
ਸਾਰਾਗੜ੍ਹੀ ਪਹਾੜੀ 'ਤੇ ਗੋਰਿਆਂ ਨੇ ਬਣਾਈ ਸੀ ਯਾਦਗਾਰ, ਹੁਣ ਨਵੀਂ ਥਾਂ 'ਤੇ ਬਣੇਗੀ
ਅੰਮ੍ਰਿਤਸਰ : ਪਾਕਿਸਤਾਨ ਦੇ ਖੈਬਰ ਪਖ਼ਤੂਨਖਵਾ ਸੂਬੇ ਵਿਚ ਛੋਟੀ ਜਿਹੀ ਯਾਦਗਾਰ 'ਤੇ 21 ਸਿੱਖ ਫ਼ੌਜੀਆਂ ਦੇ ਨਾਵਾਂ ਵਾਲੀਆਂ ਤਖ਼ਤੀਆਂ ਲਾਈਆਂ ਗਈਆਂ ਹਨ। ਇਹ ਨਾਮ ਪੰਜਾਬੀ ਅਤੇ ਉੁਰਦੂ ਵਿਚ ਲਿਖੇ ਗਏ ਹਨ। ਯਾਦਗਾਰ ਬਰਤਾਨਵੀ ਫ਼ੌਜੀਆਂ ਨੇ ਸਾਰਾਗੜ੍ਹੀ ਪਹਾੜੀ 'ਤੇ ਉਸਾਰੀ ਸੀ ਜਿਹੜੀ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਦੀ ਸਰਹੱਦ ਲਾਗਲੇ ਹੰਗੂ ਪਿੰਡ ਵਿਚ ਪੈਂਦੀ ਹੈ। ਬਰਤਾਨੀਆ ਨੇ ਸਾਰੇ 21 ਸਿੱਖ ਫ਼ੌਜੀਆਂ ਦੇ ਨਾਮ ਅੰਗਰੇਜ਼ੀ ਵਿਚ ਲਿਖਵਾਏ ਸਨ।
ਨਿਊਯਾਰਕ ਦੀ ਸਾਰਾਗੜ੍ਹੀ ਫ਼ਾਊਂਡੇਸ਼ਨ ਨੇ ਯਾਦਗਾਰ ਲਾਗਲੇ ਇਲਾਕੇ ਵਿਚ ਬਾਗ਼ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਸਾਰਾਗੜ੍ਹੀ ਪਹਾੜੀ ਜਿਥੇ ਮਸ਼ਹੂਰ ਜੰਗ ਲੜੀ ਗਈ ਸੀ, ਹੰਗੂ ਪਿੰਡ ਤੋਂ ਲਗਭਗ 41 ਕਿਲੋਮੀਟਰ ਦੂਰ ਪੈਂਦੀ ਹੈ। ਸਾਰਾਗੜ੍ਹੀ ਫ਼ਾਊਂਡੇਸ਼ਨ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਜੋਸਨ ਨੇ ਦਸਿਆ ਕਿ ਯਾਦਗਾਰ ਵਾਲੀ ਥਾਂ 'ਤੇ ਸਾਦਾ ਸਮਾਗਮ ਕੀਤਾ ਗਿਆ। ਦੋ ਤਖ਼ਤੀਆਂ ਫ਼ਾਊਂਡੇਸ਼ਨ ਦੇ ਨੁਮਾਇੰਦੇ ਸਨੀ ਸਿੰਘ ਖ਼ਾਲਸਾ ਜਿਹੜਾ ਹੰਗੂ ਦੇ ਗੁਰਦਵਾਰਾ ਸਿੰਘ ਸਭਾ ਦਾ ਚੇਅਰਮੈਨ ਹੈ ਅਤੇ ਕੁੱਝ ਮੁਕਾਮੀ ਲੋਕਾਂ ਨੇ ਲਾਈਆਂ। ਜੋਸਨ ਮੁਤਾਬਕ ਸਾਰਾਗੜ੍ਹੀ ਦੀ ਲੜਾਈ ਵਿਚ ਜੌਹਰ ਵਿਖਾਉਣ ਵਾਲੇ ਸਿੱਖ ਫ਼ੌਜੀਆਂ ਦੇ ਵਾਰਸ ਹੁਣ ਬਾਗ਼ ਦੀ ਉਸਾਰੀ ਤੇ ਹੋਰ ਕੰਮਾਂ ਵਿਚ ਮਜ਼ਦੂਰੀ ਕਰਨ ਲਈ ਮਜਬੂਰ ਹਨ। ਉਨ੍ਹਾਂ ਦਸਿਆ ਕਿ ਹੰਗੂ ਵਿਚ ਉੁਸਾਰੇ ਜਾ ਰਹੇ ਗੁਰਦਵਾਰੇ ਦਾ ਨਾਮ 'ਗੁਰਦਵਾਰਾ ਸਿੰਘ ਸਭਾ, ਸਾਰਾਗੜ੍ਹੀ ਸ਼ਹੀਦਾਂ ਦੀ ਯਾਦ ਵਿਚ' ਹੋਵੇਗਾ।
ਮੌਜੂਦਾ ਯਾਦਗਾਰ ਕਿਲ੍ਹੇ ਦੇ ਪਿਛਲੇ ਪਾਸੇ ਹੈ। ਅਸਲ ਵਿਚ ਇਹ ਉਹ ਥਾਂ ਨਹੀਂ ਜਿਥੇ ਸਿੱਖ ਫ਼ੌਜੀ ਲੜੇ ਸਨ। ਉਨ੍ਹਾਂ ਦਸਿਆ,'ਅਮਰੀਕਾ ਦੀ ਸਾਂਝਾ ਪੰਜਾਬ ਸੰਸਥਾ ਦੇ ਵਫ਼ਦ ਨੇ ਫ਼ਰਵਰੀ ਵਿਚ ਨਵੀਂ ਯਾਦਗਾਰ ਦਾ ਨੀਂਹ ਪੱਥਰ ਰੱਖਣ ਆਉਣਾ ਸੀ ਪਰ ਭਾਰਤ-ਪਾਕਿਸਤਾਨ ਤਣਾਅ ਕਾਰਨ ਇਹ ਦੌਰਾ ਅੱਗੇ ਪਾ ਦਿਤਾ ਗਿਆ। ਹੁਣ ਅਸੀਂ ਮਈ ਵਿਚ ਸਾਰਾਗੜ੍ਹੀ ਆਵਾਂਗੇ ਅਤੇ ਉਸ ਚੌਕੀ 'ਤੇ ਯਾਦਗਾਰ ਦੀ ਉਸਾਰੀ ਸ਼ੁਰੂ ਕਰਾਂਗੇ ਜਿਥੇ ਸਿੱਖ ਫ਼ੌਜੀ 10 ਹਜ਼ਾਰ ਪਸ਼ਤੂਨਾਂ ਵਿਰੁਧ ਲੜੇ ਸਨ।' ਸਨੀ ਸਿੰਘ ਮੁਤਾਬਕ ਤਖ਼ਤੀਆਂ ਲਾਉਣ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਸੱਭ ਧਰਮਾਂ ਦੇ ਲੋਕਾਂ ਨੇ ਸਮਾਗਮ ਵਿਚ ਸ਼ਿਰਕਤ ਕੀਤੀ। ਬਾਅਦ ਵਿਚ ਲੰਗਰ ਵਰਤਾਇਆ ਗਿਆ। ਉਨ੍ਹਾਂ ਕਿਹਾ ਕਿ ਹਰ ਕਿਸੇ ਨੇ ਯਾਦਗਾਰ ਵਾਸਤੇ ਸੰਭਵ ਮਦਦ ਦੇਣ ਦਾ ਭਰੋਸਾ ਦਿਤਾ ਹੈ। (ਏਜੰਸੀ)