ਭਾਰਤ ਦਾ ਨੈਪੋਲੀਅਨ ਜਰਨੈਲ ਜ਼ੋਰਾਵਰ ਸਿੰਘ
Published : Jul 17, 2020, 2:26 pm IST
Updated : Jul 17, 2020, 2:47 pm IST
SHARE ARTICLE
jarnail zorawar singh
jarnail zorawar singh

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)

ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਰਾਜਾ ਗੁਲਾਬ ਸਿੰਘ ਨੂੰ ਜੰਮੂ ਦਾ ਜਾਗੀਰਦਾਰ-ਮੁਖੀਆ ਨਿਯੁਕਤ ਕਰ ਦਿਤਾ ਤਾਂ ਉਸ ਨੇ ਸ. ਜ਼ੋਰਾਵਰ ਸਿੰਘ ਨੂੰ ਕਿਸ਼ਤਵਾੜ ਦਾ ਗਵਰਨਰ ਬਣਾ ਦਿਤਾ। ਇਸ ਅਹੁਦੇ ਉਤੇ ਬੈਠਦਿਆਂ ਹੀ ਉਸ ਨੇ ਬਹੁਤ ਸਾਰੇ ਸੁਧਾਰਵਾਦੀ ਕਾਰਜ ਕਰਵਾਏ। ਭਾਵੇਂ ਉਹ ਨਵੇਂ-ਨਵੇਂ ਜਿੱਤੇ ਇਲਾਕੇ ਵਿਚ ਕਾਰਜਸ਼ੀਲ ਸੀ ਪਰ ਅਮਨ-ਚੈਨ ਕਾਇਮ ਰੱਖਣ ਵਿਚ ਉਸ ਦਾ ਕੋਈ ਸਾਨੀ ਨਹੀਂ ਸੀ।

 1835 ਵਿਚ ਉਸ ਨੇ ਚੰਬੇ ਦੇ ਰਾਜੇ ਤੋਂ ਪੱਦਰ ਜਿੱਤ ਲਿਆ, ਜਿਹੜਾ ਬਾਅਦ ਵਿਚ ਨੀਲਮ ਦੀਆਂ ਖਾਣਾਂ ਕਰ ਕੇ ਪ੍ਰਸਿੱਧ ਹੋਇਆ। ਹੁਣ ਉਸ ਦੀਆਂ ਅਗਲੀਆਂ ਪ੍ਰਸਿੱਧ ਮੁਹਿੰਮਾਂ ਦੀ ਸ਼ੁਰੂਆਤ ਹੋਣ ਵਾਲੀ ਸੀ ਜਿਸ ਲਈ ਉਹ ਚਿਰਾਂ ਤੋਂ ਚਿੰਤਨ ਤੇ ਮੰਥਨ ਕਰ ਰਿਹਾ ਸੀ। ਜੰਮੂ ਤੇ ਹਿਮਾਚਲ ਦੇ ਰਾਜਪੂਤ ਪਹਾੜੀ ਯੁੱਧ-ਸ਼ੈਲੀ ਵਿਚ ਅਤਿਅੰਤ ਮਾਹਰ ਮੰਨੇ ਜਾਂਦੇ ਹਨ (ਦਸ਼ਮੇਸ਼ ਪਿਤਾ ਨੂੰ ਵੀ ਇਨ੍ਹਾਂ ਨਾਲ ਟੱਕਰ ਲੈਣੀ ਪਈ ਸੀ)।

Maharaja Ranjit SinghMaharaja Ranjit Singh

ਕਿਸ਼ਤਵਾੜ ਤੇ ਕਸ਼ਮੀਰ ਦੇ ਪੂਰਬ ਵਲ, ਹਿਮਾਲਿਆ ਦੇ ਸਿਖਰਾਂ ਵਾਲੇ ਬਰਫ਼ਾਂ-ਲੱਦੇ ਪਹਾੜ ਹਨ। ਜੰਕਸਾਰ, ਸਰੂ ਤੇ ਦਰਾਸ ਦਰਿਆ ਇਨ੍ਹਾਂ ਬਰਫ਼ਾਂ ਤੋਂ ਹੀ ਨਿਕਲਦੇ ਹਨ ਜਿਹੜੇ ਲੱਦਾਖ਼ ਪਠਾਰ ਪਾਰ ਕਰ ਕੇ ਇੰਡਸ ਦਰਿਆ ਵਿਚ ਜਾ ਮਿਲਦੇ ਹਨ। ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਰਿਆਸਤਾਂ, ਲੱਦਾਖ਼ ਦੇ ਰਾਜੇ  ਦੀਆਂ ਸਹਾਇਕ ਸਨ।  1834 ਵਿਚ, ਇਨ੍ਹਾਂ ਵਿਚੋਂ ਇਕ ਤਿੰਬਸ ਦੇ ਰਾਜੇ ਨੇ ਜ਼ੋਰਾਵਰ ਸਿੰਘ ਤੋਂ ਲੱਦਾਖ਼ ਦੇ ਰਾਜੇ ਵਿਰੁਧ ਮਦਦ ਮੰਗੀ ਸੀ।

