
ਥਾਣਾ ਭਿਖੀਵਿੰਡ ਅਧੀਨ ਆਉਂਦੇ ਪਿੰਡ ਮਾੜੀ ਗੋੜ ਸਿੰਘ ਵਿਖੇ ਗੁਰਦਵਾਰਾ ਸਾਹਿਬ ਬਾਬਾ ਜੀਵਨ ਸਿੰਘ ਵਿਖੇ ਉਸ ਵੇਲੇ ਹੰਗਾਮਾ ਹੋ ਗਿਆ...........
ਭਿਖੀਵਿੰਡ : ਥਾਣਾ ਭਿਖੀਵਿੰਡ ਅਧੀਨ ਆਉਂਦੇ ਪਿੰਡ ਮਾੜੀ ਗੋੜ ਸਿੰਘ ਵਿਖੇ ਗੁਰਦਵਾਰਾ ਸਾਹਿਬ ਬਾਬਾ ਜੀਵਨ ਸਿੰਘ ਵਿਖੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਅਪਣੇ ਰਿਸ਼ਤੇਦਾਰ ਨਾਲ ਮੱਥਾ ਟੇਕਣ ਆਈ ਮਾਸੂਮ ਕੰਵਲਜੀਤ ਕੌਰ ਤੇ ਉਸ ਦੀ ਮਾਂ ਸਿਮਰਜੀਤ ਕੌਰ ਤੇ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਬਲਦੇਵ ਸਿੰਘ, ਸੁੱਖਾ ਸਿੰਘ ਨਿਹੰਗ, ਸਰਬਜੀਤ ਸਿੰਘ ਆਦਿ ਨੇ ਪੁਲਿਸ ਨੂੰ ਦਰਖ਼ਾਸਤ ਦੇ ਕਿ ਕਿਹਾ ਕਿ ਲੜਕੀ ਦੀ ਮਾਂ ਧੱਕੇ ਨਾਲ ਗੁਰਦਵਾਰਾ ਸਾਹਿਬ ਵਿਚੋਂ ਗੁਟਕਾ ਸਾਹਿਬ ਚੁੱਕ ਕੇ ਲੈ ਗਈ ਹੈ, ਦੀ ਖ਼ਬਰ ਮਿਲਦਿਆਂ ਹੀ ਥਾਣਾ ਭਿਖੀਵਿੰਡ ਦੇ ਏ ਐਸ ਆਈ ਸੁਰਿੰਦਰ ਕੁਮਾਰ ਮੌਕੇ 'ਤੇ ਪਹੁੰਚੇ
ਅਤੇ ਲੜਕੀ ਕੰਵਲਜੀਤ ਕੌਰ ਤੇ ਉਸ ਦੀ ਮਾਂ ਤੋਂ ਪੁਛਗਿਛ ਕੀਤੀ ਤਾਂ ਮਾਮਲਾ ਕੁੱਝ ਹੋਰ ਹੀ ਨਿਕਲਿਆ। ਲੜਕੀ ਨੇ ਦਸਿਆ ਕਿ ਇਹ ਗੁਟਕਾ ਸਾਹਿਬ ਉਸ ਨੂੰ ਸਕੂਲ ਮਾਸਟਰ ਨੇ ਦਿਤਾ ਹੈ ਅਤੇ ਉਹ ਰੋਜ਼ ਗੁਰਦਵਾਰਾ ਸਾਹਿਬ ਵਿਚ ਜਾ ਕੇ ਪਾਠ ਕਰਦੀ ਹੈ ਪਰ ਅੱਜ ਉਸ ਨਾਲ ਉਸ ਦਾ ਰਿਸ਼ਤੇਦਾਰ ਵੀ ਸੰਗਰਾਂਦ ਹੋਣ ਕਰ ਕੇ ਮੱਥਾ ਟੇਕਣ ਚਲਾ ਗਿਆ ਪਰ ਗ੍ਰੰਥੀ ਨੇ ਉਸ ਦੇ ਰਿਸ਼ਤੇਦਾਰ ਨੂੰ ਕਿਹਾ,''ਤੂੰ ਮੁਸਲਮਾਨ ਪਾਠ ਕੀ ਕਰੇਗਾ। ਇਸੇ ਗੱਲੋਂ ਮੈਂ ਗੁੱਸੇ ਵਿਚ ਗੁਰਦੁਆਰਾ ਸਾਹਿਬ ਵਿਚੋਂ ਗੁਟਕਾ ਸਾਹਿਬ ਲੈ ਆਈ ਕਿਉਂਕਿ ਘਰ ਵਿਚ ਬੇਅਦਬੀ ਦੇ ਡਰੋਂ ਮੈਂ ਇਹ ਗੁਟਕਾ ਸਾਹਿਬ ਗੁਰਦੁਆਰਾ ਸਾਹਿਬ ਰਖਿਆ ਹੋਇਆ ਸੀ।
ਪਰ ਗ੍ਰੰਥੀ ਵਲੋਂ ਮੇਰੀ ਮਾਂ 'ਤੇ ਦੋਸ਼ ਲਾਉਣਾ ਬੇਹਦ ਦੁਖਦਾਈ ਹੈ।'' ਇਸ ਮੌਕੇ ਏ.ਐਸ.ਆਈ ਸੁਰਿੰਦਰ ਸਿੰਘ ਨੇ ਜਦੋਂ ਲੜਕੀ ਤੋਂ ਗੁਟਕਾ ਸਾਹਿਬ ਵਾਪਸ ਮੰਗਿਆ ਤਾਂ ਮਾਸੂਮ ਕੰਵਲਜੀਤ ਕੌਰ ਧਾਹ ਮਾਰ ਕੇ ਰੋਣ ਲੱਗ ਪਈ ਤੇ ਗੁਟਕਾ ਵਾਪਸ ਕਰ ਕੇ ਕਿਹਾ,''ਮੈਂ ਹੁਣ ਕਦੇ ਵੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਨਹੀਂ ਜਾਵਾਂਗੀ।'' ਇਸ ਮੌਕੇ ਪਹੁੰਚੇ ਸਤਿਕਾਰ ਕਮੇਟੀ ਪੰਜਾਬ ਦੇ ਸਰਕਲ ਖੇਮਕਰਨ ਦੇ ਸੇਵਾਦਾਰ ਭਾਈ ਰਣਜੀਤ ਸਿੰਘ ਉਧੋਕੇ ਨੇ ਲੜਕੀ ਪਰਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਲ ਹੀ ਨਵਾਂ ਗੁਟਕਾ ਸਾਹਿਬ ਲੜਕੀ ਨੂੰ ਲੈ ਕੇ ਦੇਣਗੇ ਤੇ ਲੜਕੀ ਦੀ ਸ਼ਰਧਾ ਵੇਖ ਕੇ ਉਸ ਨੂੰ ਸਿਰੋਪਾਉ ਪਾ ਕੇ ਸਨਮਾਨਤ ਕਰਨਗੇ।