
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 6 ਅੰਗ ਖਿਲਰੇ ਹੋਏ ਮਿਲੇ
ਗੁਰਦਾਸਪੁਰ: ਜ਼ਿਲ੍ਹੇ ਦੇ ਕਸਬਾ ਬਹਿਰਾਮਪੁਰ ਸਥਿਤ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਦਿਤੇ। ਦਰਅਸਲ ਗੁਰਦੁਆਰਾ ਸਾਹਿਬ ਵਿਖੇ ਉਸਾਰੀ ਦਾ ਕੰਮ ਚੱਲ ਰਿਹਾ ਹੈ ਪਰ ਸੋਮਵਾਰ ਨੂੰ ਇਹ ਕੰਮ ਬੰਦ ਸੀ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੀ ਪ੍ਰੈਸ ਕਾਨਫਰੰਸ, ਇਕ ਹਫ਼ਤੇ ਦੌਰਾਨ 688 ਗੈਂਗਸਟਰ ਗ੍ਰਿਫ਼ਤਾਰ
ਘਟਨਾ ਮੌਕੇ ਗੁਰਦੁਆਰਾ ਸਾਹਿਬ ਵਿਖੇ ਕਾਰ ਸੇਵਾ ਲਈ ਆਏ ਨੌਜਵਾਨ ਜੋਬਨਪ੍ਰੀਤ ਸਿੰਘ ਅਤੇ ਨਵਤੇਜ ਸਿੰਘ ਵਾਸੀ ਬਿਜਲੀਵਾਲਾ ਵੀ ਹਾਜ਼ਰ ਸਨ। ਸੰਗਤ ਨੇ ਦਸਿਆ ਕਿ ਸਵੇਰੇ 11.30 ਵਜੇ ਦੇ ਕਰੀਬ ਇਕ ਨੌਜਵਾਨ ਸਕੂਟੀ ਉਤੇ ਗੁਰਦੁਆਰਾ ਸਾਹਿਬ ਆਇਆ ਸੀ। ਉਸ ਨੇ ਸਿਰ 'ਤੇ ਰੁਮਾਲ ਬੰਨ੍ਹਿਆ ਹੋਇਆ ਸੀ। ਉਹ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ ਅਤੇ ਥੋੜ੍ਹੀ ਦੇਰ ਵਿਚ ਬਾਹਰ ਆ ਗਿਆ। ਕੁੱਝ ਸਮੇਂ ਬਾਅਦ ਜਦੋਂ ਸਿੰਘਾਂ ਨੇ ਅੰਦਰ ਜਾ ਕੇ ਦੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੁਮਾਲਾ ਸਾਹਿਬ ਸਾਈਡ ’ਤੇ ਪਿਆ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 6 ਅੰਗ ਖਿਲਰੇ ਹੋਏ ਮਿਲੇ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜੋਗਾ ਸਿੰਘ ਨੂੰ ਬੇਅਦਬੀ ਦੀ ਘਟਨਾ ਦੀ ਜਾਣਕਾਰੀ ਦਿਤੀ।
ਇਹ ਵੀ ਪੜ੍ਹੋ: CM ਦਾ ਸੁਖਬੀਰ ਬਾਦਲ ਨੂੰ ਸਵਾਲ, ''ਸੁਖਬੀਰ ਕਿਸ ਹੈਸੀਅਤ ਨਾਲ ਜਾਣਕਾਰੀ ਦੇ ਰਹੇ ਹਨ''
ਥਾਣਾ ਬਹਿਰਾਮਪੁਰ ਨੂੰ ਸੂਚਨਾ ਦੇਣ 'ਤੇ ਦੀਨਾਨਗਰ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਉਸਾਰੀ ਦਾ ਕੰਮ ਚੱਲਣ ਕਾਰਨ ਸੀ.ਸੀ.ਟੀ.ਵੀ, ਕੈਮਰੇ ਨਹੀਂ ਲਗਾਏ ਗਏ। ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਅਤੇ ਗੁਰਦੁਆਰਾ ਬਾਠ ਸਾਹਿਬ ਦੇ ਹੈਡ ਗ੍ਰੰਥੀ ਸਰਬਜੀਤ ਸਿੰਘ ਦੀ ਵਿਸ਼ੇਸ਼ ਟੀਮ ਅਤੇ ਕਈ ਸਿੱਖ ਸੰਗਤਾਂ ਵੀ ਮੌਕੇ ’ਤੇ ਪਹੁੰਚ ਗਈਆਂ ਹੈ।
ਇਹ ਵੀ ਪੜ੍ਹੋ: ਪਰਮਿੰਦਰ ਝੋਟੇ ਦੀ ਗ੍ਰਿਫ਼ਤਾਰੀ ਮਗਰੋਂ ਪੁਲਿਸ ਵਲੋਂ ਜਾਰੀ ਕੀਤੀ ਗਈ ਵੀਡੀਉ, ਮੈਡੀਕਲ ਸਟੋਰ ਦੇ ਮਾਲਕ ਦੀ ਕੀਤੀ ਸੀ ਕੁੱਟਮਾਰ
ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਦੀ ਉਮਰ ਕਰੀਬ 30 ਸਾਲ ਜਾਪਦੀ ਹੈ। ਪੁਲਿਸ ਨੇ ਉਮੀਦ ਜਤਾਈ ਕਿ ਸਿੱਖ ਸੰਗਤ ਸ਼ਾਂਤਮਈ ਢੰਗ ਨਾਲ ਮਸਲਾ ਹੱਲ ਕਰਵਾਉਣ ਵਿਚ ਮਦਦ ਕਰੇਗੀ। ਗੁਰਦੁਆਰਾ ਸਾਹਿਬ ਵਿਖੇ ਮੌਜੂਦ ਸਿੰਘਾਂ ਦਾ ਕਹਿਣਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਸਾਜ਼ਸ਼ ਦਾ ਹਿਸਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਮਾਨਸਿਕ ਤੌਰ ’ਤੇ ਬੀਮਾਰ ਦੱਸ ਕੇ ਛੱਡ ਦਿਤਾ ਜਾਂਦਾ ਹੈ, ਅਜਿਹੇ ਲੋਕ ਸਿਰਫ਼ ਗੁਰਦੁਆਰਾ ਸਾਹਿਬ ਨੂੰ ਹੀ ਕਿਉਂ ਆਉਂਦੇ ਹਨ?