ਉਹ ਤਾਂ ਚਿਰਾਂ ਤੋਂ ਰਾਜਾ ਗੁਲਾਬ ਸਿੰਘ ਦੇ ਇਲਾਕੇ ਦੇ ਵਿਸਤਾਰ ਲਈ ਕਾਹਲਾ ਸੀ। ਉਂਜ ਵੀ ਕਿਸ਼ਤਵਾੜ ਵਿਚ ਔੜ ਲਗੀ ਹੋਈ ਸੀ ਤੇ ਖ਼ਜ਼ਾਨੇ ਖ਼ਾਲੀ ਹੋ ਰਹੇ ਸਨ। ਇਸ ਮੌਕੇ ਨੂੰ ਉਸ ਨੇ ਅੰਜਾਈਂ ਨਾ ਜਾਣ ਦਿਤਾ ਤੇ ਮਾਲੀਆ ਇਕੱਠਾ ਕਰਨ ਲਈ ਅੱਗੇ ਵਧਿਆ। ਸਰੂ ਦਰਿਆ ਵਲੋਂ ਲੱਦਾਖ਼ ਵਿਚ ਦਾਖ਼ਲ ਹੁੰਦਿਆਂ ਕੋਈ ਅੜਚਣ ਨਾ ਆਈ। ਉਸ ਦੇ ਪੰਜ ਹਜ਼ਾਰ ਲੜਾਕੂਆਂ ਨੇ ਸਥਾਨਕ ਫ਼ੌਜ ਨੂੰ ਹਰਾ ਦਿਤਾ।

Kargil Kargil

ਕਾਰਗਿਲ ਵਲ ਵਧਦਿਆਂ, ਉਸ ਨੇ ਸਾਰੇ ਜ਼ਿਮੀਂਦਾਰ ਹਰਾ ਦਿਤੇ ਤੇ ਲੱਦਾਖ਼ੀਆਂ ਨੂੰ ਅਪਣੇ ਅਧੀਨ ਕਰ ਲਿਆ। ਛੇਤੀ ਹੀ ਸਥਾਨਕ ਹੁਕਮਰਾਨ ਨੇ ਅਪਣੇ ਜਰਨੈਲ ਰਾਹੀਂ ਸ. ਜ਼ੋਰਾਵਰ ਸਿੰਘ ਉਤੇ ਹਮਲਾ ਕਰ ਦਿਤਾ। ਪਰ 1835 ਵਿਚ ਬਹਾਰ ਰੁੱਤੇ, ਉਸ ਨੇ ਲੱਦਾਖ਼ੀ ਫ਼ੌਜ ਨੂੰ ਲੱਕ ਤੋੜਵੀਂ ਹਾਰ ਦਿਤੀ। ਜੇਤੂ ਫ਼ੌਜਾਂ ਲੇਹ ਵਲ ਕੂਚ ਕਰ ਗਈਆਂ ਜਦੋਂ ਕਿ ਲੱਦਾਖ਼ ਦੇ ਰਾਜੇ ਨੂੰ 50 ਹਜ਼ਾਰ ਯੁੱਧ ਦਾ ਹਰਜਾਨਾ ਤੇ 20 ਹਜ਼ਾਰ ਸਾਲਾਨਾ, ਰਾਜਾ ਗੁਲਾਬ ਸਿੰਘ ਨੂੰ ਅਦਾ ਕਰਦੇ ਰਹਿਣ ਦਾ ਹੁਕਮ ਸੁਣਾਇਆ ਗਿਆ।

ਜਰਨੈਲ ਜ਼ੋਰਾਵਰ ਸਿੰਘ ਦੀਆਂ ਜਿੱਤਾਂ ਤੋਂ ਬੁਖਲਾਏ ਕਸ਼ਮੀਰ ਦੇ ਗਵਰਨਰ ਮੀਹਾਂ ਸਿੰਘ ਨੇ ਮੁੜ ਲੱਦਾਖ਼ ਦੇ ਸਰਦਾਰਾਂ ਨੂੰ ਬਗਾਵਤ ਲਈ ਉਕਸਾ ਦਿਤਾ। ਦਸ ਦਿਨਾਂ ਵਿਚ 17300 ਫੁੱਟ ਦੀ ਉਚਾਈ ਉਤੇ, ਨਵੰਬਰ ਦੇ ਠੰਢੇ ਮੌਸਮ ਵਿਚ, ਮੁੜ ਲੱਦਾਖ਼ ਪਹੁੰਚ ਕੇ ਬਾਗੀਆਂ ਦੀ ਖੁੰਬ ਠੱਪੀ ਗਈ। ਦੁਨੀਆਂ ਦੇ ਫ਼ੌਜੀ ਇਤਿਹਾਸ ਵਿਚ ਇਹ ਇਕ ਬੇਹਦ ਅਨੂਠਾ ਯੁੱਧ ਸੀ। ਇਸ ਵਾਰ ਜੰਸਕਾਰ ਦੇ ਰਾਜੇ ਨੂੰ ਵੀ ਵਖਰਾ ਸਾਲਾਨਾ ਮਾਲੀਆ ਦੇਣ ਲਈ ਮਜਬੂਰ ਕਰ ਦਿਤਾ ਗਿਆ।

Zorawar Singh KahluriaZorawar Singh Kahluria

ਇਕ ਵਾਰ ਫਿਰ ਮੀਹਾਂ ਸਿੰਘ ਨੇ ਲੱਦਾਖ਼ ਦੇ ਰਾਜੇ ਨੂੰ ਚੁੱਕ ਦਿਤਾ ਪਰ ਸ. ਜ਼ੋਰਾਵਰ ਸਿੰਘ ਅੱਗੇ ਉਸ ਦੀ ਇਕ ਨਾ ਚੱਲੀ। ਲੱਦਾਖ਼ੀ ਜਰਨੈਲ ਸਟਾਜ਼ਿਨ ਨੂੰ ਰਾਜ ਭਾਗ ਸੰਭਾਲ ਕੇ ਉਹ ਲੇਹ ਤੁਰ ਗਿਆ ਪਰ ਇਹ ਜਰਨੈਲ ਵਫ਼ਾਦਾਰ ਨਾ ਸਾਬਤ ਹੋਇਆ। ਮਜਬੂਰੀ ਵੱਸ, ਮੁੜ ਕੇ ਪਹਿਲੇ ਰਾਜੇ (ਗਿਆਲਪੋ) ਨੂੰ ਹੀ 1838 ਵਿਚ ਉਸ ਦਾ ਰਾਜ-ਭਾਗ ਸੰਭਾਲਣਾ ਪਿਆ।

ਨਿਰਸੰਦੇਹ, ਸਿੱਖ ਰਾਜ ਵਿਚ ਲੱਦਾਖ਼ ਨੂੰ ਸ਼ਾਮਲ ਕਰ ਕੇ, ਭੁਗੋਲਿਕ, ਇਤਿਹਾਸਕ ਅਤੇ ਰਾਜਨੀਤਕ ਪੱਖੋਂ ਉਸ ਨੇ ਅਜੋਕੇ ਭਾਰਤ ਦੀ ਮਹਿਮਾ ਵਧਾਈ। ਨਿਸ਼ਚੇ ਹੀ ਇਹ ਪਹਿਲਾਂ ਹੀ ਚੀਨ ਦਾ ਅਨਿੱਖੜ ਅੰਗ ਹੁੰਦਾ ਜੇਕਰ ਸਾਡੇ ਇਸ ਜਰਨੈਲ ਨੇ ਜੀਵਨ ਦੇ ਐਨੇ ਮੁੱਲਵਾਨ ਵਰ੍ਹੇ ਲੱਦਾਖ਼ ਦੀਆਂ ਮੁਹਿੰਮਾਂ ਉਤੇ ਨਾ ਲਗਾਏ ਹੁੰਦੇ।
ਲੱਦਾਖ਼ ਤੋਂ ਬੇਫ਼ਿਕਰ ਹੋ ਕੇ ਉਹ 1840 ਵਿਚ ਬਾਲਟਿਸਤਾਨ (ਮੌਜੂਦਾ ਪਾਕਿਸਤਾਨ) ਦੀ ਮੁਹਿੰਮ ਉਤੇ ਚਲਾ ਗਿਆ ਜਿਹੜਾ ਦੁਨੀਆਂ ਦਾ ਦੂਜਾ ਸੱਭ ਤੋਂ ਉੱਚਾ ਪਰਬਤੀ ਇਲਾਕਾ ਹੈ। ਇਹ ਬੀਹੜੀ ਪਹਾੜ ਕਰਾਕੋਰਮ ਲੜੀ ਵਿਚ ਮੌਜੂਦ ਹੈ। 1757 ਤਕ ਇਹ ਅਹਿਮਦ ਸ਼ਾਹ ਦੁੱਰਾਨੀ ਦੇ ਕਬਜ਼ੇ ਹੇਠ ਸੀ ਤੇ ਜੇਕਰ ਸ. ਜ਼ੋਰਾਵਰ ਸਿੰਘ ਇਸ ਨੂੰ ਨਾ ਜਿੱਤਦੇ ਤਾਂ ਇਹ ਨਿਸ਼ਚੇ ਹੀ ਅਫ਼ਗਾਨਿਸਤਾਨ ਦਾ ਹਿੱਸਾ ਹੁੰਦਾ (ਆਜ਼ਾਦੀ ਤੋਂ ਪਹਿਲਾਂ ਇਹ ਸਾਡੇ ਦੇਸ਼ ਵਿਚ ਸੀ।

