
ਸ਼੍ਰੋਮਣੀ ਕਮੇਟੀ ਨੇ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ 'ਚ ਲਏ ਅਹਿਮ ਫ਼ੈਸਲੇ
ਸੰਗਰੂਰ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਅੱਜ ਇਥੇ ਗੁਰਦਵਾਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦੀਆਂ ਚੋਣਵੀਆਂ ਪੁਸਤਕਾਂ ਨੂੰ ਵੱਖ-ਵੱਖ ਭਾਰਤੀ ਭਸ਼ਾਵਾਂ ਵਿਚ ਛਾਪਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਸਾਮ 'ਚ ਸਿੱਖਾਂ ਦੇ ਪਿੰਡ ਚਾਪਰਮੁਖ 'ਚ ਸਥਿਤ ਗੁਰਦੁਆਰਾ ਸਾਹਿਬ ਲਈ 10 ਲੱਖ ਰੁਪਏ ਦੀ ਸਹਾਇਤਾ ਦੇਣ ਅਤੇ ਪਾਕਿਸਤਾਨ 'ਚ ਸਥਿਤ ਭਾਈ ਜੋਗਾ ਸਿੰਘ ਖ਼ਾਲਸਾ ਧਾਰਮਕ ਸਕੂਲ 'ਚ ਬੱਚਿਆਂ ਨੂੰ ਕੀਰਤਨ ਸਿਖਲਾਈ ਦੇਣ ਲਈ ਹਰਮੋਨੀਅਮ ਦੇਣ ਨੂੰ ਵੀ ਪ੍ਰਵਾਨਗੀ ਦਿਤੀ ਗਈ।
Mataji Gurudwara, Assam
ਇਕੱਤਰਤਾ 'ਚ ਲਏ ਗਏ ਫ਼ੈਸਲਿਆਂ ਸਬੰਧੀ ਗੱਲਬਾਤ ਕਰਦਿਆਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਸਿਆ ਕਿ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ ਵਲੋਂ ਪ੍ਰਕਾਸ਼ਤ ਚੋਣਵੀਆਂ ਪੁਸਤਕਾਂ ਨੂੰ ਵੱਖ-ਵੱਖ ਭਾਰਤੀ ਭਸ਼ਾਵਾਂ ਵਿਚ ਅਨੁਵਾਦ ਕਰ ਕੇ ਸੰਗਤ ਤਕ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਦਿੱਲੀ ਦੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਛਾਪਿਆ ਧਾਰਮਕ ਸਾਹਿਤ ਮੁਹਈਆ ਕਰਵਾਉਣ ਲਈ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਲਿਟਰੇਚਰ ਹਾਊਸ ਸਥਾਪਤ ਹੋਵੇਗਾ।
Mataji Gurudwara, Assam
ਉਨ੍ਹਾਂ ਅੱਗੇ ਦਸਿਆ ਕਿ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਦੀਆਂ ਸਾਰੀਆਂ ਪੁਸਤਕਾਂ ਵਿਦਿਅਕ ਅਦਾਰਿਆਂ ਨੂੰ 50 ਫ਼ੀ ਸਦੀ ਰਿਆਇਤੀ ਕੀਮਤ 'ਤੇ ਦੇਣ ਅਤੇ ਪੰਜਾਬੀ ਯੂਨੀਵਰਸਟੀ ਪਟਿਆਲਾ ਵਿਖੇ ਚਲ ਰਹੇ ਵਰਲਡ ਪੰਜਾਬੀ ਸੈਂਟਰ ਨੂੰ ਸ਼੍ਰੋਮਣੀ ਕਮੇਟੀ ਦੀਆਂ ਪੁਸਤਕਾਂ ਦੀ ਇਕ-ਇਕ ਕਾਪੀ ਭੇਟਾ ਰਹਿਤ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿਕਲੀਗਰ ਸਿੱਖਾਂ ਦੇ ਗੁਰਦਵਾਰਾ ਗੁਰੂ ਨਾਨਕ ਦਰਬਾਰ ਮੋਰ ਗਾਉਂ (ਮਹਾਰਾਸ਼ਟਰ) ਵਿਖੇ ਸ਼੍ਰੋਮਣੀ ਕਮੇਟੀ ਵਲੋਂ ਗ੍ਰੰਥੀ ਦੀਆਂ ਸੇਵਾਵਾਂ ਦਿਤੀਆਂ ਜਾਣਗੀਆਂ।
Bhai Gobind Singh Longowal
ਇਸ ਤੋਂ ਇਲਾਵਾ ਗੁਰੂ ਨਾਨਕ ਦਰਬਾਰ ਪਿਪਲਾਨੀ ਭੋਪਾਲ (ਮੱਧ ਪ੍ਰਦੇਸ਼) 'ਚ ਬੱਚਿਆਂ ਨੂੰ ਗਤਕਾ ਸਿਖਲਾਈ ਲਈ 'ਗਤਕਾ ਕਿੱਟਾਂ' ਦੇਣ ਅਤੇ ਪੁਲਵਾਮਾ 'ਚ ਮਾਰੇ ਗਏ ਸਿਮਰਜੀਤ ਸਿੰਘ ਦੀ ਮਾਤਾ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਸ. ਭੁਪਿੰਦਰ ਸਿੰਘ ਭਲਵਾਨ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ. ਸੁਖਵਰਸ਼ ਸਿੰਘ ਪੰਨੂੰ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਪ੍ਰਿਤਪਾਲ ਸਿੰਘ ਲੁਧਿਆਣਾ, ਸ. ਤੇਜਿੰਦਰਪਾਲ ਸਿੰਘ ਢਿੱਲੋਂ ਆਦਿ ਮੌਜੂਦ ਸਨ।