ਦੇ ਗੁਰਦਵਾਰਿਆਂ ਲਈ ਏਨਾ ਚੰਗਾ ਕਾਨੂੰਨ ਪਹਿਲਾਂ ਕਦੇ ਨਹੀਂ ਬਣਿਆ ਤੇ ਜੇ ਸਿੱਖ ਲੀਡਰ ਇਸ ਨੂੰ ਪ੍ਰਵਾਨ ਨਹੀਂ ਕਰਨਗੇ ਤਾਂ ਗੁਰਦਵਾਰੇ ਮਹੰਤਾਂ ਕੋਲ ਹੀ ਰਹਿਣ ਦਿਤੇ ਜਾਣਗੇ।
ਸਿੱਖ ਲੀਡਰ ਵੰਡੇ ਗਏ। ਅੱਧਿਆਂ ਨੇ ਦਸਤਖ਼ਤ ਕਰ ਦਿਤੇ ਤੇ ਬਾਹਰ ਆ ਗਏ। ਅੱਧਿਆਂ ਨੇ ਦਸਤਖ਼ਤ ਨਾ ਕੀਤੇ ਤੇ ਜੇਲਾਂ ਵਿਚ ਹੀ ਟਿਕੇ ਰਹੇ। ਜਿਨ੍ਹਾਂ ਲੀਡਰਾਂ ਨੇ ਦਸਤਖ਼ਤ ਨਾ ਕੀਤੇ, ਉਨ੍ਹਾਂ ਵਿਚ ਮਾਸਟਰ ਤਾਰਾ ਸਿੰਘ ਤੇ ਤੇਜਾ ਸਿੰਘ ਸਮੁੰਦਰੀ ਮੁੱਖ ਆਗੂ ਸਨ। ਸਮੁੰਦਰੀ ਤਾਂ ਅੰਦਰ ਹੀ ਪ੍ਰਾਣ ਤਿਆਗ ਗਏ। ਅੰਗਰੇਜ਼ ਨੇ ਕਾਨੂੰਨ ਬਣਾਇਆ ਹੀ ਇਸ ਲਈ ਸੀ ਕਿ ਸਿੱਖ ਆਪਸ ਵਿਚ ਹੀ ਹਰ ਸਮੇਂ ਲੜਦੇ ਰਹਿਣ ਤੇ ਕੁਰਸੀਆਂ, ਪ੍ਰਧਾਨਗੀਆਂ ਦੇ ਚੱਕਰ ਵਿਚ ਇਕ ਦੂਜੇ ਦੀਆਂ ਪੱਗਾਂ ਲਾਹੁਣ ਤੇ ਦਾਹੜੀਆਂ ਪੁੱਟਣ ਤੋਂ ਬਿਨਾਂ, ਉਨ੍ਹਾਂ ਨੂੰ ਹੋਰ ਕਿਸੇ ਗੱਲ ਦੀ ਵਿਹਲ ਹੀ ਨਾ ਮਿਲੇ। ਸ਼੍ਰੋਮਣੀ ਕਮੇਟੀ ਬਣ ਗਈ। ਪਹਿਲੀਆਂ ਚੋਣਾਂ ਵਿਚ ਹੀ ਪਤਾ ਲੱਗ ਗਿਆ ਕਿ 'ਚੋਣ ਵਾਲੀ ਕਮੇਟੀ' ਦੀਆਂ ਚੋਣਾਂ ਭਵਿੱਖ ਵਿਚ ਕਿਵੇਂ ਲੜੀਆਂ ਜਾਣਗੀਆਂ। ਜਿਵੇਂ ਆਜ਼ਾਦੀ ਮਗਰੋਂ, ਵੋਟਾਂ ਰਾਹੀਂ ਦੇਸ਼ ਦੇ ਲੀਡਰਾਂ ਦਾ ਪਹਿਲਾ ਪੂਰ, ਚੰਗੇ ਤੇ ਕੁਰਬਾਨੀ ਕਰਨ ਵਾਲਿਆਂ ਦਾ ਉਪਰ ਆ ਗਿਆ ਪਰ ਹੌਲੀ-ਹੌਲੀ, ਮਾੜੇ ਤੋਂ ਮਾੜੇ ਲੋਕ ਚੁਣੇ ਜਾਣ ਲੱਗ ਪਏ ਜੋ ਦੇਸ਼ ਨੂੰ ਲੁੱਟਣ ਲਈ ਹੀ ਚੋਣਾਂ ਲੜ ਕੇ 'ਲੀਡਰ' ਬਣਨਾ ਚਾਹੁੰਦੇ ਹਨ, ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਪਹਿਲਾ ਪੂਰ ਜੋ ਵੋਟਾਂ ਰਾਹੀਂ ਉਪਰ ਆਇਆ, ਉਹ ਚੰਗੇ ਲੀਡਰਾਂ ਦਾ ਹੀ ਸੀ ਪਰ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਉਤੇ ਜਿਹੜੇ ਲੋਕ ਛਾ ਗਏ, ਉਨ੍ਹਾਂ ਬਾਰੇ ਮੈਂ ਕੁੱਝ ਵੀ ਨਾ ਲਿਖਾਂ, ਤਾਂ ਵੀ ਪਾਠਕਾਂ ਨੂੰ ਸੱਭ ਪਤਾ ਹੈ।
