
ਕਿਹਾ, ਬਾਦਲਾਂ ਨੇ ਸਮੇਂ-ਸਮੇਂ ਸੌਦਾ ਸਾਧ ਤੇ ਪ੍ਰੇਮੀਆਂ ਨਾਲ ਪੁਗਾਈ ਯਾਰੀ...........
ਕੋਟਕਪੂਰਾ : ਇਨਸਾਫ਼ ਮੋਰਚੇ ਦੇ 109ਵੇਂ ਦਿਨ ਬੁਲਾਰਿਆਂ ਨੇ ਬਾਦਲਾਂ ਦੇ ਨਾਲ-ਨਾਲ ਕੈਪਟਨ ਵਿਰੁਧ ਵੀ ਖ਼ੂਬ ਭੜਾਸ ਕੱਢੀ, ਕੈਪਟਨ ਤੇ ਬਾਦਲ ਨੂੰ ਇਕੋ ਸੋਚ ਦੇ ਮਾਲਕ ਦਸਿਆ, ਦੋਵਾਂ ਵਿਰੁਧ ਰੱਜ ਕੇ ਨਾਹਰੇਬਾਜ਼ੀ ਹੋਈ ਤੇ ਤਿੰਨ ਪੰਥਕ ਮੰਗਾਂ ਦੀ ਪੂਰਤੀ ਤਕ ਮੋਰਚਾ ਇਸੇ ਤਰ੍ਹਾਂ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।
ਅਪਣੇ ਸੰਬੋਧਨ ਦੌਰਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਆਖਿਆ ਕਿ ਬਾਦਲ ਅਤੇ ਕੈਪਟਨ ਵਿਚ ਕੋਈ ਫ਼ਰਕ ਨਹੀਂ ਕਿਉਂਕਿ ਸਿੱਖ ਕੌਮ ਨੂੰ ਨਾ ਤਾਂ ਬਾਦਲ ਸਰਕਾਰ ਨੇ ਅਪਣੇ ਕਾਰਜਕਾਲ ਦੌਰਾਨ ਇਨਸਾਫ਼ ਦਿਤਾ ਅਤੇ ਨਾ ਗੁਟਕਾ ਸਾਹਿਬ ਦੀ ਸਹੁੰ ਚੁਕਣ ਵਾਲੇ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ
ਡੇਢ ਸਾਲ ਤੋਂ ਉਪਰ ਦਾ ਸਮਾਂ ਬੀਤ ਜਾਣ 'ਤੇ ਇਨਸਾਫ਼ ਦਿਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਬਾਦਲਾਂ ਨਾਲ ਅਪਣੀ ਸਾਂਝ-ਭਿਆਲੀ ਨਿਭਾਉਣੀ ਚਾਹੁੰਦਾ ਹੈ, ਇਸ ਲਈ ਉਹ ਸਿੱਖ ਮੰਗਾਂ ਪ੍ਰਤੀ ਬਹੁਤਾ ਚਿੰਤਤ ਨਹੀਂ ਹੈ ਪਰ ਸਿੱਖ ਕੌਮ ਹਰ ਹਾਲਤ 'ਚ ਇਨਸਾਫ਼ ਲੈ ਕੇ ਰਹੇਗੀ, ਭਾਵੇਂ ਉਨ੍ਹਾਂ ਨੂੰ ਜਿਨ੍ਹਾਂ ਮਰਜ਼ੀ ਲੰਮਾ ਸਮਾਂ ਮੋਰਚਾ ਲਾਉਣਾ ਪੈ ਜਾਵੇ। ਅੱਜ ਕਈ ਦਿਨਾਂ ਬਾਅਦ ਫਿਰ ਬਾਦਲ, ਕੈਪਟਨ ਮੁਰਦਾਬਾਦ ਦੇ ਨਾਹਰਿਆਂ ਨਾਲ ਅਸਮਾਨ ਗੂੰਜ ਪਿਆ। ਭਾਈ ਦਾਦੂਵਾਲ ਨੇ ਦੋਸ਼ ਲਾਇਆ ਕਿ ਬਾਦਲਾਂ ਨੇ ਸੀਬੀਆਈ ਅਦਾਲਤ 'ਚੋਂ ਸੌਦਾ ਸਾਧ ਦੇ ਚੇਲਿਆਂ ਦੀਆਂ ਜ਼ਮਾਨਤਾਂ ਕਰਵਾ ਕੇ ਕੌਮ ਨਾਲ ਧ੍ਰੋਹ ਕਮਾਇਆ ਹੈ,
ਜਿਸ ਦਾ ਉਸ ਨੂੰ ਅਗਾਮੀ ਸਮੇਂ 'ਚ ਖਮਿਆਜ਼ਾ ਭੁਗਤਣਾ ਪਵੇਗਾ। ਭਾਈ ਧਿਆਨ ਸਿੰਘ ਮੰਡ ਦੀ ਹਾਜ਼ਰੀ 'ਚ ਰੋਜ਼ਾਨਾ ਦੀ ਤਰ੍ਹਾਂ ਕੀਰਤਨੀ, ਰਾਗੀ, ਢਾਡੀ ਅਤੇ ਕਥਾ ਵਾਚਕਾਂ ਗੁਰੂ ਜਸ ਨਾਲ ਨਿਹਾਲ ਕੀਤਾ। ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਤਿੱਖੀ ਸੁਰ 'ਚ ਕਿਹਾ ਕਿ ਇਹ ਮੋਰਚਾ ਤਿੰਨ ਕੌਮੀ ਮੰਗਾਂ ਜੋ ਹੱਕੀ ਅਤੇ ਜਾਇਜ਼ ਹਨ, ਨੂੰ ਲੈ ਕੇ ਲਾਇਆ ਗਿਆ ਅਤੇ ਹਰ ਇਕ ਬੁਲਾਰੇ ਨੂੰ ਅਪਣੀ ਗੱਲ ਮੋਰਚੇ ਦੀਆਂ ਮੰਗਾਂ 'ਤੇ ਕੇਂਦਰਤ ਰੱਖਣੀ ਚਾਹੀਦੀ ਹੈ।