
ਭਾਰਤ-ਪਾਕਿਸਤਾਨ ਸਰਹੱਦ ਤੋਂ 3 ਕਿ.ਮੀ ਦੂਰ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣਾਏ ਜਾ ਰਹੇ...
ਗੁਰਦਾਸਪੁਰ : ਭਾਰਤ-ਪਾਕਿਸਤਾਨ ਸਰਹੱਦ ਤੋਂ 3 ਕਿ.ਮੀ ਦੂਰ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣਾਏ ਜਾ ਰਹੇ ਕਾਰੀਡੋਰ ਦੀ ਬਣਾਵਟ ਨੂੰ ਲੈ ਕੇ ਭਾਰਤ ਨੇ ਪਾਕਿਸਤਾਨ ਦੇ ਸਾਹਮਣੇ ਕੁਝ ਇਤਰਾਜ਼ ਪ੍ਰਗਟ ਕਰਦੇ ਹੋਏ ਕੁਝ ਸੁਝਾਅ ਦਿੱਤੇ ਹਨ। ਖਾਸ ਤੌਰ ‘ਤੇ ਪਾਕਿਸਤਾਨ ਵੱਲੋਂ ਬਣਾਈ ਜਾ ਰਹੀ ਸੜਕ ਦੀ ਉਚਾਈ ਨੂੰ ਲੈ ਕੇ ਪੰਜਾਬ ਦੇ ਡ੍ਰੇਨੇਜ ਵਿਭਾਗ ਦੇ ਇੰਜੀਨੀਅਰਾਂ ਨੇ ਇਤਰਾਜ਼ ਪ੍ਰਗਟ ਕੀਤਾ ਹੈ।
Kartarpur Sahib
ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਪਾਕਿਸਤਾਨ ਨੇ ਭਾਰਤ ਦੀ ਸਰਹੱਦ ਤਕ ਇਸੇ ਤਰ੍ਹਾਂ ਸੜਕ ਦਾ ਨਿਰਮਾਣ ਜਾਰੀ ਰੱਖਿਆ ਤਾਂ ਆਉਣ ਵਾਲੇ ਸਮੇਂ ਵਿਚ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਦੀ ਸੂਰਤ ਵਿਚ ਨਾ ਸਿਰਫ਼ ਦੋਨਾਂ ਦੇਸ਼ਾਂ ਵਿਚ ਰਾਵੀ ਦੇ ਨੇੜਲੇ ਇਲਾਕਿਆਂ ਵਿਚ ਹੜ੍ਹ ਵਰਗੀ ਸਥਿਤੀ ਬਣ ਸਕਦੀ ਹੈ ਬਲਕਿ ਇਸ ਦੇ ਨਾਲ ਕਾਰੀਡੋਰ ਦੀ ਸੜਕ ਅਤੇ ਰਾਵੀ ਦੇ ਨੇੜੇ ਬਣਾਏ ਜਾਣ ਵਾਲੇ ਟਰਮੀਨਲਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
Kartarpur Corridor
ਇਸ ਦੇ ਚਲਦੇ ਭਾਰਤ ਇਹ ਮੰਗ ਕਰ ਰਿਹਾ ਹੈ ਕਿ ਉਸਦੇ ਵੱਲੋਂ ਧੂਸੀ ਅਤੇ ਪਾਕਿਸਤਾਨ ਦੀ ਧੂਸੀ ਦੇ ਵਿਚਕਾਰ ਆਉਣ ਵਾਲੇ ਹਿੱਸਿਆ ਵਿਚ ਸੜਕ ਬਣਾਉਣ ਦੀ ਬਜਾਏ 330 ਮੀਟਰ ਲੰਬਾ ਅਤੇ ਕੰਡਿਆਲੀ ਤਾਰ ਤੋਂ ਲਗਪਗ 10 ਫੁੱਟ ਉੱਚਾ ਪੁਲ ਬਣਾਇਆ ਜਾਣਾ ਚਾਹੀਦਾ ਹੈ ਤਾਂਕਿ ਰਾਵੀ ਦਾ ਪਾਣੀ ਇਸ ਪੁੱਲ ਦੇ ਹੇਠੋਂ ਆਸਾਨੀ ਨਾਲ ਲੰਘ ਸਕੇ। ਡ੍ਰੇਨੇਜ਼ ਵਿਭਾਗ ਤੇ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਸਾਹਮਣੇ ਰੱਖੇ ਗਏ ਇਸ ਇਤਰਾਜ਼ ਦੇ ਕਾਰਨ ਭਾਰਤ ਨੇ ਪਾਕਿਸਤਾਨ ਨਾਲ ਇਸ ਸਬੰਧ ਵਿਚ ਕੁਝ ਦਿਨਾਂ ‘ਚ ਜੀਰੋ ਲਾਈਨ ‘ਤੇ ਹੋਈ ਦੂਜੀ ਬੈਠਕ ਦੇ ਦੌਰਾਨ ਅਪਣੇ ਸੁਝਾਅ ਦਿੱਤੇ ਹਨ।
Ravi River
ਕਰਤਾਰਪੁਰ ਲਾਂਘਾ 4 ਕਿਲੋਮੀਟਰ ਲੰਬਾ ਹੈ। ਪਾਕਿਸਤਾਨ ਵੱਲੋਂ ਬਣਾਏ ਜਾ ਰਹੇ ਲਾਂਘੇ ਦੇ ਅੱਧੇ ਹਿੱਸੇ ਦਾ ਕੰਮ ਪੂਰਾ ਹੋ ਚੁੱਕਿਆ ਹੈ ਜਦਕਿ ਜੀਰੋ ਲਾਈਨ ਤੋਂ ਡੇਰਾ ਬਾਬਾ ਨਾਨਕ ਗੁਰਦੁਆਰੇ ਤੱਕ ਲਾਂਘੇ ਦਾ ਹਿੱਸਾ ਭਾਰਤ ਬਣਾ ਰਿਹਾ ਹੈ। ਡ੍ਰੇਨੇਜ ਵਿਭਾਗ ਨੇ ਇਹ ਵੀ ਇਤਰਾਜ਼ ਜਤਾਇਆ ਹੈ ਕਿ ਪਾਕਿਸਤਾਨ ਨੇ ਇਸ ਕਾਰੀਡੋਰ ਦੀ ਸੜਕ ਵੀ ਧੂਸੀ ਦੀ ਤਰ੍ਹਾਂ ਹੀ ਬਣਾਈ ਹੈ। ਜਿਸ ਨਾਲ ਪਾਣੀ ਦੀ ਨਿਕਾਸੀ ਲਈ ਕੋਈ ਵੀ ਪੁੱਲ ਨਹੀਂ ਬਣਾਇਆ ਗਿਆ। ਇਸ ਕਾਰਨ ਰਾਵੀ ਦਾ ਪਾਣੀ ਇਸ ਥਾਂ ਤੋਂ ਆਸਾਨੀ ਨਾਲ ਅੱਗੇ ਨਹੀਂ ਜਾ ਸਕੇਗਾ।
Kartarpur corridor
ਪਾਕਿਸਤਾਨ ਨੇ ਅਪਣੇ ਵੱਲੋਂ 3 ਧੂਸੀਆਂ ਬਣਾਈਆਂ ਹਨ, ਜਿਨ੍ਹਾਂ ਵਿਚ ਇਕ ਧੂਸੀ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਵੀ ਅੱਗੇ ਪਾਕਿਸਤਾਨ ਵੱਲੋਂ ਹਨ। ਉਥੇ ਹੀ ਦੂਜੇ 2 ਧੂਸੀਆਂ ਗੁਰਦੁਆਰਾ ਸਾਹਿਬ ਤੋਂ ਭਾਰਤ ਵਾਲੇ ਪਾਸੇ ਹੈ। ਇਨ੍ਹਾਂ ਵਿਚੋਂ ਭਾਰਤ ਵਾਲੀ ਸਾਈਡ ਦੀ ਧੂਸੀ ਦੀ ਉਚਾਈ ਪਹਿਲਾਂ ਹੀ ਭਾਰਤ ਦੀ ਧੂਸੀ ਤੋਂ ਲਗਪਗ 3 ਫੁੱਟ ਜ਼ਿਆਦਾ ਦੱਸੀ ਜਾਂਦੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਪਾਕਿਸਤਾਨ ਨੇ 3 ਧੂਸੀਆਂ ਬਣਾ ਕੇ ਹੜ੍ਹ ਨੂੰ ਰੋਕਣ ਦੇ ਪ੍ਰਬੰਧਾਂ ਦੀ ਆੜ ਵਿਚ ਸਰਹੱਦ ਦੀ ਮੋਰਚਾ ਬੰਦੀ ਕੀਤੀ ਹੋਈ ਹੈ।