ਅੱਜ ਲੱਠਮਾਰਾਂ ਦਾ 'ਪ੍ਰਬੰਧ' ਚਲਦਾ ਹੈ, ਸਿੱਖੀ ਦਾ ਹਾਲ ਹੀ ਵਿਗੜ ਗਿਆ ਹੈ, ਸਿਆਸਤਦਾਨਾਂ ਨੇ ਧਰਮ, ਸਦਾਚਾਰ, ਆਚਰਣ, ਇਖ਼ਲਾਕ ਨੂੰ ਗੁਰਦਵਾਰਾ ਪ੍ਰਬੰਧ 'ਚੋਂ ਬਾਹਰ ਕੱਢ ਕੇ ਚਮਚਾਗੀਰੀ ਤੇ ਭ੍ਰਿਸ਼ਟਾਚਾਰ ਦਾ ਦੌਰ ਚਲਾ ਦਿਤਾ ਹੈ। ਕੋਈ ਚੰਗਾ ਸਿੱਖ, ਸੱਚ ਦੇ ਹੱਕ ਵਿਚ ਮੂੰਹ ਵੀ ਖੋਲ੍ਹ ਬੈਠੇ ਤਾਂ ਉਸ ਨੂੰ ਛੇਕਣ ਲਈ ਸਿਆਸਤਦਾਨਾਂ ਦੇ ਲਿਫ਼ਾਫ਼ਿਆਂ ਵਿਚੋਂ ਨਿਕਲੇ 'ਜਥੇਦਾਰ' ਤਿਆਰ ਬਰ ਤਿਆਰ ਮਿਲਦੇ ਹਨ ਜੋ ਸਿਆਸਤਦਾਨਾਂ ਕੋਲੋਂ ਹਦਾਇਤਾਂ ਪ੍ਰਾਪਤ ਕਰ ਕੇ ਹਰ ਕੰਮ ਕਰਦੇ ਹਨ। 'ਧਰਮ ਪੰਖ ਕਰ ਊਡਰਿਆ' ਦਾ ਸੱਚ ਵੇਖਣਾ ਹੋਵੇ ਤਾਂ ਸ਼੍ਰੋਮਣੀ ਕਮੇਟੀ ਵਿਚ ਇਕ ਦਿਨ ਸਵੇਰ ਤੋਂ ਸ਼ਾਮ ਤਕ ਬੈਠ ਕੇ ਵੇਖ ਸਕਦੇ ਹੋ। ਜਿੰਨਾ ਬੁਰਾ ਹਾਲ ਸਿੱਖਾਂ ਦੇ ਧਰਮ ਅਸਥਾਨਾਂ ਦਾ ਹੋ ਗਿਆ ਹੈ, ਕਿਸੇ ਹੋਰ ਧਰਮ ਦੇ ਧਰਮ ਅਸਥਾਨਾਂ ਦਾ ਨਹੀਂ ਹੋਇਆ ਕਿਉਂਕਿ ਵੋਟ ਰਾਹੀਂ ਪ੍ਰਬੰਧਕ ਚੁਣਨ ਦਾ ਰਾਹ ਹੋਰ ਕਿਸੇ ਵੀ ਧਰਮ ਨੇ ਨਹੀਂ ਅਪਣਾਇਆ। ਲੱਠਮਾਰ 'ਪ੍ਰਬੰਧਕਾਂ' ਦਾ ਰਾਜ ਉਥੇ ਕਿਵੇਂ ਚੱਲ ਰਿਹਾ ਹੈ, ਉਸ ਦੀ ਇਕ ਝਲਕ ਅੱਜ ਦੇ ਸਪੋਕਸਮੈਨ ਦੇ ਪੰਨਾ-6 ਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਨਿਜੀ ਤਜਰਬਾ (ਹੁਣੇ 24 ਅਕਤੂਬਰ ਦਾ) ਪੜ੍ਹ ਕੇ ਅੰਦਾਜ਼ਾ ਲਗਾ ਸਕਦੇ ਹੋ। ਮੈਂ ਜੋ ਕਹਿਣਾ ਹੈ, ਉਹ ਅਗਲੀ ਵਾਰ ਕਹਿ ਲਵਾਂਗਾ, ਪਹਿਲਾਂ ਅੰਦਰ ਉਹੀ ਲੇਖ ਪੜ੍ਹ ਲਉ।
(ਚਲਦਾ)