BaltistanBaltistan

1947 ਤੋਂ ਪਿੱਛੋਂ ਇਹ ਭਾਰਤ ਤੇ ਪਾਕਿਸਤਾਨ, ਭਾਰਤ ਤੇ ਚੀਨ ਵਿਚਲੇ ਵਿਵਾਦ ਦਾ ਵੀ ਇਕ ਮੁੱਦਾ ਵੀ ਰਿਹਾ ਹੈ।) ਬਾਲਟਿਸਤਾਨ ਫ਼ਤਹਿ ਕਰ ਕੇ ਉਹ ਫਿਰ ਲੇਹ ਪਰਤ ਆਇਆ। ਪਰ ਹੋਰ ਇਲਾਕਾ ਜਿੱਤਣ ਦੀ ਲਲਕ 1841 ਵਿਚ ਸਾਡੇ ਜਰਨੈਲ ਨੂੰ ਸੰਸਾਰ ਦੀ ਸੱਭ ਤੋਂ ਉੱਚੀ ਥਾਂ ਵਲ ਲੈ ਤੁਰੀ। ਪੰਗੌਂਗ ਝੀਲ ਕੋਲੋਂ, 14300 ਫੁੱਟ ਉੱਚਾਈ ਉਤੇ, ਉਹ ਪਛਮੀ ਤਿੱਬਤ ਵੱਲ ਵਧਿਆ ਤੇ ਮਾਊਂਟ ਕੈਲਾਸ਼ ਤੇ ਮਾਨਸਰੋਵਰ ਝੀਲ ਪੁੱਜ ਗਿਆ। ਮਾਊਂਟ ਕੈਲਾਸ਼ ਚੀਨ ਦੀ ਇਕ ਪਹਾੜੀ ਸਿਖਰ ਹੈ ਤੇ ਮਾਨਸਰੋਵਰ ਝੀਲ ਤਕ ਪਹੁੰਚਣ ਲਈ ਹੁਣ ਵੀ ਭਾਰਤੀਆਂ ਨੂੰ ਚੀਨ ਦੇ ਕੁੱਝ ਹਿੱਸੇ ਵਿਚੋਂ ਲੰਘਣਾ ਪੈਂਦਾ ਹੈ।

ਪੁਰਾਂਗ ਵੈਲੀ ਰਾਹੀਂ ਸ. ਜ਼ੋਰਾਵਰ ਸਿੰਘ ਦੀ ਫ਼ੌਜ ਡੋਗਪਚਾ (ਤਿੱਬਤ) ਪੁੱਜੀ ਜਿਥੇ ਅਚਾਨਕ ਹੀ ਉਨ੍ਹਾਂ ਦਾ ਮੁਕਾਬਲਾ ਤਿੱਬਤੀ ਫ਼ੌਜ ਨਾਲ ਹੋ ਗਿਆ। ਮੁਕਾਬਲੇ ਵਿਚ ਦੋ-ਦੋ ਹੱਥ ਕਰਦਿਆਂ ਜਿੱਤ ਫਿਰ ਖ਼ਾਲਸੇ ਦੇ ਪੈਰ ਚੁੰਮਣ ਆ ਗਈ। ਇਥੇ ਹੀ ਉਸ ਨੇ ਤਿੱਬਤੀ ਫ਼ੌਜ ਤੋਂ 'ਕਲਾਰ ਫ਼ਲੈਗ' ਖੋਹ ਲਿਆ ਸੀ ਜਿਹੜਾ ਇਸ ਵਕਤ ਭਾਰਤੀ ਫ਼ੌਜ ਕੋਲ ਹੈ। ਕੀ ਇਹ ਸਾਡੀਆਂ ਫ਼ੌਜਾਂ ਲਈ ਮਾਣ ਤੇ ਸਨਮਾਨ ਦਾ ਸਬੱਬ ਨਹੀਂ?

