
ਦਿੱਲੀ ਦੇ ਤਿਲਕ ਨਗਰ ਤੋਂ ਸਾਹਮਣੇ ਆਇਆ ਮਾਮਲਾ
ਨਵੀਂ ਦਿੱਲੀ: ਤਿਲਕ ਨਗਰ ਬਲਾਕ 20 ਦੇ ਗੁਰਦੁਆਰਾ ਸਾਹਿਬ ਵਿਚ ਪ੍ਰਧਾਨਗੀ ਨੂੰ ਲੈ ਕੇ ਹੋਏ ਵਿਵਾਦ ਦੀ ਇਕ ਵੀਡੀਉ ਸਾਹਮਣੇ ਆਈ ਹੈ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਤਲਵਾਰਾਂ ਚਲਾਈਆਂ ਗਈਆਂ ਅਤੇ ਇਕ-ਦੂਜੇ ਦੀਆਂ ਪੱਗਾਂ ਲਾਹ ਕੇ ਗੁਰਦੁਆਰਾ ਸਾਹਿਬ ਦੀ ਮਰਿਯਾਦਾ ਦੀਆਂ ਧੱਜੀਆਂ ਉਡਾਈਆਂ ਗਈਆਂ। ਇਹ ਵੀਡੀਉ ਦੋ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਵਿਧਾਇਕ ਕਸ਼ਮੀਰ ਸੋਹਲ ਨਾਲ ਦੁਰਵਿਹਾਰ ਦਾ ਮਾਮਲਾ: SSP ਗੁਰਮੀਤ ਸਿੰਘ ਚੌਹਾਨ ਸਣੇ 3 ਪੁਲਿਸ ਅਧਿਕਾਰੀਆਂ ਨੇ ਖੇਦ ਪ੍ਰਗਟਾਇਆ
ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਨੂੰ ਲੈ ਕੇ ਹੋਣ ਵਾਲੀ ਚੋਣ ਤੋਂ ਪਹਿਲਾਂ ਇਹ ਵਿਵਾਦ ਹੋਇਆ ਸੀ। ਇਸ ਸਬੰਧੀ ਪੁਲਿਸ ਵਲੋਂ ਮਾਮਲਾ ਵੀ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਗੁਰਦੁਆਰਾ ਸਾਹਿਬ ਪਿਸ਼ੋਰੀ ਭਾਈਚਾਰੇ ਨਾਲ ਸਬੰਧਤ ਹੈ। ਇਸ ਇਲਾਕੇ ਵਿਚ ਪਿਸ਼ੋਰੀ ਭਾਈਚਾਰਾ ਵੱਡੀ ਗਿਣਤੀ ਵਿਚ ਰਹਿੰਦਾ ਹੈ। ਇਸ ਘਟਨਾ ਨੂੰ ਲੈ ਕੇ ਤਿਲਕ ਨਗਰ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਤਿੰਦਰ ਸਿੰਘ ਸੋਨੂੰ ਨੇ ਅਪਣਾ ਬਿਆਨ ਦਿਤਾ ਹੈ।
ਇਹ ਵੀ ਪੜ੍ਹੋ: ਝੂਠੀ ਅਣਖ ਖ਼ਾਤਰ ਧੀ ਦੀ ਹਤਿਆ ਕਰਨ ਵਾਲਾ ਪਿਓ 13 ਸਾਲਾਂ ਬਾਅਦ ਗ੍ਰਿਫ਼ਤਾਰ
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਵਾਪਰੀ ਇਹ ਘਟਨਾ ਬੇਹੱਦ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਮਰਿਯਾਦਾ ਦੇ ਘਾਣ ਦੀ ਮੈਂ ਸਖ਼ਤ ਨਿਖੇਧੀ ਕਰਦਾ ਹਾਂ। ਉਨ੍ਹਾਂ ਦਸਿਆ ਇਸ ਮਾਮਲੇ ਨੂੰ ਲੈ ਕੇ ਕਈ ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਸੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਨੂੰ ਲੈ ਕੇ 4 ਧੜੇ ਬਣ ਗਏ ਹਨ ਅਤੇ ਕਈ ਮੈਂਬਰ ਅੰਮ੍ਰਿਤਧਾਰੀ ਵੀ ਨਹੀਂ ਸਨ। ਇਸ ਨੂੰ ਲੈ ਕੇ ਅਕਸਰ ਵਿਵਾਦ ਰਹਿੰਦਾ ਹੈ। ਇਸੇ ਵਿਵਾਦ ਦੇ ਚਲਦਿਆਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਚ ਪਈਆਂ ਤਲਵਾਰਾਂ ਹੀ ਚੁੱਕ ਲਈਆਂ ਅਤੇ ਇਕ ਦੂਜੇ ਨਾਲ ਲੜਨ ਲੱਗੇ।