
Panthak News: ਗੁਰਦੁਆਰਿਆਂ ਦਾ ਪ੍ਰਬੰਧ ਅਪਣੇ ਹੱਥ ਲੈਣ ਬਾਰੇ ਵਿਚਾਰ ਕੀਤਾ ਜਾਵੇਗਾ ਤੇ ਇਸ ਇਕੱਠ ਵਿਚ ਕੋਰ ਕਮੇਟੀ ’ਤੇ ਫ਼ੈਸਲਾ ਛੱਡਿਆ ਜਾਵੇਗਾ
Panthak News: ਹਰਿਆਣਾ ਦੇ ਉੱਘੇ ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿਤੀ ਹੈ ਕਿ ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਦੋ ਦਿਨ ਪਹਿਲਾਂ ਬਣਾਈ 41 ਮੈਂਬਰੀ ਕਮੇਟੀ ਰੱਦ ਕਰ ਕੇ ਐਚ ਐਸ ਜੀ ਐਮ ਸੀ ਦੀਆਂ ਚੋਣਾਂ ਦਾ ਐਲਾਨ ਕਰੇ ਨਹੀਂ ਤਾਂ ਇਕ ਸਤੰਬਰ ਨੂੰ ਕਰਨਾਲ ਵਿਖੇ ਵੱਡਾ ਇਕੱਠ ਕਰ ਕੇ ਅਪਣੀ ਕਮੇਟੀ ਬਣਾ ਕੇ ਗੁਰਦੁਆਰਿਆਂ ਦਾ ਪ੍ਰਬੰਧ ਅਪਣੇ ਹੱਥ ਲੈਣ ’ਤੇ ਵਿਚਾਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ ਪਿਛਲੀ ਐਡਹਾਕ ਕਮੇਟੀ ਦਾ ਕਾਰਜਕਾਲ 24 ਮਈ ਨੂੰ ਖ਼ਤਮ ਹੋ ਰਿਹਾ ਸੀ ਤੇ ਇਸ ਲਿਹਾਜ ਨਾਲ ਜੇਕਰ ਸਰਕਾਰ ਨੇ ਨਵੀਂ ਐਡਹਾਕ ਕਮੇਟੀ ਬਨਾਉਣੀ ਸੀ ਤਾਂ 20 ਮਈ ਤਕ ਪ੍ਰਕਿਰਿਆ ਮੁਕੰਮਲ ਕੀਤੀ ਜਾਣੀ ਚਾਹੀਦੀ ਸੀ ਪਰ ਪੁਰਾਣੀ ਕਮੇਟੀ ਇਸੇ ਤਰ੍ਹਾਂ ਜਾਰੀ ਰਹੀ ਤੇ ਹੁਣ ਦੋ ਦਿਨ ਪਹਿਲਾਂ 25 ਨਵੇਂ ਤੇ 16 ਪੁਰਾਣੇ ਮੈਂਬਰ ਲੈ ਕੇ ਨਵੀਂ ਐਡਹਾਕ ਕਮੇਟੀ ਬਣਾ ਦਿਤੀ ਸੀ, ਜਦੋਂਕਿ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦਾ ਐਲਾਨ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਅਪਣੇ ਮੈਂਬਰ ਪਾ ਕੇ ਨਵੀਂ ਐਡਹਾਕ ਕਮੇਟੀ ਵਿਧਾਨ ਸਭਾ ਚੋਣਾਂ ਵਿਚ ਲਾਹਾ ਲੈਣ ਲਈ ਬਣਾਈ, ਜਦੋਂਕਿ ਇਸ ਤੋਂ ਪਹਿਲਾਂ ਸਰਕਾਰ ਦੀ ਐਡਹਾਕ ਕਮੇਟੀ ਨੇ ਗੁਰਦੁਆਰਿਆਂ ਦੀ ਸੰਭਾਲ ਬਾਰੇ ਕੁਝ ਨਹੀਂ ਕੀਤਾ, ਸਗੋਂ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ।
ਝੀਂਡਾ ਨੇ ਕਿਹਾ ਕਿ ਜੇਕਰ 31 ਅਗੱਸਤ ਤਕ ਐਡਹਾਕ ਕਮੇਟੀ ਰੱਦ ਕਰ ਕੇ ਇਕ ਨਵੰਬਰ ਤੋਂ ਚੋਣਾਂ ਕਰਵਾਉਣ ਦਾ ਐਲਾਨ ਨਾ ਹੋਇਆ ਤਾਂ ਇਕ ਸਤੰਬਰ ਨੂੰ ਕਰਨਾਲ ਵਿਖੇ ਵੱਡਾ ਇਕੱਠ ਕਰ ਕੇ ਸਰਕਾਰ ਦੀ ਕਮੇਟੀ ਦੇ ਬਰਾਬਰ ਸਿੱਖਾਂ ਦੀ ਅਪਣੀ ਕਮੇਟੀ ਬਣਾ ਕੇ ਗੁਰਦੁਆਰਿਆਂ ਦਾ ਪ੍ਰਬੰਧ ਅਪਣੇ ਹੱਥ ਲੈਣ ਬਾਰੇ ਵਿਚਾਰ ਕੀਤਾ ਜਾਵੇਗਾ ਤੇ ਇਸ ਇਕੱਠ ਵਿਚ ਕੋਰ ਕਮੇਟੀ ’ਤੇ ਫ਼ੈਸਲਾ ਛੱਡਿਆ ਜਾਵੇਗਾ। ਇਸ ਮੌਕੇ ਝੀਂਡਾ ਨਾਲ ਭੁਪਿੰਦਰ ਸਿੰਘ ਲਾਡੀ, ਦਲਜੀਤ ਸਿੰਘ ਬਾਜਵਾ, ਕਰਨੈਲ ਸਿੰਘ, ਹਰਭਜਨ ਸਿੰਘ ਤੇ ਦਲਵਿੰਦਰ ਸਿੰਘ ਮੱਟੂ ਵੀ ਹਾਜ਼ਰ ਸਨ।