
ਤਿੰਨ ਦਿਨਾਂ ਗੁਰੂ ਮਾਨਿਉ ਗ੍ਰੰਥ ਚੇਤਨਾ ਸਮਾਗਮਾਂ ਦੀ ਹੋਈ ਸਮਾਪਤੀ
ਅਬੋਹਰ/ਡੱਬਵਾਲੀ : ਗੁਰੂ ਗ੍ਰੰਥ ਸਾਹਿਬ ਦਾ ਪਾਠ ਹਰ ਸਿੱਖ ਨੂੰ ਖ਼ੁਦ ਕਰਨਾ ਚਾਹੀਦਾ ਹੈ ਪਰ ਮੌਜੂਦਾ ਸਮੇਂ ਸੰਪਰਦਾਈ ਬਾਬਿਆਂ ਸਣੇ ਸ਼੍ਰੋਮਣੀ ਕਮੇਟੀ ਨੇ ਪਾਠਾਂ ਨੂੰ ਵੀ ਧੰਦਾ ਬਣਾ ਲਿਆ ਹੈ ਜਦਕਿ ਮੇਰੇ ਪ੍ਰਚਾਰ ਤੋਂ ਸੰਗਤ ਨੂੰ ਕੋਈ ਤਕਲੀਫ਼ ਨਹੀਂ, ਬਾਬਿਆਂ ਨੂੰ ਜ਼ਰੂਰ ਤਕਲੀਫ਼ ਹੁੰਦੀ ਏ ਕਿਉਂਕਿ ਹੁਣ ਸੰਗਤ ਦੇ ਸਮਝਣ ਕਾਰਨ ਇਨ੍ਹਾਂ ਦੇ ਪਾਠਾਂ ਵਾਲੇ ਧੰਦੇ 'ਤੇ ਸੱਟ ਵੱਜਦੀ ਹੈ। ਉਕਤ ਵਿਚਾਰ ਪ੍ਰਸਿੱਧ ਪੰਥਕ ਪ੍ਰਚਾਰਕ ਭਾਈ ਰਣਜੀਤ ਸਿੰਘ ਖ਼ਾਲਸਾ ਢਡਰੀਆਂ ਵਾਲੇ ਨੇ ਗੁਰੂ ਮਾਨਿਉ ਗ੍ਰੰਥ ਚੇਤਨਾ ਸਮਾਗਮ ਦੇ ਤੀਸਰੇ ਦਿਨ ਦੇ ਦੀਵਾਨ ਦੌਰਾਨ ਸੰਗਤਾਂ ਨਾਲ ਸਾਂਝੇ ਕੀਤੇ।
ਭਾਈ ਰਣਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਡੇਰੇਦਾਰ 100-100 ਪਾਠ ਇੱਕਠੇ ਰਖਵਾ ਕੇ ਆਮ ਸੰਗਤ ਦੀ ਵੱਡੇ ਪੱਧਰ 'ਤੇ ਲੁੱਟ ਕਰਦੇ ਹਨ ਜਦਕਿ ਸੁਨਣ ਵਾਲਾ ਕੋਈ ਨਹੀਂ ਹੁੰਦਾ ਜਦਕਿ ਚਾਹੀਦਾ ਤਾਂ ਇਹ ਹੈ ਕਿ 1 ਪਾਠ ਰੱਖ ਕੇ ਅੱਗੇ 100-100 ਬੰਦਾ ਬੈਠ ਕੇ ਸੁਣੇ। ਉਨ੍ਹਾਂ ਕਿਹਾ ਕਿ ਸੱਚ ਸੱਭ ਨੂੰ ਪਤਾ ਏ ਪਰ ਮੰਨਣ ਨਾਲ ਹੀ ਸਮਾਜ ਵਿਚ ਬਦਲਾਅ ਆਵੇਗਾ ਤੇ ਸਮਾਜ ਵਿਚ ਬਦਲਾਅ ਤਦ ਆਵੇਗਾ ਜਦ ਅਸੀਂ ਆਪ ਬਦਲਾਗੇਂ। ਉਨ੍ਹਾਂ ਕਿਹਾ ਕਿ ਕਿਸੇ ਏਜੰਸੀ ਜਾਂ ਆਰ.ਐਸ.ਐਸ 'ਤੇ ਹੀ ਪੰਥ ਵਿਰੋਧੀ ਕਾਰਜਾਂ ਦੇ ਦੋਸ਼ ਲਗਾਉਣੇ ਜਾਇਜ਼ ਨਹੀਂ ਬਲਕਿ ਜੇਕਰ ਅਸੀਂ ਆਪ ਹੀ ਬਦਲਣਾ ਨਹੀਂ ਚਾਹੁੰਦੇ ਤਾਂ ਸਾਨੂੰ ਕੋਈ ਨਹੀਂ ਬਦਲ ਸਕਦਾ।
ਉਨ੍ਹਾਂ ਕਿਹਾ ਕਿ ਠੱਗੀਆਂ ਅਤੇ ਬੇਈਮਾਨੀਆਂ ਕਰਨ ਵਾਲੇ ਲੋਕਾਂ ਨੂੰ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਲੋਕਾਂ ਤੋਂ ਕੋਈ ਤਕਲੀਫ਼ ਨਹੀਂ ਹੋਵੇਗੀ ਪਰ ਜਦ ਉਹ ਠੱਗੀਆਂ ਬਾਬਤ ਸੱਚ ਦਸਣ ਲੱਗ ਪਏ ਤਦ ਬੜੀ ਤਕਲੀਫ਼ ਹੋਵੇਗੀ। ਜਦਕਿ ਅਸਲ ਭਗਤੀ ਹੀ ਸੱਚ ਦਸਣਾ ਹੈ ਪਰ ਸਾਨੂੰ ਸੱਚ ਬੋਲਣ ਨਹੀਂ ਦਿਤਾ ਜਾਂਦਾ ਅਤੇ ਮਾਲਾ ਫੜਾ ਕੇ ਚੁੱਪ ਕਰਵਾ ਦਿਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨਸਾਨ ਵਲੋਂ ਅਪਣੇ ਫ਼ਰਜ਼ ਅਤੇ ਜ਼ਿੰਮੇਵਾਰੀਆਂ ਬਾਖੂਬੀ ਨਾਲ ਨਿਭਾਉਣੇ ਹੀ ਰੱਬ ਦੇ ਗੁਣ ਗਾਉਣੇ ਹਨ।