
10 ਕੁ ਦਿਨਾਂ ਬਾਅਦ ਉਹੀ ਜ਼ਮੀਨ ਕਰੋੜਾਂ ਰੁਪਏ ਵਿਚ ਦੋ ਪਾਰਟੀਆਂ ਨੂੰ ਵੇਚੀ ਗਈ
ਅੰਮ੍ਰਿਤਸਰ (ਚਰਨਜੀਤ ਸਿੰਘ): ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਬੋਲਦੀ ਜਾਇਦਾਦ ਨੂੰ ਖ਼ੁਰਦ-ਬੁਰਦ ਕਰਨ ਵਾਲੀ ਧਿਰ ਨੇ ਅਪਣਾ ਉਲੂ ਸਿੱਧਾ ਕਰਨ ਲਈ ਅਜਿਹੇ ਕੰਮ ਕੀਤੇ ਜਿਨ੍ਹਾਂ ਨੂੰ ਦੇਖ ਕੇ ਗੋਲਬਜ ਵੀ ਸ਼ਰਮਾ ਜਾਵੇ। ਹਾਸਲ ਦਸਤਾਵੇਜ਼ਾਂ ਨੂੰ ਦੇਖ ਕੇ ਲਗਦਾ ਹੈ ਕਿ ਇਸ ਧਿਰ ਨੇ ਗੁਰੂ ਦੀ ਜਾਇਦਾਦ ਨੂੰ ਖ਼ੁਰਦ ਬੁਰਦ ਕਰਨ ਲਈ ਅਤੇ ਧੋਖਾ ਕਰਨ ਲਈ ਪੂਰੀ ਤਿਆਰੀ ਕੀਤੀ ਹੋਈ ਸੀ ਤੇ ਇਸ ਲਈ ਕੁੱਝ ਸਰਕਾਰੀ ਅਧਿਕਾਰੀਆਂ ਨੇ ਧੋਖਾ ਕਰਨ ਵਾਲੀ ਧਿਰ ਦਾ ਪੂਰਾ ਸਾਥ ਦਿਤਾ। ਇਸ ਧਿਰ ਨੇ ਅਪਣੀ ਧਾਰਮਕ, ਰਾਜਨੀਤਕ ਅਤੇ ਸਮਾਜਕ ਪਹੁੰਚ ਦਾ ਪੂਰਾ ਲਾਭ ਲਿਆ ਜਿਸ ਤਰ੍ਹਾਂ ਨਾਲ ਗੁਰੂ ਸਾਹਿਬ ਦੇ ਨਾਮ 'ਤੇ ਬੋਲਦੀ ਜਾਇਦਾਦ ਨੂੰ ਪਹਿਲਾਂ ਸਸਤੇ ਭਾਅ ਖ਼੍ਰੀਦ ਕੇ ਫਿਰ ਮਹਿੰਗੇ ਰੇਟ 'ਤੇ ਵੇਚ ਕੇ ਚਾਂਦੀ ਕੁਟੀ ਉਸ ਨੇ ਇਸ ਧਾਰਮਕ ਦਿਖ ਵਾਲੇ ਸਿਆਸਤਦਾਨ ਦੀ ਪੈਸੇ ਪ੍ਰਤੀ ਭੁਖ ਦੀ ਪੋਲ ਖੋਲ੍ਹ ਕੇ ਰੱਖ ਦਿਤੀ।
ਅਖੰਡ ਕੀਰਤਨੀ ਜਥੇ ਨਾਲ ਸਬੰਧ ਰਖਣ ਵਾਲੇ ਇਸ ਵਿਅਕਤੀ ਨੇ ਗੁਰੂ ਸਾਹਿਬ ਨਾਮ 'ਤੇ ਬੋਲਦੀ ਜਾਇਦਾਦ ਖ਼ਰੀਦ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਜਦਕਿ ਕਾਨੂੰਨ ਮੁਤਾਬਕ ਕੋਈ ਵੀ ਵਿਅਕਤੀ ਧਾਰਮਕ ਜਾਇਦਾਦ ਨਾ ਤਾਂ ਖ਼ਰੀਦ ਸਕਦਾ ਹੈ ਤੇ ਨਾ ਹੀ ਵੇਚ ਸਕਦਾ ਹੈ। ਦਸਤਾਵੇਜ਼ਾਂ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਬੋਲਦੀ ਜ਼ਮੀਨ ਮਹਿਜ਼ ਕੁੱਝ ਲੱਖ ਰੁਪਏ ਵਿਚ ਖ਼੍ਰੀਦੀ ਗਈ ਤੇ ਮਹਿਜ਼ 10 ਕੁ ਦਿਨਾਂ ਬਾਅਦ ਉਹੀ ਜ਼ਮੀਨ ਕਰੋੜਾਂ ਰੁਪਏ ਵਿਚ ਦੋ ਪਾਰਟੀਆਂ ਨੂੰ ਵੇਚੀ ਗਈ।
Khalsa College Governing Council
ਬੀਤੇ ਦਿਨੀਂ ਵਿਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਦੇ ਬਾਨੀ ਸੰਤ ਸਿੰਘ ਦੀ ਵਸੀਅਤ ਮੁਤਾਬਕ ਇਸ ਜਾਇਦਾਦ ਨੂੰ ਬਚਾਉਣ ਲਈ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਰਜਿ. ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਅਪਣੇ 6-6 ਮੈਂਬਰਾਂ ਦੀ ਇਕ ਕਮੇਟੀ ਦਾ ਗਠਨ ਕਰ ਦਿਤਾ ਹੈ ਤਾਕਿ ਗੁਰੂ ਸਾਹਿਬ ਦੇ ਨਾਮ ਬੋਲਦੀ ਜਾਇਦਾਦ ਬਚਾਈ ਜਾ ਸਕੇ। ਉਧਰ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਵਿਅਕਤੀ ਚੀਫ਼ ਖ਼ਾਲਸਾ ਦੀਵਾਨ ਦਾ ਧੜਵੈਲ ਮੈਂਬਰ ਹੈ ਤੇ ਕਦੇ ਦੀਵਾਨ ਦੇ ਵਿਚ ਇਸ ਦੀ ਤੂਤੀ ਬੋਲਦੀ ਰਹੀ ਹੈ।
ਇਸ ਵਿਅਕਤੀ ਨੇ ਅਪਣੀ ਧਰਮ ਪਤਨੀ ਦੇ ਨਾਮ ਗੁਰੂ ਸਾਹਿਬ ਦੇ ਨਾਮ ਬੋਲਦੀ ਜ਼ਮੀਨ ਖ਼ਰੀਦੀ। ਇਹ ਮਾਮਲਾ ਜਨਤਕ ਹੋਣ ਤੋਂ ਬਾਅਦ ਦੀਵਾਨ ਨੇ ਅਪਣੀ ਸਾਖ ਬਚਾਉਣ ਲਈ ਉਕਤ ਮੈਂਬਰ ਨੂੰ ਸਵਾਲ ਕੀਤੇ ਤਾਂ ਇਸ ਨੇ ਜਵਾਬ ਦੇਣ ਦੀ ਬਜਾਏ ਉਲਟ ਦੀਵਾਨ ਦੀ ਕਾਰਜਕਾਰਨੀ 'ਤੇ ਹੀ ਸਵਾਲ ਖੜਾ ਕਰ ਦਿਤਾ।