Kailash Kailash

ਕੈਲਾਸ਼ ਪਰਬਤ ਉਤੇ ਮਾਨਸਰੋਵਰ ਦੀ ਫੇਰੀ ਪਿੱਛੋਂ, ਜਰਨੈਲੀ ਫ਼ੌਜਾਂ ਤਕਲਾਕੋਟ ਦੇ ਦੱਖਣ ਵਲ ਮੁੜ ਗਈਆਂ ਜਿੱਥੇ 17 ਹਜ਼ਾਰ ਫੁੱਟ (ਸਮੁੰਦਰੀ ਤਲ ਤੋਂ ਉਚਾਈ) ਤੇ ਮੱਯਮ ਦੱਰੇ ਕੋਲ ਤਿੱਬਤੀ ਫ਼ੌਜ ਨਾਲ ਯੁੱਧ ਹੋਇਆ। ਸਾਢੇ ਤਿੰਨ ਮਹੀਨੇ ਚਲੇ ਯੁੱਧ ਦੌਰਾਨ 550 ਮੀਲ ਇਲਾਕਾ ਸ. ਜ਼ੋਰਾਵਰ ਸਿੰਘ ਦੀ ਫ਼ੌਜ ਨੇ ਜਿੱਤ ਲਿਆ। ਸਾਰੇ ਹਾਲਾਤ ਉਨ੍ਹਾਂ ਦੇ ਅਨੁਕੂਲ ਸਨ।

ਜੁਲਾਈ 1841 ਨੂੰ, ਜਦੋਂ ਕਮਾਊਂ ਦੇ ਅੰਗਰੇਜ਼ ਕਮਿਸ਼ਨਰ ਨੂੰ ਇਨ੍ਹਾਂ ਜੇਤੂ ਸਰਗਰਮੀਆਂ ਦੀ ਖ਼ਬਰ ਮਿਲੀ ਤਾਂ ਬੁਖਲਾਏ ਹੋਏ ਨੇ ਕੈਪਟਨ ਕਨਿੰਘਮ ਨੂੰ ਪੁੱਛਗਿੱਛ ਲਈ ਲਾਹੌਰ ਦਰਬਾਰ ਘੱਲਿਆ। ਮਹਾਰਾਜਾ ਸ਼ੇਰ ਸਿੰਘ ਖ਼ਾਮੋਸ਼ ਰਿਹਾ ਤਾਕਿ ਜ਼ੋਰਾਵਰ ਸਿੰਘ ਅਪਣੀ ਬਾਕੀ ਬਚਦੀ ਮੁਹਿੰਮ ਵੀ ਸਰ ਕਰ ਸਕਣ। ਜ਼ਿਕਰਯੋਗ ਹੈ ਕਿ ਸਾਰੇ ਦੇਸ਼ ਉਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਚੁੱਕਾ ਸੀ ਤੇ ਕੇਵਲ ਸਤਲੁਜ ਪਾਰਲਾ ਵਿਸ਼ਾਲ ਪੰਜਾਬ (ਜਿਹੜਾ ਸਿੱਖ ਰਾਜ ਦੀ ਮਲਕੀਅਤ ਸੀ) ਹੀ ਉਨ੍ਹਾਂ ਤੋਂ ਦੂਰ ਸੀ।

 zorawar singhzorawar singh

ਕੁਦਰਤੀ ਸਿੱਖਾਂ ਦੀਆਂ ਅਗਲੇਰੀਆਂ ਜਿੱਤਾਂ ਉਨ੍ਹਾਂ ਨੂੰ ਠੰਢੀਆਂ ਤਰੇਲੀਆਂ ਲਿਆ ਰਹੀਆਂ ਸਨ। ਭਰ ਸਰਦੀ ਦੀ ਆਮਦ ਕਾਰਨ ਸ. ਜ਼ੋਰਾਵਰ ਸਿੰਘ ਨੇ ਤੀਰਥਾਪੁਰੀ ਵਲ ਨਿਕਲ ਜਾਣ ਦਾ ਮਨ ਬਣਾਇਆ ਤਾਕਿ ਗਰਮੀ ਆਉਂਦੇ ਹੀ ਉਹ ਅਪਣੇ ਅਗਲੇ ਮਨਸੂਬੇ ਪੂਰੇ ਕਰ ਸਕੇ। ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਦਰਅਸਲ, ਉਸ ਨੇ ਦੁਸ਼ਮਣ ਫ਼ੌਜਾਂ ਦੇ ਆਉਣ ਦੇ ਸੰਭਾਵੀ ਰਾਹ ਬੰਦ ਕੀਤੇ ਹੋਏ ਸਨ ਤੇ ਉਹ ਬੇਫ਼ਿਕਰੀ ਦੇ ਆਲਮ ਵਿਚ ਬੈਠਾ ਸੀ

