
ਗੁਰਦੁਆਰਾ ਕੰਧ ਸਾਹਿਬ’ ਬਟਾਲਾ, ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ‘ਵਿਆਹ’ ਦੀ ਯਾਦ ਵਜੋਂ ਸ਼ੋਭਨੀਕ ਹੈ..
ਚੰਡੀਗੜ੍ਹ : ਗੁਰਦੁਆਰਾ ਕੰਧ ਸਾਹਿਬ’ ਬਟਾਲਾ, ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ‘ਵਿਆਹ’ ਦੀ ਯਾਦ ਵਜੋਂ ਸ਼ੋਭਨੀਕ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ 24 ਜੇਠ, ਸੰ: 1544 ਬਿ: (1487 ਈ:) ਨੂੰ ਭਾਈ ਮੂਲ ਚੰਦ ਦੀ ਸਪੁੱਤਰੀ (ਮਾਤਾ) ਸੁਲੱਖਣੀ ਜੀ ਨਾਲ ਬਟਾਲੇ ਵਿਖੇ ਹੋਇਆ। ਗੁਰੂ ਜੀ ਦੇ ਵਿਆਹ ਸਮੇਂ ਬਰਾਤ ਦਾ ਉਤਾਰਾ ਪਹਿਲਾਂ ‘ਗੁਰਦੁਆਰਾ ਕੰਧ ਸਾਹਿਬ’ ਦੇ ਅਸਥਾਨ ‘ਤੇ ਕੀਤਾ ਤੇ ਵਿਆਹ ‘ਗੁਰਦੁਆਰਾ ਡੇਰਾ ਸਾਹਿਬ’ ਦੇ ਅਸਥਾਨ ‘ਤੇ ਹੋਇਆ।
Gurdwara Kandh Sahib
ਜਿਸ ਪੁਰਾਤਨ ਕੱਚੀ ਕੰਧ ਦੇ ਹੇਠਾਂ ਜਗਤ ਗੁਰੂ, ਗੁਰੂ ਨਾਨਕ ਸਾਹਿਬ ਨੇ ਕੁਝ ਸਮਾਂ ਨਿਵਾਸ ਕੀਤਾ, ਉਹ ‘ਕੱਚੀ ਕੰਧ’ ਗੁਰਦੁਆਰਾ ਕੰਧ ਸਾਹਿਬ ਵਿਖੇ ਸ਼ੀਸ਼ੇ ਦੇ ਫਰੇਮ ਵਿਚ ਸੁਰੱਖਿਅਤ ਹੈ। ਮਹਾਰਾਜਾ ਕੰਵਰ ਨੌ ਨਿਹਾਲ ਸਿੰਘ ਨੇ ਆਪਣੇ ਰਾਜ ਕਾਲ ਦੌਰਾਨ ਇਸ ਅਸਥਾਨ ‘ਤੇ ਪੱਕਾ ‘ਗੁਰ ਅਸਥਾਨ’ ਬਣਾਇਆ ਤੇ ਕੁਝ ਜਗੀਰ ਗੁਰਦੁਆਰਾ ਸਾਹਿਬ ਦੇ ਨਾਮ ਲਗਵਾਈ।
Gurdwara Kandh Sahib
ਬਟਾਲਾ ਸ਼ਹਿਰ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਮੁਬਾਰਕ ਚਰਨ ਪਾਏ ਜਦ ਉਹ ਆਪਣੇ ਸਪੁੱਤਰ ਬਾਬਾ ਗੁਰਦਿਤਾ ਜੀ ਨੂੰ ਵਿਆਹੁਣ ਆਏ। ਬਟਾਲਾ ਸ਼ਹਿਰ ਵਿਚ ਗੁਰਦੁਆਰਾ ਕੰਧ ਸਾਹਿਬ ਤੋਂ ਇਲਾਵਾ ਗੁਰਦੁਆਰਾ ਡੇਰਾ ਸਾਹਿਬ ਤੇ ਗੁਰਦੁਆਰਾ ਸਤਿ ਕਰਤਾਰੀਆਂ ਦਰਸ਼ਨ ਕਰਨ ਯੋਗ ਹਨ। ਬਟਾਲਾ ਪੰਜਾਬ ਦਾ ਪ੍ਰਮੁੱਖ ਸਨਅਤੀ ਸ਼ਹਿਰ ਹੈ ਪਰ ਇਸ ਦੀ ਪ੍ਰਸਿੱਧੀ- ਇਤਿਹਾਸਕਤਾ ‘ਗੁਰਦੁਆਰਾ ਕੰਧ’ ਤੇ ਗੁਰਦੁਆਰਾ ਡੇਰਾ ਸਾਹਿਬ ਕਰਕੇ ਹੀ ਹੈ।
Gurdwara Kandh Sahib
ਇਸ ਗੁਰ-ਅਸਥਾਨ ‘ਤੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਗੁਰਪੁਰਬ ਤੇ ਵਿਆਹ ਪੁਰਬ ਬਹੁਤ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ। ਇਸ ਧਾਰਮਿਕ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਹੈ। ਸ੍ਰੀ ਅੰਮ੍ਰਿਤਸਰ-ਪਠਾਨਕੋਟ ਰੇਲਵੇ ਲਾਈਨ ‘ਤੇ ਬਟਾਲਾ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਕੰਧ ਸਾਹਿਬ 1½ ਕਿਲੋਮੀਟਰ ਤੇ ਬੱਸ ਸਟੈਂਡ ਬਟਾਲਾ ਤੋਂ ਕੇਵਲ ਇਕ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
Gurdwara Kandh Sahib
ਸੜਕੀ ਮਾਰਗ ਰਾਹੀਂ ਬਟਾਲਾ ਸ੍ਰੀ ਅੰਮ੍ਰਿਤਸਰ, ਗੁਰਦਾਸਪੁਰ, ਫਤਹਿਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਕਲਾਨੌਰ, ਹਰਿਗੋਬਿੰਦਪੁਰ, ਜਲੰਧਰ ਆਦਿ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।