
ਲੁਧਿਆਣਾ : ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਅੱਜ ਪਿੰਡ ਜਸਪਾਲ ਬਾਂਗਰ ਵਿਖੇ ਦਸਤਾਰ ਮੁਕਾਬਲੇ ਅਤੇ ਵਿਧਵਾ...
ਲੁਧਿਆਣਾ : ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਅੱਜ ਪਿੰਡ ਜਸਪਾਲ ਬਾਂਗਰ ਵਿਖੇ ਦਸਤਾਰ ਮੁਕਾਬਲੇ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਣ ਦੀ ਸ਼ੁਰੂਆਤ ਕਰਨ ਦੇ ਪ੍ਰੋਗਰਾਮ ਵਿਚ ਪਹੁੰਚੇ ਸਨ।
ਉਨ੍ਹਾਂ ਲਹਿਰ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਬੇਦੀ ਦੁਆਰਾ ਕਹੇ ਸ਼ਬਦਾਂ ਕਿ ਉਹ ਅੱਜ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਨ 'ਤੇ ਅਪਣੀ ਮੋਹਰ ਲਗਾਉਂਦਿਆਂ ਕਿਹਾ,''ਹਾਂ ਉਹ ਅੱਜ ਵੀ ਅਕਾਲ ਤਖ਼ਤ ਸਾਹਿਬ ਦੇ 'ਜਥੇਦਾਰ' ਹਨ।'' ਇਹ ਸਵਾਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਹੋ ਰਹੇ ਸਵਾਲਾਂ ਦੇ ਜਵਾਬ ਦਿੰਦਿਆਂ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਹੇ ਸਨ ਕਿ ਨਰੈਣੂ ਮਹੰਤ ਨੂੰ ਗੱਡੀ ਚੜ੍ਹਾਉਣ ਵਾਲੇ ਭਾਈ ਰਣਜੀਤ ਸਿੰਘ ਨੂੰ ਲੋਕਾਂ ਨੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਿਆ ਸੀ ਜੋ ਹੁਣ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਨ। ਇਸ ਸਬੰਧੀ ਪੁਛਣ 'ਤੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਸੰਗਤ ਨੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਇਆ ਸੀ ਤਾਂ ਫਿਰ ਉਤਾਰਨਾ ਵੀ ਉਸੇ ਸੰਗਤ ਨੇ ਸੀ। ਸੰਗਤ ਨੇ ਉਨ੍ਹਾਂ ਨੂੰ 'ਜਥੇਦਾਰ' ਥਾਪਿਆ ਤਾਂ ਜ਼ਰੂਰ ਸੀ ਪਰ ਅੱਜ ਤਕ ਇਸ ਅਹੁਦੇ ਤੋਂ ਫ਼ਾਰਗ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਿਸ ਦਿਨ ਸੰਗਤ ਅਜਿਹਾ ਕਰ ਦੇਵੇਗੀ ਉਹ ਖ਼ੁਦ ਨੂੰ 'ਜਥੇਦਾਰ' ਮੰਨਣ ਤੋਂ ਹੱਟ ਜਾਣਗੇ। ਉਨ੍ਹਾਂ ਕਿਹਾ ਕਿ ਇਸੇ ਫ਼ਰਜ਼ ਨੂੰ ਪੂਰਾ ਕਰਨ ਲਈ ਉਹ ਬਾਦਲਕੇ ਲਾਣੇ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਅਤੇ ਅਕਾਲ ਤਖ਼ਤ ਸਾਹਿਬ ਨੂੰ ਕਬਜ਼ਾ ਮੁਕਤ ਕਰਵਾਉਣਾ ਚਾਹੁੰਦੇ ਹਨ। ਭਾਈ ਰਣਜੀਤ ਸਿੰਘ ਨਾਲ ਬਾਬਾ ਸਰਬਜੋਤ ਸਿੰਘ ਬੇਦੀ, ਜਸਜੀਤ ਸਿੰਘ ਸਕੱਤਰ ਅਤੇ ਅੰਮ੍ਰਿਤ ਸਿੰਘ ਸੰਯੁਕਤ ਸਕੱਤਰ ਨੇ ਵੀ ਉਪਰੋਕਤ ਤਿੰਨਾਂ ਸੰਸਥਾਵਾਂ ਨੂੰ ਬਾਦਲ ਪ੍ਰਵਾਰ ਤੋਂ ਮੁਕਤ ਕਰਵਾਉਣ ਦਾ ਸੱਦਾ ਦਿੰਦਿਆਂ ਬਾਦਲ ਪ੍ਰਵਾਰ ਦੇ ਸਿਆਸੀ ਅੰਤ ਦਾ ਹੋਕਾ ਦਿਤਾ।
ਪੰਥਕ ਲਹਿਰ ਦੇ ਇਨ੍ਹਾਂ ਆਗੂਆਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਪੰਥਕ ਅਕਾਲੀ ਲਹਿਰ ਦੀ ਮੈਂਬਰਸ਼ਿਪ ਲੈ ਕੇ ਹਰ ਪਿੰਡ ਵਿਚ ਮਜ਼ਬੂਤ ਕਮੇਟੀਆਂ ਗਠਤ ਕਰਨ। ਅਜਿਹਾ ਕਰਨ ਤੋਂ ਬਿਨਾਂ ਸਿੱਖਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਣ ਵਾਲਾ ਨਹੀਂ ਅਤੇ ਨਾ ਹੀ ਬਾਦਲ ਪ੍ਰਵਾਰ ਨੇ ਅਪਣੀ ਲੁੱਟ ਬੰਦ ਕਰਨੀ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕਤਾਂਤਰਿਕ ਤਰੀਕੇ ਨਾਲ ਅਸੀ ਬਾਦਲਕਿਆਂ ਕੋਲੋਂ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਖੋਹ ਲਿਆ ਤਾਂ ਬਾਕੀ ਕੰਮ ਖ਼ੁਦ-ਬ-ਖ਼ੁਦ ਹੋਣੇ ਸ਼ੁਰੂ ਹੋ ਜਾਣੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਉਪਰ ਅਪਣੀ ਗੱਲ ਜਾਂ ਲੀਡਰਸ਼ਿਪ ਥੋਪਣਗੇ ਨਹੀਂ ਬਲਕਿ ਸੰਗਤ ਚੰਗੇ ਪੰਥਕ ਕਿਰਦਾਰ ਵਾਲੇ ਯੋਗ ਵਿਅਕਤੀ ਸਾਨੂੰ ਦੇਵੇ। ਅਸੀ ਉਨ੍ਹਾਂ ਨੂੰ ਲੀਡਰਸ਼ਿਪ ਵਿਚ ਰੱਖਾਂਗੇ ਅਤੇ ਉਨ੍ਹਾਂ 'ਚੋਂ ਹੀ ਯੋਗਤਾ ਰਖਦੇ ਵਿਅਕਤੀਆਂ ਨੂੰ ਐਸ ਜੀ ਪੀ ਸੀ ਦੀ ਚੋਣ ਲੜਾਵਾਂਗੇ। ਰਣਜੀਤ ਸਿੰਘ ਅਤੇ ਬਾਬਾ ਸਰਬਜੋਤ ਸਿੰਘ ਬੇਦੀ ਨੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਧਰਮ ਪ੍ਰਚਾਰ ਕਮੇਟੀ ਵਲੋਂ ਕਰਵਾਏ ਦਸਤਾਰ ਮੁਕਾਬਲਿਆਂ ਅਤੇ 7 ਵਿਧਵਾ ਔਰਤਾਂ ਨੂੰ ਵੰਡੇ ਰਾਸ਼ਨ ਦੀ ਸ਼ਲਾਘਾ ਕੀਤੀ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਵਲੋਂ ਪੰਥਕ ਅਕਾਲੀ ਲਹਿਰ ਦੀ ਲੀਡਰਸ਼ਿਪ ਤੋਂ ਇਲਾਵਾ ਸ਼ਹੀਦ ਰਛਪਾਲ ਸਿੰਘ ਛੰਦੜਾ ਦੇ ਸਪੁੱਤਰ ਅੰਮ੍ਰਿਤਪਾਲ ਸਿੰਘ ਛੰਦੜਾ ਨੂੰ ਵੀ ਸਨਮਾਨਤ ਕੀਤਾ ਗਿਆ।