
'ਸਿੱਖ ਟੈਂਪਲ ਸਨਵਾਕੀਨ' ਨੂੰ ਇਤਿਹਾਸਕ ਦਰਜਾ ਦਿਵਾਉਣ ਲਈ ਉਪਰਾਲੇ ਸ਼ੁਰੂ
ਕੈਲੀਫ਼ੋਰਨੀਆ- ਕੈਲੀਫ਼ੋਰਨੀਆ ਦੀ ਸੈਂਟਰਲ ਵੈਲੀ ਦੇ ਸੱਭ ਤੋਂ ਪੁਰਾਣੇ ਗੁਰਦਵਾਰੇ ਸਿੱਖ ਟੈਂਪਲ ਨੂੰ ਇਤਿਹਾਸਕ ਮਹੱਤਤਾ ਦਿਵਾਉਣ ਲਈ ਇਲਾਕੇ ਦੀਆਂ ਸੰਗਤਾਂ ਤੇ ਸਿੱਖ ਸੰਸਥਾਵਾਂ ਵਲੋਂ ਉਪਰਾਲੇ ਸ਼ੁਰੂ ਕੀਤੇ ਗਏ ਹਨ ।
File
ਇਸ ਬਾਰੇ ਪ੍ਰਾਪਤ ਸੂਚਨਾ ਅਨੂਸਾਰ ਕੈਲੀਫ਼ੋਰਨੀਆ ਵਿਚ ਸੱਭ ਤੋਂ ਪਹਿਲਾਂ ਗ਼ਦਰੀ ਬਾਬਿਆਂ ਨੇ ਸਟਾਕਟਨ ਵਿਖੇ ਗੁਰਦਵਾਰਾ ਸਥਾਪਤ ਕੀਤਾ ਸੀ। ਇਸ ਉਪਰੰਤ ਯੂਬਾ ਸਿਟੀ ਵਿਖੇ ਗੁਰਦਵਾਰੇ ਦਾ ਨਿਰਮਾਣ ਕੀਤਾ ਗਿਆ ਸੀ । ਇਸ ਉਪਰੰਤ ਸਿੱਖ ਭਾਈਚਾਰਾ ਅਪਣੇ ਖੇਤੀਬਾੜੀ ਦੇ ਕੰਮਕਾਜਾਂ ਲਈ ਫ਼ਰਿਜਨੋ ਵਿਖੇ ਆਇਆ ਤੇ ਉਹ ਨਜ਼ਦੀਕੀ ਕਸਬੇ ਸਨਵਾਕੀਨ ਵਿਖੇ ਵਸ ਗਿਆ।
File
ਇਥੋਂ ਦੀਆਂ ਸੰਗਤਾਂ ਨੂੰ ਤਿੰਨ ਚਾਰ ਘੰਟੇ ਕਾਰ ਦਾ ਸਫ਼ਰ ਕਰ ਕੇ ਛੁੱਟੀ ਵਾਲੇ ਦਿਨ ਐਤਵਾਰ ਨੂੰ ਸਟਾਕਟਨ ਜਾਂ ਯੁਬਾ ਸਿਟੀ ਦੇ ਗੁਰਦਵਾਰੇ ਜਾਣ ਵਿਚ ਬੜੀ ਔਖ ਮਹਿਸੂਸ ਕਰਦੀ ਸੀ। ਇਸ ਕਰ ਕੇ ਇਲਾਕੇ ਵਿਚ ਵਸੀ ਸਿੱਖ ਸੰਗਤ ਨੇ ਰਲ ਕੇ 1970 ਵਿਚ ਦੇ ਦਹਾਕੇ ਵਿਚ ਗੁਰੂ ਘਰ ਦੀ ਸਥਾਪਨਾ ਇਕ ਸਟੋਰ ਦੀ ਬਹੁਤ ਵੱਡੀ ਦੋ ਮੰਜ਼ਲੀ ਇਮਾਰਤ ਲੈ ਕੇ ਕੀਤੀ ਸੀ।
File
ਉਦੋਂ ਤੋਂ ਹੀ ਇਹ ਗੁਰਦੁਆਰਾ ਸਿੱਖ ਸੰਗਤਾਂ ਨੂੰ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਦਾ ਆ ਰਿਹਾ ਹੈ। ਪ੍ਰਬੰਧਕਾਂ ਅਨੁਸਾਰ ਇਸ ਇਮਾਰਤ ਨੂੰ ਬਣਿਆ ਇਕ ਸਦੀ ਹੋ ਗਈ ਹੈ ਜੋ ਕਿ ਇਲਾਕੇ ਦੀ ਸੱਭ ਤੋਂ ਪੁਰਾਣੀ ਇਮਾਰਤ ਹੋਣ ਕਰ ਕੇ ਇਸ ਦੀ ਸ਼ਰਧਾ ਸਿੱਖ ਧਰਮ ਨਾਲ ਜੁੜ ਚੁਕੀ ਹੈ । ਇਸੇ ਕਰ ਕੇ ਗੁਰਦਵਾਰੇ ਦੇ ਪ੍ਰਬੰਧਕਾਂ ਨੇ ਹੋਰ ਸੰਸਥਾਵਾਂ ਨਾਲ ਰਲ ਕੇ ਇਸ ਇਮਾਰਤ ਨੂੰ ਇਤਿਹਾਸਕ ਦਰਜਾ ਦਿਵਾਉਣ ਲਈ ਯਤਨ ਕਰਨੇ ਅਰੰਭ ਦਿਤੇ ਹਨ।
File
ਇਸ ਸਬੰਧ ਵਿਚ ਫ਼ਰਿਜ਼ਨੋ ਕਾਊਂਟੀ ਦੇ ਸੁਪਰਵਾਈਜ਼ਰ ਅਤੇ ਹੋਰ ਅਧਿਕਾਰੀਆਂ ਨਾਲ ਮਨਜ਼ੂਰੀ ਲਈ ਕਾਰਵਾਈ ਕੀਤੀ ਜਾਵੇਗੀ । ਇਲਾਕੇ ਦੀਆਂ ਸੰਗਤਾਂ ਨੇ ਆਸ ਪ੍ਰਗਟਾਈ ਹੈ ਕਿ ਇਸ ਗੁਰੁ ਘਰ ਨੂੰ ਇਤਿਹਾਸਕ ਦਰਜੇ ਦਾ ਮਾਣ ਜ਼ਰੂਰ ਪ੍ਰਾਪਤ ਹੋ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।