
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਕੱਤਰਤਾ 'ਚ ਹੋਏ ਵਿਚਾਰ ਵਟਾਂਦਰੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਾਂਝਾ ਕੀਤਾ ਜਾਵੇਗਾ।
ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਵਲੋਂ ਹੋਏ ਆਦੇਸ਼ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਾਂਝੇ ਤੌਰ 'ਤੇ ਮਨਾਉਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੀ ਤਾਲਮੇਲ ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ। ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਮੈਂਬਰ ਜਥੇਦਾਰ ਤੋਤਾ ਸਿੰਘ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਮੁੱਖ ਸਕੱਤਰ ਡਾ. ਰੂਪ ਸਿੰਘ, ਪੰਜਾਬ ਸਰਕਾਰ ਤਰਫ਼ੋਂ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਸ. ਭਗਵੰਤਪਾਲ ਸਿੰਘ ਸੱਚਰ ਅਤੇ ਸਾਂਝੇ ਨੁਮਾਇੰਦੇ ਵਜੋਂ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਦੇ ਪ੍ਰਤੀਨਿਧ ਬਾਬਾ ਨੌਰੰਗ ਸਿੰਘ ਮੌਜੂਦ ਰਹੇ।
Bhai Gobind Singh Longowal
ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਵਿਚਾਰ-ਵਟਾਂਦਰਾਂ ਸਦਭਾਵਨਾ ਵਾਲੇ ਮਾਹੌਲ ਵਿਚ ਹੋਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਜੀ ਦੇ ਇਤਿਹਾਸਕ ਪੁਰਬ ਮੌਕੇ ਇਹ ਸੰਦੇਸ਼ ਸਮੁੱਚੀ ਦੁਨੀਆਂ ਅੰਦਰ ਜਾਵੇ। ਇਸੇ ਸਬੰਧ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਤਾਲਮੇਲ ਕਮੇਟੀ ਗਠਤ ਕੀਤੀ ਗਈ ਸੀ। ਉਨ੍ਹਾਂ ਦਸਿਆ ਕਿ ਬੈਠਕ ਦੌਰਾਨ ਹਰ ਮੈਂਬਰ ਦਾ ਹੁਗਾਰਾ ਹਾਂ-ਪੱਖੀ ਰਿਹਾ ਹੈ। ਦੋਹਾਂ ਧਿਰਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਹੈ ਕਿ ਸਮਾਗਮ ਸਾਂਝੇ ਤੌਰ 'ਤੇ ਮਨਾਏ ਜਾਣੇ ਚਾਹੀਦੇ ਹਨ। ਭਾਈ ਲੌਂਗੋਵਾਲ ਨੇ ਇਕੱਤਰਤਾ ਦੇ ਨਤੀਜੇ ਸਾਰਥਕ ਨਿਕਲਣ ਦੀ ਆਸ ਪ੍ਰਗਟਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨੁਮਾਇੰਦੇ ਭੇਜਣ ਲਈ ਧਨਵਾਦ ਕੀਤਾ।
Sukhjinder Singh Randhawa
ਇਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਕੱਤਰਤਾ 'ਚ ਹੋਏ ਵਿਚਾਰ ਵਟਾਂਦਰੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਾਂਝਾ ਕੀਤਾ ਜਾਵੇਗਾ। ਮੁੱਖ ਮੰਤਰੀ ਨਾਲ ਇਕੱਤਰਤਾ ਮਗਰੋਂ ਆਉਂਦੇ ਦਿਨਾਂ ਵਿਚ ਪ੍ਰੋਗਰਾਮਾਂ ਸਬੰਧੀ ਰੂਪ ਰੇਖਾ ਦਸੀ ਜਾਵੇਗੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸ. ਸੁਖਜਿੰਦਰ ਸਿੰਘ ਰੰਧਾਵਾ ਤੇ ਭਗਵੰਤਪਾਲ ਸਿੰਘ ਸੱਚਰ ਨੂੰ ਧਾਰਮਕ ਪੁਸਤਕਾਂ ਨਾਲ ਸਨਮਾਨਤ ਵੀ ਕੀਤਾ।