
ਨੇੜਲੇ ਪਿੰਡ ਟੱਪਰੀਆ ਅਮਰ ਸਿੰਘ ਦੇ ਗੁਰਦਵਾਰਾ ਸਾਹਿਬ ਦੀ ਹਦੂਦ ਅੰਦਰ ਬਾਬਾ ਮਲੰਗ ਸ਼ਾਹ ਦੀ ਮਜ਼ਾਰ ਦਮਦਮੀ ਟਕਸਾਲ ਦੇ ਸਿੰਘਾਂ ਵਲੋਂ ਪੁੱਟੀ ਗਈ..........
ਬੇਲਾ ਬਹਿਰਾਮਪੂਰ ਬੇਟ : ਨੇੜਲੇ ਪਿੰਡ ਟੱਪਰੀਆ ਅਮਰ ਸਿੰਘ ਦੇ ਗੁਰਦਵਾਰਾ ਸਾਹਿਬ ਦੀ ਹਦੂਦ ਅੰਦਰ ਬਾਬਾ ਮਲੰਗ ਸ਼ਾਹ ਦੀ ਮਜ਼ਾਰ ਦਮਦਮੀ ਟਕਸਾਲ ਦੇ ਸਿੰਘਾਂ ਵਲੋਂ ਪੁੱਟੀ ਗਈ ਜਿਸ ਕਰ ਕੇ ਪਿੰਡ ਵਾਸੀਆਂ ਵਿਚ ਰੋਸ ਦੀ ਲਹਿਰ ਦੌੜ ਗਈ। ਇਸ ਸੰਬਧੀ ਪਿੰਡ ਦੇ ਸਰਪੰਚ ਜਗਤਾਰ ਸਿੰਘ ਨੇ ਦਸਿਆ ਕਿ ਪਿੰਡ ਦੇ ਗੁਰਦਵਾਰਾ ਸਾਹਿਬ ਦੀ ਹਦੂਦ ਅੰਦਰ ਪੁਰਾਤਨ ਬਾਬਾ ਮਲੰਗ ਸ਼ਾਹ ਦੀ ਕਬਰ ਨੂੰ ਢਾਹੁਣ ਲਈ ਪਿੰਡ ਦੇ ਹੀ ਕੁੱਝ ਵਿਅਕਤੀਆਂ ਦਰਬਾਰਾ ਸਿੰਘ,ਵਜ਼ੀਰ ਸਿੰਘ, ਮਹਿੰਦਰ ਸਿੰਘ ਆਦਿ ਨੇ ਦਮਦਮੀ ਟਕਸਾਲ ਦੇ ਨਿਹੰਗ ਸਿੰਘ ਬੁਲਾਏ।
ਦੋ ਬਾਰਾਂ ਬੋਰ ਦੀ ਰਫ਼ਲਾਂ, ਬਰਛੇ, ਗੰਢਾਸਿਆਂ ਨਾਲ ਲੈਸ ਹੋ ਕੇ ਦਮਦਮੀ ਟਕਸਾਲ ਦੇ ਨਿਹੰਗ ਸਿੰਘਾਂ ਨੇ ਆਉਂਦਿਆਂ ਹੀ ਗੁਰਦੁਆਰਾ ਸਾਹਿਬ ਦਾ ਗੇਟ ਬੰਦ ਕਰ ਕੇ ਕਬਰ ਨੂੰ ਪੁੱਟਣਾ ਸ਼ੁਰੂ ਕਰ ਦਿਤਾ ਅਤੇ ਕਬਰ ਦੀ ਚਾਦਰ ਝੰਡੇ ਆਦਿ ਵੀ ਅੱਗ ਨਾਲ ਸਾੜ ਦਿਤੇ। ਮੌਕੇ 'ਤੇ ਪੁੱਜੇ ਡੀ ਐਸ ਪੀ ਨਵਰੀਤ ਸਿੰਘ ਵਿਰਕ ਦੀ ਅਗਵਾਈ ਹੇਠ ਆਈ ਭਾਰੀ ਪੁਲਿਸ ਫ਼ੋਰਸ ਨੇ ਕਬਰ ਦੀ ਬੇਅਦਬੀ ਕਰਨ ਅਤੇ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰ ਕੇ ਪਿੰਡ ਦੇ ਉਕਤ ਵਿਅਕਤੀਆਂ ਸਮੇਤ ਦਮਦਮੀ ਟਕਸਾਲ ਦੇ 32 ਦੇ ਕਰੀਬ ਸਿੰਘਾਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਕੇ ਕਾਨੂੰਨੀ ਕਾਰਵਾਈ ਸ਼ੂਰੂ ਕੀਤੀ
ਅਤੇ ਡੀ ਐਸ ਪੀ ਨਵਰੀਤ ਸਿੰਘ ਵਿਰਕ ਦੀ ਨਿਗਰਾਨੀ ਹੇਠ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੁੱਟੀ ਗਈ ਕਬਰ ਨੂੰ ਮੁੜ ਬਣਾਉਣਾ ਸ਼ੁਰੂ ਕੀਤਾ ਗਿਆ।
ਇਸ ਮੌਕੇ ਐਸ.ਪੀ (ਡੀ) ਬਲਵਿੰਦਰ ਸਿੰਘ ਰੰਧਾਵਾ, ਮਨਜੋਤ ਕੌਰ ਪੀ.ਪੀ.ਐਸ, ਡੀ ਐਸ.ਪੀ (ਡੀ) ਗੁਰਵਿੰਦਰ ਸਿੰਘ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ, ਥਾਣਾ ਮੁਖੀ ਸੁਖਵੀਰ ਸਿੰਘ, ਡੱਲਾ ਪੁਲਿਸ ਚੌਂਕੀ ਇੰਚਾਰਜ ਇੰਦਰਜੀਤ ਸਿੰਘ ਇੰਸਪੈਕਟਰ ਸੰਨੀ ਖੰਨਾ,ਬੇਲਾ ਚੌਂਕੀ ਇੰਚਾਰਜ ਐਸ ਆਈ ਰੋਹਿਤ ਸ਼ਰਮਾ ਆਦਿ ਹਾਜ਼ਰ ਸਨ।