ਪਰ ਤਿੱਬਤੀ ਫ਼ੌਜ ਨੇ ਮਤਸਗ ਦੱਰੇ ਵਲੋਂ ਅਚਾਨਕ ਹਮਲਾ ਕਰ ਦਿਤਾ। ਭਾਰੀ ਬਰਫ਼ਬਾਰੀ, ਮਾਈਨਸ 34 ਡਿਗਰੀ ਤਾਪਮਾਨ, ਕੜਾਕੇ ਦੀ ਠੰਢ, ਭਾਰੇ ਕਪੜਿਆਂ ਦੀ ਕਮੀ ਤੇ ਏਨੀ ਉੱਚਾਈ ਦਾ ਮੈਦਾਨੇ-ਜੰਗ!! ਸੱਭ ਮਨਸੂਬੇ ਧਰੇ ਧਰਾਏ ਰਹਿ ਗਏ। ਗਹਿ ਗੱਚ ਮੁਕਾਬਲੇ ਵਿਚ 12 ਦਸੰਬਰ ਨੂੰ ਸ਼ੇਰ-ਏ-ਲੱਦਾਖ਼ ਨੂੰ ਖੱਬੇ ਮੋਢੇ ਉਤੇ ਗੋਲੀ ਲੱਗੀ। ਫਿਰ ਇਕ ਵੈਰੀ ਨੇ ਖੰਜਰ ਆਰ ਪਾਰ ਕਰ ਦਿਤਾ। ਇਕ ਛੋਟੀ ਜਹੀ ਉਕਾਈ ਤੇ ਭਰਮ ਕਰ ਕੇ ਸਾਡਾ ਬੇਹਦ ਸ਼ਕਤੀਸਾਲੀ ਜਰਨੈਲ ਮਾਰਿਆ ਗਿਆ।

 zorawar singhzorawar singh

ਤਿੱਬਤੀ ਲੋਕਾਂ ਵਿਚ ਉਸ ਦੀ ਬਹਾਦਰੀ ਤੇ ਦਲੇਰੀ ਦੀਆਂ ਇਸ ਕਦਰ ਧੁੰਮਾਂ ਪਈਆਂ ਹੋਈਆਂ ਸਨ ਕਿ ਨਲੂਏ ਦੇ ਨਾਂ ਵਾਂਗ ਆਮ ਜਨਤਾ ਉਸ ਨੂੰ ਹਊਆ ਸਮਝਦੀ ਸੀ। ਤਿੱਬਤੀ ਫ਼ੌਜ ਨੇ ਉਸ ਦਾ ਸਿਰ ਵੱਢ ਕੇ ਸ਼ਹਿਰ ਦੇ ਮੁੱਖ ਦਰਵਾਜ਼ੇ ਉਤੇ ਟੰਗ ਦਿਤਾ ਤਾਕਿ ਲੋਕਾਂ ਨੂੰ ਸੱਚ ਪਤਾ ਲੱਗ ਸਕੇ ਤੇ ਉਹ ਰਾਤਾਂ ਨੂੰ ਡਰ-ਡਰ ਕੇ ਨਾ ਉੱਠਣ। ਉਂਜ, ਉਸ ਦੀ ਵੀਰਤਾ ਦੇ ਕਾਇਲ ਹੁੰਦਿਆਂ, ਤਕਲਾਕੋਟ ਵਾਸੀਆਂ ਵਲੋਂ ਬਣਾਈ ਇਕ ਆਲੀਸ਼ਾਨ ਤੇ ਖ਼ੂਬਸੂਰਤ ਯਾਦਗਾਰ ਅੱਜ ਤਕ ਉਸ ਦੀਆਂ ਸਫ਼ਲਤਾਵਾਂ ਦੀ ਗਵਾਹੀ ਭਰਦੀ ਹੈ।

