
ਵਿਆਹ ਦੇ ਕਾਰਡ 'ਤੇ ਬੱਚਿਆਂ ਦੇ ਨਾਮ ਨਾਲ 'ਸਿੰਘ' ਅਤੇ 'ਕੌਰ' ਦੀ ਵਰਤੋਂ ਲਾਜ਼ਮੀ ਕਰਨ ਨੂੰ ਕਿਹਾ ਗਿਆ ਹੈ।
Sikh Marriage News: ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਵਿਸ਼ੇਸ਼ ਇਕੱਤਰਤਾ ਮੌਕੇ ਇਕ ਅਹਿਮ ਮਤਾ ਪਾਸ ਕੀਤਾ ਗਿਆ। ਇਸ ਦੌਰਾਨ ਪੰਜ ਸਿੰਘ ਸਾਹਿਬਾਨ ਨੇ ਆਨੰਦ ਕਾਰਜ ਸਬੰਧੀ ਵਿਚਾਰ ਕਰਨ ਉਪਰੰਤ ਅਹਿਮ ਗੁਰਮਤਾ ਪਾਸ ਕੀਤਾ, ਜਿਸ ਵਿਚ ਕਿਹਾ ਗਿਆ ਕਿ ਦੇਖਣ 'ਚ ਆਇਆ ਹੈ ਕਿ ਵਿਆਹ ਦੇ ਕਾਰਡ 'ਤੇ ਬੱਚਿਆਂ ਦੇ ਸਿੱਧੇ ਨਾਮ ਹੀ ਲਿਖ ਕੇ ਵੰਡ ਦਿਤੇ ਜਾਂਦੇ ਹਨ, ਜੋ ਗੁਰਮਤਿ ਤੋਂ ਉਲਟ ਹੈ।
ਇਸ ਲਈ ਵਿਆਹ ਦੇ ਕਾਰਡ 'ਤੇ ਬੱਚਿਆਂ ਦੇ ਨਾਮ ਨਾਲ 'ਸਿੰਘ' ਅਤੇ 'ਕੌਰ' ਦੀ ਵਰਤੋਂ ਲਾਜ਼ਮੀ ਕਰਨ ਨੂੰ ਕਿਹਾ ਗਿਆ ਹੈ। ਗੁਰਮਤੇ 'ਚ ਕਿਹਾ ਗਿਆ ਕਿ ਇਹ ਵੀ ਦੇਖਣ ਨੂੰ ਆਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਤੋਂ ਪਹਿਲਾਂ ਜਦੋਂ ਲਾੜੀ ਦੀ ਐਂਟਰੀ ਹੁੰਦੀ ਹੈ ਤਾਂ ਉਸ ਮੌਕੇ ਉਸ ਦੇ ਸਿਰ 'ਤੇ ਚੁੰਨੀ ਜਾਂ ਫੁੱਲਾਂ ਦਾ ਛਤਰ ਬਣਾ ਉਸ ਦੇ ਰਿਸ਼ਤੇਦਾਰ ਉਸ ਨੂੰ ਗੁਰੂ ਸਾਹਿਬ ਦੀ ਹਜ਼ੂਰੀ 'ਚ ਲਿਆ ਕੇ ਬਿਠਾਉਂਦੇ ਹਨ, ਜੋ ਕਿ ਗੁਰਮਤਿ ਦੇ ਉਲਟ ਹੈ ਅਤੇ ਇਸ ਮਾਰਡਰਨ ਰਿਵਾਜ਼ 'ਤੇ ਤੁਰੰਤ ਪ੍ਰਭਾਵ ਨਾਲ ਸਿੰਘ ਸਾਹਿਬਾਨਾਂ ਵਲੋਂ ਪਾਬੰਦੀ ਲਗਾ ਦਿਤੀ ਗਈ ਹੈ।
ਅਖੀਰ ‘ਚ ਸਿੰਘ ਸਾਹਿਬਾਨਾਂ ਨੇ ਕਿਹਾ ਕਿ ਅਕਸਰ ਵੇਖਣ ਨੂੰ ਮਿਲ ਰਿਹਾ ਕਿ ਫੈਸ਼ਨ ਟਰੈਂਡ ਦੇ ਚਲਦੇ ਅੱਜ-ਕੱਲ੍ਹ ਲਾੜੀਆਂ ਬਹੁਤ ਭਾਰੀ ਲਹਿੰਗਾ ਪਾ ਕੇ ਆਉਂਦੀਆਂ ਨੇ , ਜਿਸ ਕਰਕੇ ਕਈ ਵਾਰ ਉਨ੍ਹਾਂ ਦਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਉੱਠਣਾ-ਬਹਿਣਾ ਅਤੇ ਇਥੇ ਤਕ ਕੇ ਮੱਥਾ ਟੇਕਣਾ ਵੀ ਬਹੁਤ ਔਖਾ ਹੋ ਜਾਂਦਾ ਹੈ। ਜਿਸ ਨੂੰ ਮੁੱਖ ਰੱਖਦਿਆਂ ਹੁਣ ਲਾੜੀ ਨੂੰ ਮਰਯਾਦਾ ਮੁਤਾਬਕ ਲਹਿੰਗਾ-ਚੋਲੀ ਦੀ ਥਾਂ ਕਮੀਜ਼-ਸਲਵਾਰ ਪਾਉਣ ਦੇ ਹੁਕਮ ਦਿਤੇ ਗਏ ਹਨ।
ਸਿੰਘ ਸਾਹਿਬਾਨਾਂ ਨੇ ਕਿਹਾ ਕਿ ਹਰ ਸਿੱਖ ਨੂੰ ਇਸ ਗੁਰਮਤੇ ਦੀ ਪਾਲਣਾ ਕਰਨੀ ਚਾਹੀਦੀ ਹੈ, ਜੋ ਵੀ ਸਿੱਖ ਇਸ ਦੇ ਉਲਟ ਜਾਵੇਗਾ, ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
(For more news apart from Major Decision taken regarding Sikh Marriage , stay tuned to Rozana Spokesman)