
ਭਵਿੱਖ ਵਿਚ ਸਾਨੂੰ ਉਨ੍ਹਾਂ ਦੀ ਬਹੁਤ ਲੋੜ ਹੈ- ਹਰਜਿੰਦਰ ਸਿੰਘ ਧਾਮੀ (SGPC ਪ੍ਰਧਾਨ)
Resignation of Giani Harpreet Singh rejected: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਰੱਦ ਕਰ ਦਿੱਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੀਆਂ ਤਖਤ ਸਾਹਿਬਾਨ ਦੀਆਂ ਸੇਵਾਵਾਂ ਬੇਮਿਸਾਲ ਹਨ ਅਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਦੀ ਉਹਨਾਂ ਨੂੰ ਅਜੇ ਲੋੜ ਹੈ। ਤਖਤ ਸਾਹਿਬਾਨ ਦੀਆਂ ਸੇਵਾਵਾਂ ਲਗਾਤਾਰ ਉਹ ਜਾਰੀ ਰੱਖਣਗੇ। ਮੈਂ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਰੱਦ ਕਰਦਾ ਹਾਂ। ਹਰਪ੍ਰੀਤ ਸਿੰਘ ਜੀ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਸਾਡੀ ਅਗਵਾਈ ਕਰਦੇ ਰਹੋ।
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕਈ ਸਾਲਾਂ ਤੋਂ ਐਸ.ਜੀ.ਪੀ.ਸੀ. ਸਿੱਖ ਮੁੱਦਿਆਂ ਦੀ ਤਰਜਮਾਨੀ ਕਰਦੀ ਆ ਰਹੀ ਹੈ ਤੇ ਸਿੰਘ ਸਹਿਬਾਨਾਂ ਨੂੰ ਐਸ.ਜੀ.ਪੀ.ਸੀ. ਦੇ ਹਰ ਕਾਰਜ ਦੀ ਜਾਣਕਾਰੀ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਪੰਜਾਬ ਵਿਚ ਐਸ.ਜੀ.ਪੀ.ਸੀ. ਦੇ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ. ਸਾਰੇ ਤਖ਼ਤ ਸਹਿਬਾਨਾਂ ਦੇ ਜਥੇਦਾਰਾਂ ਦਾ ਦਿਲੋਂ ਸਤਿਕਾਰ ਕਰਦੀ ਹੈ।
ਉਨ੍ਹਾਂ ਕਿਹਾ ਪਿਛਲੇ ਕਈ ਸਾਲਾਂ ਤੋਂ ਸਾਡਾ ਸੁਭਾਅ ਕਾਂ ਵਰਗਾ ਬਣ ਗਿਆ ਹੈ ਤੇ ਕਾਂ ਬਣ ਕੇ ਅਸੀਂ ਇਕ ਦੂਜੇ ’ਤੇ ਇਲਜ਼ਾਮ ਲਗਾਈ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਰਿਆਂ ਨੂੰ ਮਿਲ ਕੇ ਐਸ.ਜੀ.ਪੀ.ਸੀ. ਨੂੰ ਬਚਾਉਣਾ ਹੋਵੇਗਾ।
ਜ਼ਿਕਰਯੋਗ ਹੈ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਸੀ। ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ’ਤੇ ਲਗਾਤਾਰ ਵਿਰਸਾ ਸਿੰਘ ਵਲਟੋਹਾ ਵੱਲੋਂ ਸਵਾਲ ਚੁੱਕੇ ਜਾ ਰਹੇ ਸਨ। ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਭਾਵੁਕ ਹੁੰਦਿਆਂ ਬਿਆਨ ਦਿੱਤਾ ਅਤੇ ਵੀਡੀਓ ਜਾਰੀ ਕਰਕੇ ਆਪਣਾ ਅਸਤੀਫਾ ਦੇਣਾ ਦੀ ਪੁਸ਼ਟੀ ਕੀਤੀ ਸੀ।