ਸਾਡੇ ਇਸ ਮਹਾਨ ਜਰਨੈਲ ਨੇ ਮਨਫ਼ੀ 34 ਡਿਗਰੀ ਤਾਪਮਾਨ ਵਿਚ, ਬਰਫ਼ਾਂ-ਲੱਦੇ ਬਿਖਮ ਪਹਾੜਾਂ ਨੂੰ ਚੀਰਦਿਆਂ, 550 ਮੀਲ ਤਕ ਤਿੱਬਤੀ ਇਲਾਕੇ ਜਿੱਤ ਕੇ ਮਾਨਸਰੋਵਰ ਤਕ ਜਿਵੇਂ ਰਸਾਈ ਹਾਸਲ ਕੀਤੀ, ਉਸ ਦਾ ਹੋਰ ਕੋਈ ਸਾਨੀ ਨਹੀਂ ਹੋ ਸਕਦਾ। ਉਸ ਦੀਆਂ ਮੁਹਿੰਮਾਂ ਵਿਚ 12 ਹਜ਼ਾਰ ਤੋਂ ਵੱਧ ਸਿੱਖ ਸ਼ਹੀਦ ਹੋਏ। ਜਾਪਦੈ ਜਿਵੇਂ ਸਾਡਾ ਇਹ ਬੱਬਰ ਸ਼ੇਰ ਅੱਜ ਵੀ ਤਿੱਬਤ ਵਿਚ ਹੀ ਸੁੱਤਾ ਪਿਆ ਹੋਵੇ।

Tibet Tibet

ਅਸੀ ਪ੍ਰੋ. ਹਰਬੰਸ ਸਿੰਘ ਦੇ ਇਸ ਕਥਨ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ''ਸਿੱਖ ਰਾਜ ਸਮੇਂ ਲੱਦਾਖ਼ ਤੇ ਬਾਲਟਿਸਤਾਨ ਉਤੇ ਜਿੱਤਾਂ ਦਰਜ ਕਰਨ ਵਾਲਾ ਮਿਲਟਰੀ ਜਰਨੈਲ ਇਸ ਕਦਰ ਮਹਾਨ ਸੀ ਜਿਸ ਨੇ ਤਿੱਬਤ ਦੇ ਧੁਰ ਅੰਦਰ ਤਕ ਖ਼ਾਲਸਾ ਪਰਚਮ ਜਾ ਲਹਿਰਾਇਆ।'' ਉਸ ਦੇ ਸ਼ਹੀਦੀ-ਜਾਮ ਪੀ ਜਾਣ ਉਪਰੰਤ ਵੀ, ਉਸ ਦੀਆਂ ਫ਼ੌਜਾਂ, ਮਿਲਟਰੀ ਅਫ਼ਸਰ ਬਸਤੀ ਰਾਮ ਦੀ ਕਮਾਂਡ ਹੇਠ ਜਨਵਰੀ 1842 ਤਕ ਤਿੱਬਤ ਵਿਚ ਹੀ ਰਹੀਆਂ ਤੇ ਮੁੜ ਲੱਦਾਖ਼ ਪਠਾਰ ਰਸਤੇ ਕਮਾਉਂ ਹੁੰਦੀਆਂ ਹੋਈਆਂ ਸਤਲੁਜ ਪਾਰ ਵਾਪਸ ਆ ਗਈਆਂ।

ਬਹੁਤ ਥੋੜੇ ਸੈਨਿਕ ਸ਼ਾਇਦ 242 ਹੀ ਸਹੀ ਸਲਾਮਤ ਵਾਪਸ ਪੁੱਜੇ, ਵਧੇਰੇ ਰਾਹ ਦੀਆਂ ਕਠਿਨਾਈਆਂ ਦੇ ਸ਼ਿਕਾਰ ਹੋ ਗਏ।  1942 ਵਿਚ ਪਹਿਲੀ ਵਾਰ ਰੂਪ ਕੁੰਡ ਝੀਲ (16500 ਫੁੱਟ ਉਚਾਈ) ਲਾਗੇ ਜੰਮੇ ਹੋਏ ਮਾਸ ਵਾਲੇ ਬੇਅੰਤ ਮਨੁੱਖੀ ਪਿੰਜਰ ਵੇਖੇ ਗਏ ਜੋ ਨਿਸ਼ਚੇ ਹੀ ਰਸਤਾ ਭਟਕ ਜਾਣ ਵਾਲੇ ਉਨ੍ਹਾਂ ਸੈਨਿਕਾਂ ਦੇ ਸਨ, ਜੋ ਅਪਣੇ ਜਰਨੈਲ ਦੇ ਤੁਰ ਜਾਣ ਪਿੱਛੋਂ ਬੇਸਰੋਸਾਮਾਨੀ, ਨਿਰਾਸ਼ਾ ਤੇ ਡਿਗਦੇ ਮਨੋਬੱਲ ਨਾਲ ਵਾਪਸ ਸਿੱਖ ਰਾਜ ਵਲ ਪਰਤ ਰਹੇ ਹੋਣਗੇ। ਕੇਹੀਆਂ ਅਣਹੋਣੀਆਂ ਦੇ ਭਾਗੀ ਬਣਦੇ ਰਹੇ ਸਾਡੇ ਜਰਨੈਲ!!

