
ਬਰਗਾੜੀ ਕਾਂਡ ਦੀ ਜਾਂਚ ਕੁੰਵਰਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਸਿਟ ਨੂੰ ਸੌਪੀ ਜਾਵੇ
ਅੰਮ੍ਰਿਤਸਰ : ਬਰਗਾੜੀ ਬੇਅਦਬੀ ਕਾਂਡ ਵਿਚ ਸੀ ਬੀ ਆਈ ਦੀ ਕਲੋਜ਼ਰ ਰੀਪੋਰਟ ਅਤੇ ਸੁਖਬੀਰ ਸਿੰਘ ਬਾਦਲ ਦਾ ਮਿਲਵੇਂ-ਜੁਲਵੇਂ ਸਟੈਂਡ ਦੀ ਸਖ਼ਤ ਆਲੋਚਨਾ ਕਰਦਿਆਂ ਦਲ ਖ਼ਾਲਸਾ ਨੇ ਕਿਹਾ ਕਿ ਸਿਰਸਾ ਡੇਰੇ ਨੂੰ ਬਚਾਉਣ ਦੇ ਦੋਹਾਂ ਦੇ ਹਿਤ ਸਾਂਝੇ ਹਨ। ਜਥੇਬੰਦੀ ਨੇ ਮੰਗ ਕੀਤੀ ਕਿ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਵੀ ਕੁੰਵਰਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਸਿਟ ਨੂੰ ਹੀ ਅਧਿਕਾਰਤ ਤੌਰ 'ਤੇ ਸੌਂਪੀ ਜਾਵੇ ਜੋ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਗਈ ਹੈ।
Kanwarpal Singh
ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਬੇਅਦਬੀ ਅਤੇ ਪੁਲਿਸ ਗੋਲੀਬਾਰੀ ਦੀਆਂ ਦਰਦਨਾਕ ਘਟਨਾਵਾਂ ਇਕ-ਦੂਜੇ ਨਾਲ ਜੁੜੀਆਂ ਹੋਈਆਂ ਹਨ, ਸੋ ਦੋਹਾਂ ਦੀ ਜਾਂਚ ਇਕੋ ਸਿਟ ਦੇ ਹਵਾਲੇ ਕੀਤੀ ਜਾਵੇ। ਸੁਖਬੀਰ ਸਿੰਘ ਬਾਦਲ ਦੇ ਬਿਆਨ ਕਿ ਸੀ.ਬੀ.ਆਈ ਦੀ ਕਲੋਜ਼ਰ ਰੀਪੋਰਟ ਨੇ ਸਿਟ ਦੀ ਜਾਂਚ ਨੂੰ ਨਕਾਰ ਦਿਤਾ ਹੈ, ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਨੇ ਮੱਚਲਾ ਬਣਾ ਕੇ ਇਸ ਤੱਥ ਨੂੰ ਅਣਗੌਲਿਆਂ ਕੀਤਾ ਕਿ ਅਕਾਲੀ ਸਰਕਾਰ ਵਲੋਂ ਬਣਾਈ ਗਈ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਹੇਠ ਸਿੱਟ ਨੇ ਹੀ ਡੇਰਾ ਸਿਰਸਾ ਨੂੰ ਬੇਅਦਬੀ ਲਈ ਦੋਸ਼ੀ ਗਰਦਾਨਿਆ ਸੀ।
Dal Khalsa
ਦਲ ਖ਼ਾਲਸਾ ਆਗੂ ਨੇ ਅੱਗੇ ਕਿਹਾ ਕਿ ਸੀ.ਬੀ.ਆਈ ਨੇ ਕਲੋਜ਼ਰ ਰੀਪੋਰਟ ਵਿਚ ਡੇਰਾ ਸਿਰਸਾ ਨੂੰ ਦੋਸ਼-ਮੁਕਤ ਦਸ ਕੇ ਸੁਖਬੀਰ ਦੀ ਅਸਿੱਧੇ ਤੌਰ 'ਤੇ ਮਦਦ ਕੀਤੀ ਹੈ ਅਤੇ ਬਦਲੇ ਵਿਚ ਸੁਖਬੀਰ ਨੇ ਸੀ.ਬੀ.ਆਈ ਦੀ ਪਿੱਠ ਥਪਾਈ ਹੈ। ਉਨ੍ਹਾਂ ਮੌਜੂਦਾ ਪੰਜਾਬ ਸਰਕਾਰ ਦੀ ਵੀ ਸਖ਼ਤ ਨਿੰਦਿਆ ਕੀਤੀ ਜਿਸ ਨੇ ਸਾਰਾ ਕੇਸ ਸੁਲਝਾਉਣ ਦੀ ਥਾਂ ਹੋਰ ਉਲਝਾ ਕੇ ਰੱਖ ਦਿਤਾ ਹੈ।