
ਉਨ੍ਹਾਂ ਕਿਹਾ ਕਿ ਮੈਂ ਵੱਖ-ਵੱਖ ਪੰਥਕ ਧਿਰਾਂ ਤੇ ਪੰਥਕ ਜਥੇਬੰਦੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਇਕ ਝੰਡੇ ਥੱਲੇ ਇਕੱਠਾ ਕਰਨਾ ਚਾਹੁੰਦਾ ਹਾਂ
Panthak News: ਅੱਜ ਪੰਜਾਬ ਦੇ ਲੋਕ ਅਤੇ ਪੰਥਕ ਸੋਚ ਰੱਖਣ ਵਾਲੇ ਪੰਥ ਦਰਦੀ ਦੁਵਿਧਾ ਵਿਚ ਹਨ ਹਰ ਪਾਸੇ ਲੋਕਾਂ ਵਿਚ ਨਿਰਸਤਾ ਹੈ। ਅੱਜ ਪੰਜਾਬ ਪੂਰੀ ਬਰਬਾਦੀ ਦੇ ਰਾਹ ਪੈ ਚੁੱਕਾ ਹੈ ਅਤੇ ਪੰਥਕ ਸ਼ਕਤੀ ਖਿਲਰ ਚੁਕੀ ਹੈ। ਮੈਂ ਪੰਜਾਬ ਅਤੇ ਪੰਥ ਦੇ ਭਲੇ ਲਈ ਤੇ ਖਿੰਡ ਚੁਕੀ ਪੰਥਕ ਸ਼ਕਤੀ ਨੂੰ ਇਕ ਮੰਚ ’ਤੇ ਇਕੱਠਿਆਂ ਕਰਨ ਲਈ ਪੰਥਕ ਏਕਤਾ ਦੇ ਸੰਕਲਪ ਨੂੰ ਸਿਰੇ ਚਾੜ੍ਹਨ ਲਈ ਪੰਜਾਬ ਦੇ ਹਰ ਘਰ ਤਕ ਜਾਵਾਂਗਾ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਪੰਥਕ ਜਥੇਬੰਦੀਆਂ ਵਲੋਂ ਸੱਦੇ ਖ਼ਾਲਸਾ ਦਰਬਾਰ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਮੈਂ ਵੱਖ-ਵੱਖ ਪੰਥਕ ਧਿਰਾਂ ਤੇ ਪੰਥਕ ਜਥੇਬੰਦੀਆਂ ਨੂੰ ਗੁਰੂ ਸਿਧਾਂਤ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਇਕ ਝੰਡੇ ਥੱਲੇ ਇਕੱਠਾ ਕਰਨਾ ਚਾਹੁੰਦਾ ਹਾਂ ਕਿਉਂਕਿ ਜੋ ਅੱਜ ਦੁਰਦਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿਚ ਹੋ ਰਹੀ ਹੈ ਅਤੇ ਜਿਹੜਾ ਮਰਿਆਦਾ ਦਾ ਘਾਣ ਹੋ ਰਿਹਾ ਹੈ ਉਸ ਨੂੰ ਵੇਖ ਕੇ ਚੁੱਪ ਨਹੀਂ ਰਿਹਾ ਜਾ ਸਕਦਾ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕਬਜ਼ਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਵਾਰ ਦੀ ਕਠਪੁਤਲੀ ਬਣ ਕੇ ਰਹਿ ਚੁਕੀ ਹੈ। ਇਸ ਨੂੰ ਆਜ਼ਾਦ ਕਰਵਾਉਣ ਲਈ ਅੱਜ ਲੋੜ ਹੈ ਕਿ ਅਸੀਂ ਸਾਰੀਆਂ ਪੰਥਕ ਧਿਰਾਂ ਗੁਰੂ ਆਸੇ ਅਨੁਸਾਰ ਪੰਥਕ ਏਕਤਾ ਦੇ ਮਹਾਨ ਕਾਰਜ ਯੋਗਦਾਨ ਪਾਉਣ।
