
ਉਨ੍ਹਾਂ ਕਿਹਾ ਕਿ ਅੱਜ ਸਾਡੇ ਸਮਾਜ ਵਿਚ ਪਖੰਡੀ ਬਾਬਿਆਂ ਤੇ ਝੂਠੇ ਲੀਡਰਾਂ ਦੀ ਅਗਵਾਈ ਦਾ ਬੋਲਬਾਲਾ ਹੈ ਜੋ ਕਦੇ ਵੀ ਸਾਡੇ ਸਮਾਜ ਦਾ ਭਲਾ ਨਹੀਂ ਕਰ ਸਕਦੇ।
ਸੰਗਰੂਰ, 18 ਅਪ੍ਰੈਲ (ਗੁਰਦਰਸ਼ਨ ਸਿੰਘ ਸਿੱਧੂ) : ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਵਿਖੇ 14 ਅਪ੍ਰੈਲ ਨੂੰ ਖ਼ਾਲਸੇ ਦਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿਚ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰੀ। ਸੰਸਥਾ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਖ਼ਾਲਸਾ ਨੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਸਾਡੇ ਸਮਾਜ ਵਿਚ ਪਖੰਡੀ ਬਾਬਿਆਂ ਤੇ ਝੂਠੇ ਲੀਡਰਾਂ ਦੀ ਅਗਵਾਈ ਦਾ ਬੋਲਬਾਲਾ ਹੈ ਜੋ ਕਦੇ ਵੀ ਸਾਡੇ ਸਮਾਜ ਦਾ ਭਲਾ ਨਹੀਂ ਕਰ ਸਕਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਅਜਿਹੇ ਪਖੰਡ ਵਿਚੋਂ ਬਾਹਰ ਕਢਦੀ ਹੈ ਤੇ ਸਮਾਜ ਵਿਚ ਹੋ ਰਹੀਆਂ ਇਨ੍ਹਾਂ ਕੁਰੀਤੀਆਂ ਦਾ ਮੁਕਾਬਲਾ ਕਰਨ ਦਾ ਬਲ ਬਖ਼ਸ਼ਦੀ ਹੈ।
Bhai Ranjit Singh
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਅਸੀਂ ਇਸ ਕਰ ਕੇ ਦੁਖੀ ਹਾਂ ਕਿ ਅਸੀਂ ਪਰਮਾਤਮਾ ਦੁਆਰਾ ਬਣਾਈ ਕੁਦਰਤ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਜਦ ਤਕ ਕੋਈ ਇਨਸਾਨ ਕਾਦਰ ਦੀ ਬਣਾਈ ਕੁਦਰਤ ਦੇ ਨਿਯਮਾਂ ਨੂੰ ਨਹੀਂ ਸਮਝਦਾ, ਉਨ੍ਹਾਂ ਸਮਾਂ ਉਸ ਕਰਤੇ ਨੂੰ ਸਮਝਣਾ ਵੀ ਔਖਾ ਹੈ। ਜਦ ਅਸੀਂ ਨਿਯਮਾਂ ਦੀ ਸਹੀ ਪਾਲਣਾ ਕਰਨ ਲੱਗ ਜਾਂਦੇ ਹਾਂ ਤਾਂ ਸਾਨੂੰ ਜ਼ਿੰਦਗੀ ਸੌਖੀ ਮਹਿਸੂਸ ਹੋਣ ਲੱਗ ਜਾਂਦੀ ਹੈ। ਵਿਅਕਤੀ ਅੰਦਰ ਇਕ ਟਿਕਾਉ ਆਉਣ ਲੱਗ ਜਾਂਦਾ ਹੈ। ਅਜਿਹਾ ਵਿਅਕਤੀ ਕਿਸੇ ਨਾਲ ਵੈਰ-ਵਿਰੋਧ ਨਹੀਂ ਰਖਦਾ, ਸਗੋਂ ਹਰ ਇਨਸਾਨ ਅੰਦਰ ਉਸ ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਨ ਲੱਗ ਜਾਂਦਾ ਹੈ। ਖ਼ਾਲਸਾ ਸਾਜਨਾ ਦਿਵਸ ਦੀ ਖ਼ੁਸ਼ੀ ਵਿਚ ਪਰਮੇਸ਼ਰ ਦੁਆਰ ਚੈਰੀਟੇਬਲ ਟਰੱਸਟ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ 92 ਯੂਨਿਟ ਖ਼ੂਨਦਾਨ ਕੀਤਾ ਗਿਆ। ਭਾਈ ਰਣਜੀਤ ਸਿੰਘ ਖ਼ਾਲਸਾ ਨੇ ਅਗਲੇ ਮਹੀਨੇ 5 ਮਈ 2018 ਨੂੰ ਰਾਤ ਦੇ ਦੀਵਾਨ ਵਿਚ ਹਾਜਰੀ ਭਰਨ ਦੀ ਸੰਗਤ ਨੂੰ ਬੇਨਤੀ ਕੀਤੀ।