Zorawar Singh Zorawar Singh

ਜਰਨੈਲ ਜ਼ੋਰਾਵਰ ਸਿੰਘ ਦਾ ਭਾਗਾਂ ਭਰਿਆ ਪਿਸਤੌਲ ਜਿਸ ਨੇ ਵੈਰੀਆਂ ਦੇ ਚੁਣ-ਚੁਣ ਕੇ ਆਹੂ ਲਾਹੇ, ਹੁਣ ਬਰਤਾਨੀਆ ਵਿਚ ਕਿਸੇ ਦੇ ਨਿਜੀ ਸੰਗ੍ਰਹਿ ਵਿਚ ਪਿਆ ਹੈ। ਲੇਹ ਤੇ ਸ਼ੁਰੂ ਵਿਚ ਬਣਵਾਏ ਉਸ ਦੇ ਕਿਲ੍ਹਿਆਂ ਵਿਚ ਉਸ ਦੇ ਆਦਮ-ਕੱਦ ਬੁੱਤ ਲੱਗੇ ਹੋਏ ਹਨ, ਜਿਹੜੇ ਆਉਣ ਵਾਲੇ ਸੈਲਾਨੀਆਂ, ਫ਼ੌਜੀਆਂ ਤੇ ਆਮ ਜਨਤਾ ਨੂੰ ਉਸ ਦੀ ਬਹਾਦਰੀ ਦੀ ਗੌਰਵ ਗਾਥਾ ਸੁਣਾਉਂਦੇ ਹਨ ਪਰ ਕੀ ਕਦੇ ਸਾਡੀਆਂ ਕੇਂਦਰੀ ਸਰਕਾਰਾਂ (ਭਾਵੇਂ ਕਿਸੇ ਵੀ ਪਾਰਟੀ ਦੀ ਰਹੀ ਹੋਵੇ) ਨੇ ਅਜਿਹੀਆਂ ਅਸਾਧਾਰਨ ਹਸਤੀਆਂ ਤੇ ਨਾਯਾਬ ਯੋਧਿਆਂ ਦੀਆਂ ਚਮਤਕਾਰੀ ਪ੍ਰਾਪਤੀਆਂ ਦਾ ਗੁਣ-ਗਾਨ ਕੀਤਾ ਹੈ?

ਲੱਦਾਖ਼ ਦੇ ਅਜੋਕੇ ਸੰਕਟ ਸਮੇਂ ਤਾਂ ਘੱਟੋ-ਘੱਟ ਜ਼ਰੂਰ ਉਹ ਇਤਿਹਾਸਕ ਜਿੱਤਾਂ ਆਮ ਲੋਕਾਂ ਤਕ ਪਹੁੰਚਾਉਣੀਆਂ ਚਾਹੀਦੀਆਂ ਸਨ ਜਿਹੜੀਆਂ ਸਾਡੇ ਲੋਕ ਨਾਇਕਾਂ ਨੇ ਅਪਣੇ ਸੁੱਖ, ਆਰਾਮ ਤਿਆਗ ਕੇ, ਪ੍ਰਵਾਰ ਤੇ ਸਮਾਜ ਤੋਂ ਦੂਰ ਜਾ ਕੇ ਪ੍ਰਾਪਤ ਕੀਤੀਆਂ ਸਨ। ਦੇਸ਼ ਦੇ ਭੁਗੋਲਿਕ, ਇਤਿਹਾਸਕ ਤੇ ਰਾਜਨੀਤਕ ਵਾਧੇ, ਵਿਕਾਸ ਅਤੇ ਵਿਸਤਾਰ ਵਿਚ ਯੋਗਦਾਨ ਪਾਉਣ ਵਾਲੇ ਅਜਿਹੇ ਬਾਂਕੇ ਨਾਇਕ ਰੋਜ਼-ਰੋਜ਼ ਨਹੀਂ ਪੈਦਾ ਹੁੰਦੇ। 'ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖ਼ਾਲਸੇ ਨੇ ਤੇਗ਼ਾਂ ਮਾਰੀਆਂ ਨੇ।' ਸਾਡੇ ਸ਼ਾਨਾਂਮੱਤੇ, ਗੌਰਵਸ਼ਾਲੀ, ਰਸ਼ਕਯੋਗ, ਸੁਨਹਿਰੇ ਤੇ ਲਾਸਾਨੀ ਅਤੀਤ ਦਾ ਇਕ ਚਮਕਦਾ ਨਗੀਨਾ ਸੀ ਭੁਲਾਇਆ-ਵਿਸਾਰਿਆ ਜਰਨੈਲ, ਜਰਨੈਲ ਜ਼ੋਰਾਵਰ ਸਿੰਘ ਜੀ।
ਸੰਪਰਕ : 98156-20515

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement