
ਲਾਪਤਾ ਪਾਵਨ ਸਰੂਪਾਂ ਦਾ ਮਾਮਲਾ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਕਮੇਟੀ ਵਲੋਂ ਸਾਜ਼ਸ਼ੀ ਢੰਗ ਨਾਲ 238 ਪਾਵਨ ਸਰੂਪ ਲਾਪਤਾ ਕਰਨ ਤੋਂ ਬਾਅਦ ਸਿੱਖ ਜਥੇਬੰਦੀਆਂ ਵਲੋਂ ਤੇਜਾ ਸਿੰਘ ਸੁਮੰਦਰੀ ਹਾਲ ਸਾਹਮਣੇ ਸ਼ਾਂਤਮਈ ਮੋਰਚਾ ਲਾਇਆ ਸੀ। ਜਿਹੜਾ 41 ਦਿਨ ਚੱਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਵਲੋਂ ਸਿੱਖਾਂ ਦੀ ਕੁੱਟਮਾਰ ਕਰਕੇ ਜ਼ਬਰੀ ਚੁਕਵਾ ਦਿਤਾ ਸੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਪੰਥਕ ਮੋਰਚਾ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਸਿਆ। ਮੋਰਚਾ ਸੰਕੇਤਕ ਰੂਪ ਵਿਚ ਨਿਰੰਤਰ ਜਾਰੀ ਹੈ।
SGPC
ਉਨ੍ਹਾਂ ਦਸਿਆ ਕਿ ਸੱਤ ਮੈਂਬਰੀ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਬੁਰਜ ਅਕਾਲੀ ਫੂਲਾ ਸਿੰਘ ਨਜ਼ਦੀਕ ਘਿਉ ਮੰਡੀ ਅੰਮ੍ਰਿਤਸਰ ਤੋਂ ਸ਼ੁਰੂ ਕਰ ਕੇ ਪੈਦਲ ''ਸਤਿਨਾਮ ਵਾਹਿਗੁਰੂ” ਦਾ ਜਾਪ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਹਿਬ ਵਿਖੇ ਪਹੁੰਚਿਆ ਜਿਥੇ ਲਾਪਤਾ ਪਾਵਨ ਸਰੂਪਾਂ ਅਤੇ ਹੋਰ ਹੁਕਨਾਮਿਆਂ ਨੂੰ ਗ਼ਾਇਬ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਤੇ ਗੁਰੂ ਘਰਾਂ ਦੇ ਸੁਚੱਜੇ ਪ੍ਰਬੰਧ ਲਈ ਯੋਗ ਗੁਰਸਿੱਖਾਂ ਨੂੰ ਸੇਵਾ ਬਖ਼ਸ਼ਣ ਅਤੇ ਖ਼ਾਲਸਾ ਪੰਥ ਵਿਚ ਏਕਤਾ ਇਤਫ਼ਾਕ ਦੀ ਅਰਦਾਸ ਕੀਤੀ ਗਈ।
Burj Akali phula Singh
ਭਾਈ ਤਰਲੋਚਨ ਸਿੰਘ ਸੋਹਲ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਦਾ ਅਸੀਂ ਹਰ ਪੱਧਰ ਉੱਤੇ ਵਿਰੋਧ ਕਰਦੇ ਰਹਾਂਗੇ, ਜਿੰਨਾ ਚਿਰ ਪਾਵਨ ਸਰੂਪਾਂ ਦਾ ਪੂਰਾ ਹਿਸਾਬ ਨਹੀਂ ਦੇ ਦਿੰਦੇ। ਉਨ੍ਹਾਂ ਕਿਹਾ ਕਿ ਅਗਲਾ ਪ੍ਰੋਗਰਾਮ 27 ਨਵੰਬਰ ਜਿਸ ਦਿਨ ਸ਼੍ਰੋਮਣੀ ਕਮੇਟੀ ਦਾ ਇਜਲਾਸ ਹੈ, ਉਸ ਦਿਨ ਮਾਰਚ ਕਢਿਆ ਜਾਵੇਗਾ। ਉਸ ਦਿਨ ਹੀ ਅਗਲਾ ਪ੍ਰੋਗਰਾਮ ਸੰਗਤ ਨੂੰ ਦੱਸ ਦਿਤਾ ਜਾਵੇਗਾ।
SGPC Office
ਇਹ ਵਿਰੋਧ ਉਨ੍ਹਾਂ ਚਿਰ ਜਾਰੀ ਰਹੇਗਾ ਜਿੰਨਾ ਚਿਰ ਦੋਸ਼ੀਆਂ ਵਿਰੁਧ ਪਰਚਾ ਦਰਜ ਨਹੀਂ ਕਰਦੇ। ਇਸ ਮੌਕੇ ਭਾਈ ਮਨਜੀਤ ਸਿੰਘ ਝਬਾਲ, ਲਖਬੀਰ ਸਿੰਘ ਮੁਹਾਲਮ, ਰਾਜਾ ਰਾਜ ਸਿੰਘ ਦਲ਼ ਅਰਬਾਂ ਖਰਬਾਂ, ਦਿਲਬਾਗ ਸਿੰਘ ਸੁਲਤਾਨਵਿੰਡ, ਸਰੂਪ ਸਿੰਘ ਏਕ ਨੂਰ ਖ਼ਾਲਸਾ ਫ਼ੌਜ ਸਵਰਨ ਸਿੰਘ, ਭੁਪਿੰਦਰ ਸਿੰਘ ਛੇ ਜੂਨ ਕੁਲਵੰਤ ਸਿੰਘ ਜੀਉਬਾਲਾ ਆਦਿ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।