ਉਨ੍ਹਾਂ ਵਲੋਂ ਇਕ ਸਿਆਸੀ ਪੰਥਕ ਤਾਲਮੇਲ ਕਮੇਟੀ ਵੀ ਕਾਇਮ ਕੀਤੀ ਗਈ ਜਿਸ ਵਿਚ ਸੰਦੀਪ ਸਿੰਘ ਰੁਪਾਲੋਂ ਪ੍ਰਧਾਨ ਲੋਕ ਚੇਤਨਾ ਲਹਿਰ ਪੰਜਾਬ,, ਸੰਤ ਸਮਸੇਰ ਸਿੰਘ ਜਗੇੜਾ ਪ੍ਰਧਾਨ ਇੰਟਰਨੈਸਨਲ ਸੰਤ ਸਮਾਜ, ਸੰਤ ਹਰਬੰਸ ਸਿੰਘ ਜੈਨਪੁਰ, ਬੂਟਾ ਸਿੰਘ ਰਣਸੀਂਹ ਪ੍ਰਧਾਨ ਅਕਾਲੀ ਦਲ ਕਿਰਤੀ, ਸਰਦਾਰ ਰਵੀਇੰਦਰ ਸਿੰਘ ਕਿਸਾਨ ਅਕਾਲੀ ਦਲ 1920, ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ, ਗੁਰਿੰਦਰ ਸਿੰਘ ਬਾਜਵਾ, ਜਸਬੀਰ ਸਿੰਘ ਭੁੱਲਰ, ਮਹਿੰਦਰਪਾਲ ਸਿੰਘ ਦਾਨਗੜ, ਜਗਦੀਸ ਸਿੰਘ ਮੱਲੀ, ਸਵਰਨ ਸਿੰਘ ਖਾਲਸਾ, ਲਾਲ ਸਿੰਘ ਭੀਖੀਵਾਲ, ਜਰਨੈਲ ਸਿੰਘ ਸਖੀਰਾ, ਬਾਬਾ ਹਿੰਮਤ ਸਿੰਘ ਛੰਨਾ, ਸੁਖਦੇਵ ਸਿੰਘ ਫਗਵਾੜਾ,ਜ਼ਿੰਮੇਵਾਰ ਮੈਂਬਰਾਂ ਦੀ ਜ਼ਿੰਮੇਵਾਰੀ ਲਗਾਈ ਗਈ। ਇਹ ਕਮੇਟੀ ਬਾਕੀ ਪੰਥਕ ਧਿਰਾਂ ਦੇ ਨਾਲ ਏਕਤਾ ਦੀ ਗੱਲਬਾਤ ਕਰਨ ਅਤੇ ਪੰਜਾਬ ਵਿਚ ਇਕ ਪੰਜਾਬ ਅਤੇ ਪੰਥ ਦਰਦੀ ਧਿਰ ਕਾਇਮ ਕੀਤੀ ਜਾ ਸਕੇ। ਕਮੇਟੀ ਇਕ ਮਹੀਨੇ ਦੇ ਅੰਦਰ ਅੰਦਰ ਰਿਪੋਰਟ ਸੌਂਪੇਗੀ। ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਬੂਟਾ ਸਿੰਘ ਰਣਸੀਹ , ਸੰਦੀਪ ਸਿੰਘ ਰੁਪਾਲੋਂ, ਮਹਿੰਦਰ ਪਾਲ ਸਿੰਘ ਦਾਨਗੜ, ਸਮਸੇਰ ਸਿੰਘ ਜਗੇੜਾ, ਰਾਜਦੇਵ ਸਿੰਘ ਖਾਲਸਾ, ਸੰਤ ਹਰਬੰਸ ਸਿੰਘ ਜੈਨਪੁਰ,ਸਰਦਾਰ ਪਰਮਜੀਤ ਸਿੰਘ ਸਹੌਲੀ ਸੁਤੰਤਰ ਅਕਾਲੀ ਦਲ, ਜਥੇਦਾਰ ਅਮਰਜੀਤ ਸਿੰਘ ਵਾਲਿਓ, ਜਥੇਦਾਰ ਭਰਪੂਰ ਸਿੰਘ ਧਾਂਦਰਾ ਆਦਿ ਹਾਜਰ ਸਨ।